ਵਾਈਟ ਨੈਸ਼ਨਲਿਸਟ ਰੈਲੀ ਨੇ ਵਰਜੀਨੀਆ ਨੂੰ ਹਿਲਾਇਆ

ਵਾਈਟ ਨੈਸ਼ਨਲਿਸਟ ਰੈਲੀ ਨੇ ਵਰਜੀਨੀਆ ਨੂੰ ਹਿਲਾਇਆ

ਨਾਜ਼ੀਵਾਦੀ ਵਲੋਂ ਰੈਲੀ ‘ਤੇ ਕਾਰ ਚੜ੍ਹਾਉਣ ਕਾਰਨ ਮਹਿਲਾ ਦੀ ਮੌਤ, ਹੈਲੀਕਾਪਟਰ ਡਿਗਣ ਨਾਲ 2 ਪੁਲੀਸ ਅਧਿਕਾਰੀ ਮਾਰੇ ਗਏ, 20 ਦੇ ਕਰੀਬ ਲੋਕ ਜ਼ਖ਼ਮੀ 
ਵਰਜੀਨੀਆ ਰਹਿ ਰਹੇ ਭਾਰਤੀ ਵੀ ਦਹਿਸ਼ਤ ‘ਚ
ਰਿਪਬਲਿਕਨਾਂ ਤੇ ਡੈਮੋਕਰੈਟਾਂ ਵਲੋਂ ਘਟਨਾ ਦੀ ਨਿਖੇਧੀ
ਟਰੂਡੋ ਬੋਲੇ-ਕੈਨੇਡਾ ਵੀ ਨਸਲਵਾਦ ਤੋਂ ਮੁਕਤ ਨਹੀਂ
ਵਰਜੀਨੀਆ/ਬਿਊਰੋ ਨਿਊਜ਼ :
ਅਮਰੀਕਾ ਦੇ ਸ਼ਹਿਰ ਵਰਜੀਨੀਆ ਵਿੱਚ ਗੋਰਿਆਂ ਨੂੰ ਸਰਵੋਤਮ ਮੰਨਣ ਵਾਲੇ ਲੋਕਾਂ ਅਤੇ ਉਨ੍ਹਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਵਿੱਚ ਤਿੰਨ ਜਣੇ ਹਲਾਕ ਜਦਕਿ 20 ਲੋਕ ਜ਼ਖ਼ਮੀ ਹੋ ਗਏ। ਅਮਨ ਅਮਾਨ ਨਾਲ ਰੈਲੀ ਕਰ ਰਹੇ ਲੋਕਾਂ ਦੀ ਭੀੜ ‘ਤੇ ਇਕ ਕਾਰ ਚੜ੍ਹਨ ਕਰਕੇ 32 ਸਾਲਾ ਮਹਿਲਾ ਦੀ ਮੌਤ ਹੋ ਗਈ ਜਦਕਿ ਵਰਜੀਨੀਆ ਦੇ ਸ਼ਾਰਲੈੱਟਸਵਿਲੇ ਵਿੱਚ ਪੁਲੀਸ ਦਾ ਇਕ ਹੈਲੀਕਾਪਟਰ ਪ੍ਰਦਰਸ਼ਨ ਵਾਲੀ ਥਾਂ ‘ਤੇ ਡਿੱਗਣ ਕਾਰਨ ਦੋ ਪੁਲੀਸ ਅਧਿਕਾਰੀ ਮਾਰੇ ਗਏ ਅਤੇ 20 ਜਣੇ ਹੋਰ ਜ਼ਖ਼ਮੀ ਹੋ ਗਏ। ਭੀੜ ‘ਤੇ ਕਾਰ ਚੜ੍ਹਾਉਣ ਵਾਲਾ ਦੋਸ਼ੀ ਜੇਮਸ ਐਲੇਕਸ ਫੀਲਡਸ ਹਿਟਲਰ ਅਤੇ ਨਾਜ਼ੀਵਾਦ ਤੋਂ ਪ੍ਰਭਾਵਤ ਹੈ। ਦੋਸ਼ੀ ਦੇ ਸਾਬਕਾ ਅਧਿਆਪਕ ਡੇਰੇਕ ਵੀਮਰ ਨੇ ਦੱਸਿਆ ਕਿ ਦੋਸ਼ੀ ਜਦੋਂ 9ਵੀਂ ਜਮਾਤ ਵਿਚ ਸੀ ਉਦੋਂ ਉਸ ਦੀ ਕੱਟੜ ਤੇ ਜਾਤੀਵਾਦੀ ਵਿਚਾਰਧਾਰਾ ਬਾਰੇ ਜਾਣਕਾਰੀ ਮਿਲੀ ਸੀ। ਵੀਮਰ ਮੁਤਾਬਕ ਦੋਸ਼ੀ ਜੇਮਸ (ਦਿਮਾਗ਼ੀ ਬਿਮਾਰੀ) ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਵੀ ਕਰਵਾਇਆ ਗਿਆ ਸੀ। ਜੇਮਸ ਲਈ ਹਿਟਲਰ ਭਗਵਾਨ ਦੇ ਸਮਾਨ ਸੀ।
