ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਹੋਵੇਗਾ ਫਰਿਜ਼ਨੋ ਪਾਰਕ ਦਾ ਨਾਂ

ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਹੋਵੇਗਾ ਫਰਿਜ਼ਨੋ ਪਾਰਕ ਦਾ ਨਾਂ

ਸਭਨਾਂ ਨੂੰ ਵੀਰਵਾਰ 31 ਅਗਸਤ ਨੂੰ ਫਰਿਜ਼ਨੋ ਸਿਟੀ ਹਾਲ ਪਹੁੰਚਣ ਦੀ ਅਪੀਲ
ਫਰਿਜ਼ਨੋਂ/ਬਿਊਰੋ ਨਿਊਰੋ:
ਫਰਿਜ਼ਨੋਂ ਦੀ ਸਟੇਟ ਯੂਨੀਵਰਸਿਟੀ ‘ਚ ਉੱਚ ਪੜ੍ਹਾਈ ਕਰਨ ਲਈ ਪੰਜਾਬ ਤੋਂ ਅਮਰੀਕਾ ਆਈ ਨਵਕਿਰਨ ਕੌਰ ਖਾਲੜਾ ਨੇ ਜਦੋਂ ਸਾਲ 2009 ਦੇ ਅੰਤ ਵਿਚ ਆਪਣਾ ਸਮੈਸਟਰ ਸ਼ੁਰੂ ਕੀਤਾ ਸੀ ਤਾਂ ਉਹ ਫਰਿਜ਼ਨੋ ਵਿਖੇ ਆਪਣੀ ਮਾਸਟਰ ਡਿਗਰੀ ਨੂੰ ਲੈ ਕੇ ਬੇਹੱਦ ਉਤਾਵਲੀ ਸੀ। ਉਸ ਵੇਲੇ ਜਦੋਂ ਵਿਦਿਆਰਥੀ ਆਪਣੀਆਂ ਨਵੀਆਂ ਕਲਾਸਾਂ ਲੱਭਣ ਵਿਚ ਰੁਝੇ ਹੋਏ ਸਨ ਤਾਂ ਉਸ ਦੇ ਕੁਝ ਸਹਿਪਾਠੀ ਨਵਕਿਰਨ ਦੇ ਸਫ਼ਰ, ਉਸ ਦੇ ਪਰਿਵਾਰ ਤੇ ਉਸ ਦੇ ਪਿਤਾ ਬਾਰੇ ਜਾਣਦੇ ਸਨ, ਜੋ ਉਸ ਨੂੰ ਸੈਂਟਰਲ ਵੈਲੀ ਤੱਕ ਲੈ ਆਏ। ਨਵਕਿਰਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧੀ ਹੈ। ਸਿੱਖ ਨੌਜਵਾਨ ਜਥੇਬੰਦੀ ‘ਜਕਾਰਾ ਮੂਵਮੈਂਟ’ ਦੇ ਯਤਨਾਂ ਸਦਕਾ ਵੀਰਵਾਰ 31 ਅਗਸਤ, 2017 ਨੂੰ ਸ਼ਾਮ 4.30 ਵਜੇ ਫਰਿਜ਼ਨੋ ਸਿਟੀ ਹਾਲ ਵਿਖੇ ਉਸ ਦੇ ਪਿਤਾ ਵਲੋਂ ਪਾਏ ਯੋਗਦਾਨ ਬਾਰੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਇਆ ਜਾਵੇਗਾ। ਇਨ੍ਹਾਂ ਯਤਨਾਂ ਸਦਕਾ ਹੀ ਨਵਕਿਰਨ ਦੇ ਪਿਤਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸਨਮਾਨ ਵਜੋਂ ਸਿਟੀ ਪਾਰਕ ਦਾ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਿਆ ਜਾਵੇਗਾ।
