ਡੇਰਾ ਮੁਖੀ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ‘ਚ ਚੌਕਸੀ ਵਧਾਈ

ਡੇਰਾ ਮੁਖੀ ਬਾਰੇ ਫ਼ੈਸਲੇ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ‘ਚ ਚੌਕਸੀ ਵਧਾਈ

ਪੰਜਾਬ ‘ਚ ਨੀਮ ਫ਼ੌਜੀ ਬਲਾਂ ਦੀਆਂ 75 ਕੰਪਨੀਆਂ ਤਾਇਨਾਤ; 
ਹਰਿਆਣਾ ‘ਚ ਧਾਰਾ 144 ਲਾਗੂ
3 ਦਿਨ ਪਹਿਲਾਂ ਪੰਚਕੂਲਾ ਵਿਚ 15-20 ਹਜ਼ਾਰ ਡੇਰਾ ਪ੍ਰੇਮੀ ਪਹੁੰਚ
ਚੰਡੀਗੜ੍ਹ/ਬਿਊਰੋ ਨਿਊਜ਼ :
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸਾਧਵੀ ਬਲਾਤਕਾਰ ਕੇਸ ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ 25 ਅਗਸਤ ਨੂੰ ਸੁਣਾਏ ਜਾਣ ਵਾਲੇ ਫੈਸਲੇ ਦੇ ਮੱਦੇਨਜ਼ਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਚੌਕਸੀ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਸਖ਼ਤ ਸੁਰੱਖਿਆ ਪਹਿਰਿਆਂ ਕਾਰਨ ਕਰਫਿਊ ਵਾਲੇ ਹਾਲਾਤ ਬਣ ਗਏ ਹਨ। ਦੋਵੇਂ ਸੂਬਿਆਂ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਨੀਮ ਫੌਜੀ ਬਲਾਂ ਤੇ ਪੁਲੀਸ ਵੱਲੋਂ ਫਲੈਗ ਮਾਰਚ ਕੀਤਾ ਗਿਆ। ਹਰਿਆਣਾ ਵਿਚ ਧਾਰਾ 144 ਲਗਾ ਦਿੱਤੀ ਹੈ। ਪੰਜਾਬ ਵਿਚ ਨੀਮ ਫੌਜੀ ਬਲਾਂ ਦੀਆਂ 75 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਕੁਝ ਹੋਰ ਕੰਪਨੀਆਂ ਦੇ ਜਲਦੀ ਪਹੁੰਚਣ ਦੀ ਸੰਭਾਵਨਾ ਹੈ। ਪੇਸ਼ੀ ਤੋਂ ਤਿੰਨ ਦਿਨ ਪਹਿਲਾਂ ਪੰਚਕੂਲਾ ਵਿਚ 15-20 ਹਜ਼ਾਰ ਡੇਰਾ ਪ੍ਰੇਮੀ ਪਹੁੰਚ ਗਏ ਹਨ, ਜਿਸ ਨਾਲ ਹਰਿਆਣਾ ਪੁਲੀਸ ਦੀ ਸਿਰਦਰਦੀ ਵੱਧ ਗਈ ਹੈ ਅਤੇ ਧਾਰਾ 144 ਦਾ ਅਸਰ ਵੀ ਮੱਧਮ ਪੈਂਦਾ ਲੱਗ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਅਮਨ ਕਾਨੂੰਨ ਦੀ ਸਥਿਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਾਨੂੰਨ ਤੋੜਨ ਉਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਸ਼ਾਂਤੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਅਦਾਲਤ ਦਾ ਫ਼ੈਸਲਾ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ਦੇ ਹਵਾਈ ਸਰਵੇਖਣ ਲਈ ਡੀਜੀਪੀ ਨੂੰ ਸਰਕਾਰ ਵੱਲੋਂ ਹੈਲੀਕਾਪਟਰ ਦਿੱਤਾ ਗਿਆ ਹੈ। ਪੰਜਾਬ ਪੁਲੀਸ ਮੁਖੀ ਸੁਰੇਸ਼ ਅਰੋੜਾ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਰਿਆਣਾ ਨਾਲ ਲੱਗਦੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਸਾਰੇ ਜ਼ਿਲ੍ਹਿਆਂ ਦੀ ਪੁਲੀਸ ਨੂੰ ਚੌਕਸ ਕੀਤਾ। ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਹੋਰ ਸੀਨੀਅਰ ਅਧਿਕਾਰੀਆਂ ਸਮੇਤ ਹੈਲੀਕਾਪਟਰ ਰਾਹੀਂ ਸੂਬੇ ਦੇ ਸਭ ਤੋਂ ਨਾਜ਼ੁਕ ਜ਼ੋਨ ਬਠਿੰਡਾ ਪਹੁੰਚੇ। ਉਨ੍ਹਾਂ ਨੇ ਬਠਿੰਡਾ ਤੇ ਮਾਨਸਾ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਕਿਤੇ ਪੱਤਾ ਨਹੀਂ ਹਿੱਲਣਾ ਚਾਹੀਦਾ ਅਤੇ ਅਧਿਕਾਰੀਆਂ ਨੂੰ ਸਥਿਤੀ ਨਾਲ ਨਜਿੱਠਣ ਲਈ ਖੁੱਲ੍ਹੀ ਛੁੱਟੀ ਦਿੱਤੀ। ਇਸ ਬਾਅਦ ਉਨ੍ਹਾਂ ਨੇ ਮੋਗਾ ਵਿਚ ਫ਼ਰੀਦਕੋਟ, ਮੋਗਾ, ਜਗਰਾਉਂ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।