ਰਾਣਾ ਅਯੂਬ ਨੂੰ ‘ਸਾਹਸੀ ਪੱਤਰਕਾਰੀ ਐਵਾਰਡ’

ਰਾਣਾ ਅਯੂਬ ਨੂੰ ‘ਸਾਹਸੀ ਪੱਤਰਕਾਰੀ ਐਵਾਰਡ’

ਕੈਪਸ਼ਨ-ਰਾਣਾ ਅਯੂਬ ਦਾ ਸਨਮਾਨ ਕਰ ਰਹੇ ਰੈਡੀਕਲ ਦੇਸੀ ਦੇ ਨੁਮਾਇੰਦੇ।  
ਸਰੀ/ਬਿਊਰੋ ਨਿਊਜ਼ :
ਭਾਰਤ ਵਿੱਚ ਮੁਸਲਮਾਨਾਂ ਦੇ ਯੋਜਨਾਬੱਧ ਕਤਲਾਂ ਵਿੱਚ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਦਲੇਰ ਲੇਖਿਕਾ ਤੇ ਪੱਤਰਕਾਰ ਰਾਣਾ ਅਯੂਬ ਦਾ ਇੱਥੇ ‘ਰੈਡੀਕਲ ਦੇਸੀ’ ਨੇ ਸਨਮਾਨ ਕੀਤਾ।
ਸਰੀ ਸੈਂਟਰਲ ਲਾਇਬ੍ਰੇਰੀ ਦੇ ਡਾ. ਅੰਬੇਦਕਰ ਰੂਮ ਵਿੱਚ ਹੋਏ ਸਮਾਰੋਹ ਵਿੱਚ ਰਾਣਾ ਅਯੂਬ ਨੂੰ ‘ਸਾਹਸੀ ਪੱਤਰਕਾਰੀ ਲਈ ਐਵਾਰਡ’ ਦਿੱਤਾ ਗਿਆ। ਐਵਾਰਡ ਦੇਣ ਵਾਲਿਆਂ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਤੇ ਵਕੀਲ ਅਮਨਦੀਪ ਸਿੰਘ ਸ਼ਾਮਲ ਸੀ, ਜਿਨ੍ਹਾਂ ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐਨ. ਸਾਈਬਾਬਾ ਦੇ ਹੱਕ ਵਿੱਚ ਪਟੀਸ਼ਨ ਤਿਆਰ ਕਰਨ ਬਦਲੇ ਹਾਲ ਹੀ ਵਿੱਚ ‘ਰੈਡੀਕਲ ਦੇਸੀ’ ਨੇ ਸਨਮਾਨਿਤ ਕੀਤਾ ਸੀ। ਐਵਾਰਡ ਦੇਣ ਵਾਲਿਆਂ ਵਿੱਚ ‘ਰੈਡੀਕਲ ਦੇਸੀ’ ਦੇ ਬਾਨੀ ਪੁਰਸ਼ੋਤਮ ਦੁਸਾਂਝ ਅਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਾਹਿਬ ਥਿੰਦ ਸ਼ਾਮਲ ਸਨ।
‘ਗੁਜਰਾਤ ਫਾਈਲਜ਼’ ਨਾਂ ਦੀ ਪੁਸਤਕ ਦੀ ਲੇਖਿਕਾ ਰਾਣਾ ਅਯੂਬ ਨੇ ‘ਤਹਿਲਕਾ’ ਰਸਾਲੇ ਲਈ ਸਟਿੰਗ ਕਰਦਿਆਂ ਭਾਰਤ ਵਿੱਚ ਮੁਸਲਮਾਨਾਂ ਦੇ ਕਤਲਾਂ ਵਿੱਚ ਪ੍ਰਸ਼ਾਸਕੀ ਤੇ ਪੁਲੀਸ ਅਧਿਕਾਰੀਆਂ ਦੀ ਭੂਮਿਕਾ ਨੂੰ ਜੱਗ ਜ਼ਾਹਰ ਕੀਤਾ ਸੀ। ਇਕੱਠ ਦੌਰਾਨ ਰਾਣਾ ਅਯੂਬ ਨੇ ਦੱਸਿਆ ਕਿ ਸਟਿੰਗ ਅਪਰੇਸ਼ਨ ਦੌਰਾਨ ਉਸ ਨੇ ਕਿਵੇਂ ਇਕ ਹਿੰਦੂ ਔਰਤ ਦਾ ਭੇਸ ਧਾਰ ਕੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਦੋਸਤੀ ਗੰਢੀ। ਉਨ੍ਹਾਂ ਬਾਅਦ ਵਿੱਚ ਮੁਸਲਮਾਨਾਂ ਖ਼ਿਲਾਫ਼ ਹਿੰਸਾ ਅਤੇ ਇਨ੍ਹਾਂ ਜੁਰਮਾਂ ਵਿੱਚ ਭਾਜਪਾ ਸਰਕਾਰ ਅਤੇ ਮੋਦੀ ਦੀ ਸ਼ਮੂਲੀਅਤ ਬਾਰੇ ਦੱਸਿਆ। ਸਮਾਗਮ ਬਾਰੇ ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਰੂਮ ਵਿੱਚ ਇਹ ਪ੍ਰੋਗਰਾਮ ਕਰਵਾਉਣਾ ਭਾਰਤੀ ਸੰਵਿਧਾਨ ਨਿਰਮਾਤਾ ਨੂੰ ਢੁਕਵੀਂ ਸ਼ਰਧਾਂਜਲੀ ਹੈ।