ਸੰਨ 1952 ਵਿਚ ਜਨਮੇ ਅਤੇ ਬਰਤਾਨਵੀ ਬਸਤੀਵਾਦ ਤੇ ਕੈਨੇਡਾ ਦੇ ਖ਼ੁਦ ਨੂੰ ਸਰਵੋਤਮ ਮੰਨਦੇ ਗੋਰਿਆਂ ਖ਼ਿਲਾਫ਼ ਜੰਗ ਲੜਨ ਵਾਲੇ ਉੱਘੇ ਸੁਤੰਤਰਤਾ ਸੈਨਾਨੀ ਹਰਨਾਮ ਸਿੰਘ ਦੇ ਪੋਤੇ ਜਸਵੰਤ ਸਿੰਘ ਹਮੇਸ਼ਾਂ ਨਿਆਂ ਦੀ ਲੜਾਈ ਲੜਣ ਵਾਲੇ ਕਾਫ਼ਲੇ ‘ਚ ਸਰਗਰਮ ਰਹੇ। ਆਪਣੇ ਕਾਲਜ ਦੇ ਦਿਨਾਂ ਦੌਰਾਨ ਉਹ ਵਿਦਿਆਰਥੀ ਜਥੇਬੰਦੀ ਦੇ ਕਾਰਕੁਨ ਸਨ ਅਤੇ ਉਹ ਹਮੇਸ਼ਾ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੇ ਹੱਕ-ਸੱਚ ਦੀ ਲੜਾਈ ਲੜਦੇ ਰਹੇ। ਜਦੋਂ ਉਹ 30 ਵਰ੍ਹਿਆਂ ਦੇ ਸਨ ਤਾਂ ਉਹ ਪੰਜਾਬ ਵਿਚ ਬੈਂਕ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ ਤੇ ਉਨ੍ਹਾਂ ਦਾ ਵਿਆਹ ਪਰਮਜੀਤ ਕੌਰ ਨਾਲ ਹੋਇਆ, ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੱਚੇ ਸਨ-ਇਕ ਲੜਕਾ ਜਨਮੀਤ ਤੇ ਧੀ ਨਵਕਿਰਨ। ਪਤਨੀਪਰਮਜੀਤ ਕੌਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਲਾਇਬਰੇਰੀ ਵਿੱਚ ਲੱਗੇ ਹੋਣ ਕਾਰਨ ਖਾਲੜਾ ਪਰਿਵਾਰ ਦੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਸੀ ਪਰ ਆਪਣੇ ਆਲੇ ਦੁਆਲੇ ਵਾਪਰਦੀਆਂ ਅਨਿਆਂ ਦੀ ਘਟਨਾਵਾਂ ਉਨ੍ਹਾਂ ਨੂੰ ਬੇਚੈਨ ਕਰਦੀਆਂ ਸਨ।
1980 ਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿਚ ਸਰਕਾਰ ਵਲੋਂ ‘ਗੰਦੀ ਖੂਨੀ ਖੇਡ’ ਖੇਡੀ ਜਾ ਰਹੀ ਸੀ। ਭਾਰਤੀ ਸਰਕਾਰ ਨੇ ਸਿੱਖਾਂ ਖ਼ਿਲਾਫ਼ ਆਪਣੀ ਪੂਰੀ ਫ਼ੌਜੀ ਤਾਕਤ-ਭਾਰਤੀ ਫ਼ੌਜ, ਬੀ.ਐਸ.ਐਫ., ਸੀ.ਆਰ.ਪੀ.ਐਫ., ਅਤੇ ਪੰਜਾਬ ਪੁਲੀਸ ਨੂੰ ਤਾਣ ਦਿੱਤਾ। ਇਸ ਜੰਗ ਦੌਰਾਨ ਹਜ਼ਾਰਾਂ ਨੌਜਵਾਨ ‘ਲਾਪਤਾ’ ਹੋ ਗਏ, ਜੋ ਨਿਆਂਇਕ ਹਿਰਾਸਤਾਂ ਤੋਂ ਵੀ ਭਿਆਨਕ ਸੀ। ਪੁਲੀਸ ਵਲੋਂ ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਚੁੱਕ ਲਿਆ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜਾਂ ਤਾਂ ਉਹ ਉਨ੍ਹਾਂ ਦੀਆਂ ਜੇਬਾਂ ਭਰਨ ਜਾਂ ਉਨ੍ਹਾਂ ਦੇ ਮੁੰਡਿਆਂ ਦਾ ਕਤਲ ਕਰ ਦਿੱਤਾ ਜਾਵੇਗਾ। ਇਸ ਹਿੰਸਾ ਤੋਂ ਬਚ ਕੇ ਕਈ ਨੌਜਵਾਨ ਅਮਰੀਕਾ, ਕੈਨੇਡਾ, ਯੂਰਪ, ਆਸਟਰੇਲੀਆ ਤੇ ਲੰਡਨ ਪੁੱਜੇ।
ਜਸਵੰਤ ਸਿੰਘ ਆਪਣੇ ਸਾਥੀ ਤੇ ਉਸ ਦੇ ਪਰਿਵਾਰ ਦੇ ਆਪਣੀਆਂ ਅੱਖਾਂ ਸਾਹਮਣੇ ‘ਲਾਪਤਾ’ ਹੋਣ ਦਾ ਗਵਾਹ ਸੀ। ਇਸ ਹਨੇਰਗਰਦੀ ਵੇਲੇ ਉਹ ਚੁੱਪ ਕਿਵੇਂ ਬੈਠ ਸਕਦੇ ਸਨ, ਸੋ ਉਨ੍ਹਾਂ ਨੇ ਪੀੜਤ ਲੋਕਾਂ ਲਈ ਸੰਘਰਸ਼ ਸ਼ੁਰੂ ਕੀਤਾ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਉਨ੍ਹਾਂ ਨੇ ਹੌਲੀ ਹੌਲੀ ‘ਲਾਪਤਾ’ ਨੌਜਵਾਨਾਂ ਦੇ ਪਰਿਵਾਰਾਂ ਨਾਲ ਰਾਬਤਾ ਬਣਾਇਆ ਅਤੇ ਭਾਰਤ ਸਰਕਾਰ ਵਲੋਂ ਹਿਰਾਸਤ ਤੋਂ ਬਾਹਰ ਜਾ ਕੇ ਕੀਤੇ ਜਾ ਰਹੇ ਕਤਲਾਂ ਦਾ ਖੂਰਾ-ਖੋਜ ਲੱਭਣ ਲਈ ਸਬੂਤ ਇਕੱਠੇ ਕਰਨੇ ਸ਼ੁਰੂ ਕੀਤੇ। ਉਨ੍ਹਾਂ ਨੇ ਦੇਖਿਆ ਕਿ ਮਿਊਂਸਪਲ ਸ਼ਮਸ਼ਾਨ ਘਾਟਾਂ ਵਿਚ ਸੁਰੱਖਿਆ ਬਲਾਂ ਵਲੋਂ ਹਜ਼ਾਰਾਂ ਹੀ ਲਾਸ਼ਾਂ ਨੂੰ ‘ਅਣਪਛਾਤੀਆਂ’ ਕਹਿ ਕੇ ਸਾੜਿਆ ਜਾ ਰਿਹਾ ਸੀ। ਜਸਵੰਤ ਸਿੰਘ ਨੇ ਮਹਿਜ਼ 3 ਸ਼ਮਸ਼ਾਨ ਘਾਟਾਂ ਵਿਚ ਪੰਜਾਬ ਪੁਲੀਸ ਵਲੋਂ ਮਾਰੇ ਗਏ ਨੌਜਵਾਨਾਂ ਵਿਚੋਂ 2097 ਜਣਿਆਂ ਦੀ ਪਛਾਣ ਕਰ ਲਈ। ਉਨ੍ਹਾਂ ਨੇ ਇਸ ਨੂੰ ਜਨਤਕ ਲਿਆਉਣਾ ਸ਼ੁਰੂ ਕਰ ਦਿੱਤਾ।
ਉਹ ਦੁਨੀਆ ਭਰ ਵਿਚ ਇਹ ਦਾਸਤਾਨ ਸੁਣਾਉਣ ਲਈ ਘੁੰਮੇ ਕਿ ਦੇਖੋ, ਪੰਜਾਬ ਵਿਚ ਕੀ ਵਾਪਰ ਰਿਹਾ ਹੈ। ਉਨ੍ਹਾਂ ਨੇ ਇਹ ਸਬੂਤ ਭਾਰਤੀ ਮਨੁੱਖੀ ਅਧਿਕਾਰ ਕਮਿਸ਼ਨ, ਸੰਯੁਕਤ ਰਾਸ਼ਟਰ, ਐਮਨੈਸਟੀ ਇੰਟਰਨੈਸ਼ਨਲ ਅਤੇ ਕੈਨੇਡੀਅਨ ਸਰਕਾਰ ਅੱਗੇ ਰੱਖੇ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਪ੍ਰੇਰਣਾ ਆਪਣੇ ਸਿੱਖ ਗੁਰੂਆਂ ਵਲੋਂ ਦਿਖਾਏ ਮਾਰਗ ਤੋਂ ਮਿਲੀ ਹੈ ਤੇ ਉਨ੍ਹਾਂ ਦੀ ਇੱਛਾ ਸੀ ਕਿ ਇਸ ਅਨਿਆਂ ਖ਼ਿਲਾਫ਼ ਉਹ ਮੌਮਬੱਤੀ ਮਾਰਚ ਕਰਨ। ਜਦੋਂ ਉਹ ਵਿਰੇਸ਼ ਦੌਰੇ ਬਾਅਦ 1995 ਵਿਚ ਪੰਜਾਬ ਪਰਤੇ, ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਸਿੱਧੀ ਧਮਕੀ ਦਿੱਤੀ-”ਜੇਕਰ 25000 ਨੂੰ ‘ਲਾਪਤਾ’ ਕੀਤਾ ਜਾ ਸਕਦਾ ਹੈ ਤਾਂ ਉਹ ਇਕ ਹੋਰ ਨੂੰ ਵੀ ਕਰ ਸਕਦੇ ਹਨ।”