ਪੁਲੀਸ ਨੇ ਜੇਮਸ ਐਲੇਕਸ ਫੀਲਡਸ ਨਾਂ ਦੇ ਨੌਜਵਾਨ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਦੂਜਾ ਦਰਜਾ ਕਤਲ ਤਹਿਤ ਦੋਸ਼ ਆਇਦ ਕੀਤੇ ਹਨ। ਪੁਲੀਸ ਵੱਲੋਂ ਹੈਲੀਕਾਪਟਰ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਝੜਪਾਂ ਨੂੰ ਭਿਆਨਕ ਘਟਨਾ ਦੱਸਦਿਆਂ ਨਿਖੇਧੀ ਕੀਤੀ ਹੈ।
ਜਾਣਕਾਰੀ ਅਨੁਸਾਰ ਆਪਣੇ ਆਪ ਨੂੰ ਸਰਵੋਤਮ ਮੰਨਣ ਵਾਲੇ ਗੋਰਿਆਂ ਦੇ ਇਕ ਸਮੂਹ ਨੇ ਵਰਜੀਨੀਆ ਤੋਂ 250 ਕਿਲੋਮੀਟਰ ਦੂਰ ਸ਼ਾਰਲੈੱਟਸਵਿਲੇ ਸ਼ਹਿਰ ਦੇ ਪਾਰਕ ਵਿਚੋਂ ਕੌਨਫੈਡਰੇਟ ਜਨਰਲ ਰੋਬਰਟ ਈ.ਲੀ ਦੇ ਬੁੱਤ ਨੂੰ ਹਟਾਉਣ ਤੋਂ ਰੋਕਣ ਲਈ ‘ਯੁਨਾਈਟ ਦਾ ਰਾਈਟ’ ਨਾਂ ਹੇਠ ਰੈਲੀ ਵਿਓਂਤੀ ਸੀ, ਪਰ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿੰਸਾਂ ਭੜਕ ਗਈ। ‘ਦਿ ਵਾਸ਼ਿੰਗਟਨ ਪੋਸਟ’ ਦੀ ਖ਼ਬਰ ਅਨੁਸਾਰ ਹਿੰਸਾ ਉਦੋਂ ਭੜਕੀ ਜਦੋਂ ਇਕ ਕਾਰ ਭੀੜ ਵਿਚ ਵੜ ਗਈ। ਇਸ ਕਾਰਨ ਕਈ ਲੋਕਾਂ ਨੂੰ ਸੱਟਾਂ ਲੱਗੀਆਂ। ਇਸ ਦੌਰਾਨ ਪ੍ਰਦਰਸ਼ਨ ਵਾਲੀ ਥਾਂ ਨੇੜੇ ਹੈਲੀਕਾਪਟਰ ਡਿੱਗਣ ਨਾਲ ਦੋ ਪੁਲੀਸ ਅਧਿਕਾਰੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਵਿਰੋਧੀ ਖੇਮੇ ‘ਤੇ ਬੋਤਲਾਂ ਵੀ ਸੁੱਟੀਆਂ। ਝੜਪ ਤੋਂ ਫ਼ੌਰੀ ਮਗਰੋਂ ਅਧਿਕਾਰੀਆਂ ਨੇ ਐਮਰਜੰਸੀ ਦਾ ਐਲਾਨ ਕਰਦਿਆਂ ਪੁਲੀਸ ਤੇ ਸਲਾਮੀ ਦਸਤੇ ਤਾਇਨਾਤ ਕਰ ਦਿੱਤੇ।
ਨਿਊ ਜਰਸੀ ਵਿੱਚ ਗਰਮੀਆਂ ਦੀਆਂ ਛੁੱਟੀਆਂ ਕੱਟ ਰਹੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ, ‘ਅਸੀਂ ਨਫ਼ਰਤ, ਤੁਅੱਸਬ ਤੇ ਹਿੰਸਾ ਦੀ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦੇ ਹਾਂ।’ ਟਰੰਪ ਨੇ ਕਿਹਾ, ‘ਸਾਡੇ ਮੁਲਕ ਵਿੱਚ ਇਹ ਲੰਮੇ ਸਮੇਂ ਤੋਂ ਚੱਲ ਰਿਹੈ, ਇਹ ਡੋਨਲਡ ਟਰੰਪ ਜਾਂ ਬਰਾਕ ਓਬਾਮਾ ਦੇ ਸਮੇਂ ਤੋਂ ਨਹੀਂ ਬਲਕਿ ਲੰਮੇ ਸਮੇਂ ਤੋਂ ਜਾਰੀ ਹੈ। ਅਮਰੀਕਾ ਵਿੱਚ ਇਸ ਲਈ ਕੋਈ ਥਾਂ ਨਹੀਂ। ਅਮਨ ਤੇ ਕਾਨੂੰਨ ਦੀ ਬਹਾਲੀ ਤੇ ਬੇਕਸੂਰਾਂ ਦੀ ਜ਼ਿੰਦਗੀ ਬਚਾਉਣਾ ਅਹਿਮ ਹੈ।’ ਇਸ ਦੌਰਾਨ ਭਾਰਤੀ ਮੂਲ ਦੀ ਅਮਰੀਕੀ ਵਨੀਤਾ ਗੁਪਤਾ, ਜੋ ਕਿ ਸ਼ਹਿਰੀ ਤੇ ਮਨੁੱਖੀ ਹੱਕਾਂ ਬਾਰੇ ਲੀਡਰਸ਼ਿਪ ਕਾਨਫਰੰਸ ਦੀ ਮੁਖੀ ਤੇ ਸੀਈਓ ਵੀ ਹੈ, ਨੇ ਇਸ ਘਟਨਾ ਦੀ ਐਫਬੀਆਈ ਕੋਲੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਉਧਰ ਡੈਮੋਕਰੈਟਿਕ ਨੈਸ਼ਨਲ ਕਮੇਟੀ ਦੇ ਚੇਅਰਮੈਨ ਟੌਮ ਪੈਰੇਜ਼ ਨੇ ਕਿਹਾ ਕਿ ਤੁਅੱਸਬੀਆਂ ਲਈ ਅਮਰੀਕਾ ਵਿਚ ਕੋਈ ਥਾਂ ਨਹੀਂ। ਵਿਲੇ ਵਿੱਚ ਨਸਲਪ੍ਰਸਤੀ ਦਾ ਕੀਤਾ ਗਿਆ ਮੁਜ਼ਾਹਰਾ ਜਮਹੂਰੀਅਤ ‘ਤੇ ਹਮਲਾ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ। ਸ਼ਾਰਟਲੈੱਟਸਵਿਲੇ ਦੇ ਮੇਅਰ ਮਾਈਕ ਸਿੰਗਰ ਨੇ ਘਟਨਾ ‘ਤੇ ਸ਼ੋਕ ਜਤਾਇਆ ਹੈ।
ਰਿਪਬਲਿਕਨਾਂ ਤੇ ਡੈਮੋਕਰੈਟਾਂ ਵਲੋਂ ਘਟਨਾ ਦੀ ਨਿਖੇਧੀ :
ਅਮਰੀਕਾ ਦੇ ਸੂਬੇ ਵਰਜੀਨੀਆ ਵਿਖੇ ਗੋਰਿਆਂ ਨੂੰ ਸਰਵੋਤਮ ਮੰਨਣ ਵਾਲਿਆਂ ਵੱਲੋਂ ਕੀਤੇ ਖ਼ੂਨ-ਖ਼ਰਾਬੇ ਦਾ ਖੁੱਲ੍ਹ ਕੇ ਵਿਰੋਧ ਨਾ ਕਰਨ ਲਈ ਅਮਰੀਕੀ ਸਦਰ ਡੋਨਲਡ ਟਰੰਪ ਦੀ ਦੋਵਾਂ ਰਿਪਬਲਿਕਨਾਂ ਤੇ ਡੈਮੋਕ੍ਰੈਟਾਂ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਜਾ ਰਹੀ ਹੈ। ਟਰੰਪ ਨੇ ਬੀਤੇ ਦਿਨ ਇਸ ਹਿੰਸਾ ਨੂੰ ‘ਵੱਖ-ਵੱਖ ਧਿਰਾਂ ਵੱਲੋਂ ਕੀਤੀ’ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕੀਤੀ ਸੀ ਪਰ ਉਨ੍ਹਾਂ ਧੁਰ-ਸੱਜੇਪੱਖੀ ਗਰੁੱਪਾਂ ਬਾਰੇ ਚੁੱਪ ਵੱਟੀ ਰੱਖੀ ਸੀ। ਉਂਜ ਵ੍ਹਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਇਸ ਨਿਖੇਧੀ ਵਿੱਚ ਸੱਜੇਪੱਖੀ ਗੋਰਿਆਂ ਦੀ ਨਿਖੇਧੀ ਵੀ ਸ਼ਾਮਲ ਹੈ। ਘਟਨਾ ਵਿੱਚ ਇਕ ਗੋਰੇ ਇੰਤਹਾਪਸੰਦ ਵੱਲੋਂ ਵਿਰੋਧੀ ਰੈਲੀ ਉਤੇ ਗੱਡੀ ਚੜ੍ਹਾ ਦੇਣ ਕਾਰਨ ਇਕ ਔਰਤ ਦੀ ਮੌਤ ਤੇ 19 ਜਣੇ ਜ਼ਖ਼ਮੀ ਹੋ ਗਏ ਸਨ। ਰੈਲੀ ਉਤੇ ਨਜ਼ਰ ਰੱਖ ਰਹੇ ਪੁਲੀਸ ਮੁਲਾਜ਼ਮਾਂ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਜਾਣ ਕਾਰਨ ਦੋ ਪੁਲੀਸ ਮੁਲਾਜ਼ਮ ਵੀ ਮਾਰੇ ਗਏ।
ਸ੍ਰੀ ਟਰੰਪ ਨੂੰ ਭੰਡਦਿਆਂ ਵਰਜੀਨੀਆ ਦੇ ਡੈਮੋਕ੍ਰੈਟ ਗਵਰਨਰ ਟੈਰੀ ਮੈਕਾਲਿਫ਼ ਨੇ ਕਿਹਾ, ”ਮੈਂ ਰਾਸ਼ਟਰਪਤੀ ਨੂੰ ਆਖਦਾ ਹਾਂ ਕਿ ਉਹ ਸਾਹਮਣੇ ਆਉਣ।’ ਇਨ੍ਹਾਂ ਗੋਰਿਆਂ ਦੀ ਸਰਬੋਤਮਤਾਵਾਦੀਆਂ, ਇਨ੍ਹਾਂ ਨੌ-ਨਾਜ਼ੀਵਾਦੀਆਂ, ਇਨ੍ਹਾਂ ਕੂ ਕਲੱਕਸ ਕਲੈਨ ਦੇ ਮੈਂਬਰਾਂ ਨੂੰ ਦੱਸ ਦਿਉ, ਕਿ ਇਹ ਇਥੋਂ ਦਫ਼ਾ ਹੋ ਜਾਣ।”
ਭਾਰਤੀ ਵੀ ਦਹਿਸ਼ਤ ਵਿਚ :
ਸੱਜੇਪੱਖੀ ਗੋਰਿਆਂ ਦੀ ਹਿੰਸਕ ਰੈਲੀ ਕਾਰਨ ਵਰਜੀਨੀਆ ਵਾਸੀਆਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਇਸ ਅਮਰੀਕੀ ਸੂਬੇ ਵਿੱਚ ਵੱਡੀ ਗਿਣਤੀ ਭਾਰਤੀ-ਅਮਰੀਕੀਆਂ ਦੀ ਵੀ ਹੈ, ਉਂਜ ਭਾਰਤੀ ਭਾਈਚਾਰੇ ਵਿਚੋਂ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਵਰਜੀਨੀਆ ਯੂਨੀਵਰਸਿਟੀ ਦੇ ਬਿਜ਼ਨਸ ਐਡਮਿਨਿਸਟਰੇਸ਼ਨ ਦੇ ਪ੍ਰੋਫੈਸਰ ਤੇ 20  ਸਾਲਾਂ ਤੋਂ ਇਥੇ ਰਹਿ ਰਹੇ ਸ਼ੰਕਰਨ ਵੈਂਕਟਰਮਨ ਦਾ ਕਹਿਣਾ ਸੀ, ”ਸਾਡੇ ਲਈ ਇਹ ਮੰਨਣਾ ਹਾਲੇ ਵੀ ਮੁਸ਼ਕਲ ਹੈ ਕਿ ਇਥੇ ਐਡੀ ਵੱਡੀ ਘਟਨਾ ਵਾਪਰੀ ਹੈ। ਇਹ ਸ਼ਹਿਰ ਅਜਿਹਾ ਨਹੀਂ ਹੈ।” ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਇਕ ਸਹੇਲੀ ਵਿਰੋਧੀ ਮੁਜ਼ਾਹਰੇ ਵਿੱਚ ਗਈ ਸੀ, ਜੋ ਟੁੱਟੀ ਲੱਤ ਨਾਲ ਪਰਤੀ ਹੈ। ਘਟਨਾ ਤੋਂ ਬਾਅਦ ਰੈਲੀ ਤੋਂ ਪਰਤੇ ਲੋਕ ਸ਼ਾਂਤ ਹਨ ਪਰ ਤਣਾਅ ਬਣਿਆ ਹੋਇਆ ਹੈ। ਅਜਿਹੇ ਲੋਕਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਹਨ ਜੋ ਇੱਥੇ ਨੌਕਰੀ ਜਾਂ ਕਾਰੋਬਾਰ ਦੇ ਸਿਲਸਿਲੇ ਵਿਚ ਰਹਿ ਰਹੇ ਹਨ। ਇਹੀ ਨਹੀਂ ਪੂਰੇ ਵਰਜੀਨੀਆ ਸੂਬੇ ਵਿਚ ਭਾਰਤੀਆਂ ਦੀ ਗਿਣਤੀ ਕਾਫ਼ੀ ਹੈ ਅਤੇ ਸਿਆਸਤ ਵਿਚ ਉਨ੍ਹਾਂ ਦਾ ਖ਼ਾਸ ਦਖ਼ਲ ਹੈ।
ਟਰੂਡੋ ਬੋਲੇ-ਕੈਨੇਡਾ ਵੀ ਨਸਲਵਾਦ ਤੋਂ ਮੁਕਤ ਨਹੀਂ :
ਓਟਵਾ : ਵਰਜੀਨੀਆ ਸੂਬੇ ਵਿਚ ਵਾਪਰੀ ਘਟਨਾ ਦੀ ਕੈਨੇਡੀਅਨ ਸਿਆਸਤਦਾਨਾਂ ਵਲੋਂ ਵੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ।
ਇਸ ਘਟਨਾ ਦੀ ਨਿਖੇਧੀ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ‘ਕੈਨੇਡਾ ਵੀ ਨਸਲਵਾਦ ਤੋਂ ਮੁਕਤ ਨਹੀਂ ਹੈ।’ ਟਰੂਡੋ ਨੇ ਕੈਨੇਡਾ ਵਲੋਂ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਟਰੂਡੋ ਨੇ ਆਪਣੇ ਟਵੀਟ ਵਿਚ ਕਿਹਾ, ”ਅਸੀਂ ਜਾਣਦੇ ਹਾਂ ਕਿ ਕੈਨੇਡਾ ਵੀ ਨਸਲਵਾਦ ਤੇ ਨਫਰਤੀ ਹਿੰਸਾ ਤੋਂ ਬਚਿਆ ਨਹੀਂ ਹੈ। ਅਸੀਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ ਤੇ ਚਾਰਲੋਟਸ਼ਵਿਲ ਦੇ ਪੀੜਤਾਂ ਨਾਲ ਹਮਦਰਦੀ ਰੱਖਦੇ ਹੋਏ ਹਰ ਮਦਦ ਲਈ ਤਿਆਰ ਹਾਂ।” ਓਂਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਨਫਰਤ ਦੀ ਕੋਈ ਸਰਹੱਦ ਨਹੀਂ ਹੁੰਦੀ ਤੇ ਸਾਨੂੰ ਇਸ ਦੇ ਫੈਲਾਅ ਤੋਂ ਚੌਕਸ ਰਹਿਣਾ ਚਾਹੀਦਾ ਹੈ।