ਸਰੀਰਕ ਹਮਲਿਆਂ ਦੀਆਂ ਧਮਕੀਆਂ ਤੋਂ ਬਾਅਦ ਕਈ ਇਸ ਕੰਮ ਤੋਂ ਪਿਛੇ ਹਟ ਗਏ ਪਰ ਜਸਵੰਤ ਸਿੰਘ ਖਾਲੜਾ ਨੇ ਇਸ ਜਬਰ ਵਿਰੁੱਧ ਆਪਣੀ ਜੰਗ ਜਾਰੀ ਰੱਖੀ। ਉਹ ਅਕਸਰ ਕਿਹਾ ਕਰਦੇ ਸਨ ਕਿ ਮੈਂ ਕਿਵੇਂ ਮੂੰਹ ਮੋੜ ਸਕਦਾ ਹਾਂ ਜਦੋਂ ਉਨ੍ਹਾਂ ਦੁਖਿਆਰੀਆਂ ਮਾਵਾਂ ਵੱਲ ਦੇਖਦੇ ਹਾਂ, ਜੋ ਉਹ ਵੀ ਨਹੀਂ ਜਾਣਦੀਆਂ ਕਿ ਉਨ੍ਹਾਂ ਦੇ ਪੁੱਤਾਂ ਨਾਲ ਕੀ ਭਾਣਾ ਵਾਪਰ ਗਿਆ।
ਜਸਵੰਤ ਸਿੰਘ ਖਾਲੜਾ ਦੇ ਮਨ ਅੰਦਰ ਮਨੁੱਖਤਾ ਲਈ ਤੜਪ ਉਵੇਂ ਹੀ ਸੀ ਜਿਵੇਂ ਭਾਰਤ ਵਿਚ ਕਸ਼ਮੀਰੀ ਜਲੀਲ ਅੰਦਰਾਬੀ, ਤੁਰਕੀ ‘ਚ ਆਰਮੇਨੀਅਨ ਹਰਾਂਤ ਡਿੰਕ ਤੇ ਦੱਖਣੀ ਅਫ਼ਰੀਕਾ ਵਿਚ ਸਟੀਵਨ ਬੀਕੋ ਦੀ ਸੀ। 6 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲੀਸ ਨੇ ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ਵਿਚੋਂ ਉਸ ਵੇਲੇ ਚੁੱਕ ਲਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਕਾਰ ਧੋ ਰਹੇ ਸਨ। ਪੁਲੀਸ ਨੂੰ ਇਹ ਹੁਕਮ ਸਿੱਧਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਵਲੋਂ ਆਇਆ ਸੀ। ਕਈ ਦਿਨ ਉਨ੍ਹਾਂ ‘ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਤੇ ਅਖ਼ੀਰ ਉਨ੍ਹਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਦੀ ਮ੍ਰਿਤਕ ਦੇਹ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਦਿੱਤੀ।
ਨਵਕਿਰਨ ਦੇ ਸਹਿਪਾਠੀ ਇਹ ਨਹੀਂ ਜਾਣਦੇ ਕਿ ਉਸ ਨੇ ਆਪਣੀ ਮਾਂ ਤੇ ਭਰਾ ਨਾਲ ਮਿਲ ਕੇ ਆਪਣੇ ਪਿਤਾ ਦੇ ਸੰਘਰਸ਼ ਨੂੰ ‘ਖ਼ਾਲੜਾ ਮਿਸ਼ਨ ਆਰਗੇਨਾਈਜੇਸ਼ਨ’ ਦੇ ਨਾਂ ਹੇਠ ਜਾਰੀ ਰੱਖਿਆ। ਹਫ਼ਤੇ ਦੇ ਅਖੀਰ ਤੇ ਕਲਾਸਾਂ ਵਿਚਲੇ ਸਮੇਂ ਦੌਰਾਨ ‘ਲਾਪਤਾ’ ਸਿੱਖ ਨੌਜਵਾਨਾਂ ਦੀ ਦਾਸਤਾਨ ਬਾਰੇ ਨਵੀਂ ਪੀੜ੍ਹੀ ਨੂੰ ਦੱਸਿਆ ਜਾ ਰਿਹਾ ਹੈ। ਇਥੋਂ ਤਕ ਕਿ ਕੇ.ਪੀ.ਐਸ. ਗਿੱਲ ਦੀ ਮੌਤ ਤੋਂ ਬਾਅਦ ਉਸ ਦੇ ਭਾਣਜੇ ਹਰਤੋਸ਼ ਬਲ ਵਾਂਗ ਪੰਜਾਬ ਦੇ ਪੱਤਰਕਾਰਾਂ ਨੇ ਗਿੱਲ ਦੇ ਅਤਿਆਚਾਰਾਂ ‘ਤੇ ਪਰਦਾ ਪਾਉਣ ਦੀਆਂ ਚਾਲਾਂ ਚੱਲੀਆਂ ਅਤੇ ਜਸਵੰਤ ਸਿੰਘ ਖਾਲੜਾ, ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਇਨਸਾਫ਼ ਵਰਗੀਆਂ ਜਥੇਬੰਦੀਆਂ ਦੇ ਨਾਂ ਦਾ ਜ਼ਿਕਰ ਕਰਨ ਤੋਂ ਪਾਸਾ ਵੱਟਿਆ, ਜਕਾਰਾ ਮੂਵਮੈਂਟ ਭਾਰਤ ਸਰਕਾਰ ਨੂੰ ਇਹ ਦੁਖਾਂਤ ਕਦੇ ਵਿਸਾਰਨ ਨਹੀਂ ਦੇਵੇਗੀ।
ਨਵਕਿਰਨ ਕੌਰ ਖਾਲੜਾ ਇਸ ਖ਼ਾਸ ਮੌਕੇ ‘ਤੇ ਵੀਰਵਾਰ 31 ਅਗਸਤ 2017 ਨੂੰ ਫਰਿਜ਼ਨੋ ਵਾਪਸ ਆਏਗੀ। ਹੁਣ ਫਰਿਜ਼ਨੋ ਸ਼ਹਿਰ ਇਹ ਯਕੀਨੀ ਬਣਾਏਗਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਜਾਵੇ। ਜਕਾਰਾ ਮੂਵਮੈਂਟ ਦੇ ਕਾਰਕੁਨਾਂ ਦੀ ਅਗਵਾਈ ਹੇਠ ਫਰਿਜ਼ਨੋ ਦਾ ਸਿੱਖ ਭਾਈਚਾਰਾ ਫਰਿਜ਼ਨੋ ਸਿਟੀ ਕੌਂਸਲ ਅਧਿਕਾਰੀਆਂ, ਖ਼ਾਸ ਤੌਰ ‘ਤੇ ਓਲੀਵਰ ਬੇਨੀਸ ਨਾਲ ਮਿਲ ਕੇ ਵਿਕਟੋਰੀਆ ਪਾਰਕ (ਕਲਿੰਟਨ ਤੇ ਬਰਾਵਲੇ ਸਟਰੀਟ ਸਥਿਤ) ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਰੱਖਿਆ ਜਾਵੇਗਾ। ਲਿਵਿੰਗਸਟੋਨ ਤੇ ਐਲਕ ਗਰੋਵ ਵਰਗੇ ਸ਼ਹਿਰਾਂ ਵਿਚ ਜਿਸ ਤਰ੍ਹਾਂ ਪਾਰਕਾਂ ਦੇ ਨਾਂ ‘ਸਿੰਘ ਪਾਰਕ’ ਹਨ, ਉਸੇ ਤਰ੍ਹਾਂ ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਪਾਰਕ ਦਾ ਨਾਂ ਸਿੱਖ ਭਾਈਚਾਰੇ ਦੇ ਆਗੂ ਦੇ ਸਨਮਾਨ ਵਜੋਂ ਉਸ ਦੇ ਨਾਂ ‘ਤੇ ਰੱਖਿਆ ਜਾਵੇਗਾ।
ਇਸ ਇਤਿਹਾਸਕ ਮੌਕੇ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਵਕਿਰਨ ਕੌਰ ਖਾਲੜਾ ਅਤੇ ਜਕਾਰਾ ਮੂਵਮੈਂਟ ਦੀ ਇਸ ਕੋਸ਼ਿਸ਼ ਵਿਚ ਸ਼ਾਮਲ ਹੋਣ। ਸਾਰਿਆਂ ਨੂੰ ਫਰਿਜ਼ਨੋ ਸਿਟੀ ਹਾਲ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।
ਇਸ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਸਿਮਰਨਜੀਤ ਸਿੰਘ ਨਾਲ ਫੋਨ ਨੰਬਰ 559-779-4916 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।