ਡੇਰਾ ਮੁਖੀ ਦੀ ਰਾਖੀ ‘ਤੇ ਲਾਏ ਸੁਰੱਖਿਆ ਗਾਰਦ ਪੰਜਾਬ ਸਰਕਾਰ ਨੇ ਵਾਪਸ ਬੁਲਾਏ

ਡੇਰਾ ਮੁਖੀ ਦੀ ਰਾਖੀ ‘ਤੇ ਲਾਏ ਸੁਰੱਖਿਆ ਗਾਰਦ ਪੰਜਾਬ ਸਰਕਾਰ ਨੇ ਵਾਪਸ ਬੁਲਾਏ

ਅਕਾਲੀ-ਭਾਜਪਾ ਸਰਕਾਰ ਨੇ ਹਰੇਕ ਗੰਨਮੈਨ ਨੂੰ ਦਿੱਤੇ ਸਨ 2-2 ਹਥਿਆਰ
ਇਕ ਮੁਲਾਜ਼ਮ ਨੇ ਵਾਪਸ ਆਉਣ ਤੋਂ ਕੀਤਾ ਇਨਕਾਰ, ਮੁਅੱਤਲ
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਨੇ ਡੇਰਾ ਮੁਖੀ ਦੀ ਸੁਰੱਖਿਆ ‘ਤੇ 8 ਮੈਂਬਰੀ ਸੁਰੱਖਿਆ ਦਸਤਾ ਲਾਇਆ ਸੀ, ਜੋ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਰਾਤੋ-ਰਾਤ ਵਾਪਸ ਬੁਲਾ ਲਿਆ ਗਿਆ ਹੈ। ਪੰਜਾਬ ਪੁਲੀਸ ਤਾਂ ਡੇਰਾ ਮੁਖੀ ਦੀ ਸੁਰੱਖਿਆ ਪ੍ਰਤੀ ਏਨੀ ਫਿਕਰਮੰਦ ਸੀ ਕਿ ਉਸ ਨਾਲ ਲਾਏ ਹਰ ਗੰਨਮੈਨ ਨੂੰ ਦੋ ਦੋ ਹਥਿਆਰ ਦਿੱਤੇ ਹੋਏ ਸਨ। ਵੇਰਵਿਆਂ ਅਨੁਸਾਰ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਡੇਰਾ ਮੁਖੀ ਨੂੰ ਸਮੇਂ ਸਮੇਂ ‘ਤੇ ਸੁਰੱਖਿਆ ਦਿੱਤੀ ਗਈ। ਪੁਲੀਸ ਦੇ ਦੋ ਗੰਨਮੈਨ ਜਦੋਂ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਵੀ ਸਿਰਸਾ ਵਿਖੇ ਘੁੰਮ ਰਹੇ ਸਨ ਤਾਂ ਉਨ੍ਹਾਂ ਨੂੰ ਸਿਰਸਾ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਏਡੀਜੀਪੀ (ਸੁਰੱਖਿਆ) ਦੇ ਹੁਕਮਾਂ ‘ਤੇ ਇਹ ਗੰਨਮੈਨ ਦਿੱਤੇ ਹੋਏ ਸਨ। ਹੁਣ ਸੁਰੱਖਿਆ ਵਿੰਗ ਨੂੰ ਚਿੰਤਾ ਹੋ ਗਈ ਹੈ ਕਿ ਕਿਤੇ ਹਾਈ ਕੋਰਟ ਇਸ ਮਾਮਲੇ ਦਾ ਨੋਟਿਸ ਨਾ ਲੈ ਲਵੇ।
ਐਸ.ਐਸ.ਪੀ. ਬਠਿੰਡਾ ਨਵੀਨ ਸਿੰਗਲਾ ਦਾ ਕਹਿਣਾ ਹੈ ਕਿ ਏਡੀਜੀਪੀ ਸੁਰੱਖਿਆ ਦੇ ਹੁਕਮਾਂ ‘ਤੇ ਇਕ ਗੰਨਮੈਨ ਰੋਹਿਤ ਕੁਮਾਰ ਡੇਰਾ ਮੁਖੀ ਨਾਲ ਸੀ, ਜੋ ਵਾਪਸ ਬੁਲਾਏ ਜਾਣ ਉਤੇ ਵੀ ਨਹੀਂ ਆਇਆ, ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੰਨਮੈਨ ਨੂੰ ਅਸਾਲਟ ਤੇ ਪਿਸਟਲ ਜਾਰੀ ਕੀਤੇ ਹੋਏ ਸਨ। ਮਾਨਸਾ ਪੁਲੀਸ ਦੇ 3 ਗੰਨਮੈਨ ਡੇਰਾ ਮੁਖੀ ਨਾਲ ਤਾਇਨਾਤ ਸਨ, ਜਿਨ੍ਹਾਂ ਵਿੱਚ ਸੁਖਦਰਸ਼ਨ ਸਿੰਘ ਤੇ ਪਰਦਰਸ਼ਨ ਸਿੰਘ (ਸਕੇ ਭਰਾ) ਅਤੇ ਜੀਵਨ ਸਿੰਘ ਸ਼ਾਮਲ ਹਨ। ਐਸ.ਐਸ.ਪੀ. ਮਾਨਸਾ ਪਰਮਬੀਰ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਮਗਰੋਂ ਤਿੰਨੇ ਗੰਨਮੈਨ ਵਾਪਸ ਬੁਲਾ ਲਏ ਸਨ। ਐਸ.ਪੀ (ਸਥਾਨਿਕ) ਮਾਨਸਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਪਰੋਂ ਸੁਰੱਖਿਆ ਵਿੰਗ ਦੇ ਹੁਕਮਾਂ ‘ਤੇ ਹੀ ਹਰ ਗੰਨਮੈਨ ਨੂੰ 2-2 ਹਥਿਆਰ (ਕਾਰਬਾਈਨ ਤੇ ਪਿਸਟਲ) ਦਿੱਤੇ ਹੋਏ ਸਨ, ਜੋ ਹੁਣ ਜਮ੍ਹਾਂ ਕਰਾ ਲਏ ਗਏ ਹਨ। ਸੰਗਰੂਰ ਪੁਲੀਸ ਦਾ ਯਾਦਵਿੰਦਰ ਸਿੰਘ ਵੀ ਅਸਾਲਟ ਤੇ ਪਿਸਟਲ ਸਮੇਤ ਡੇਰਾ ਮੁਖੀ ਨਾਲ ਤਾਇਨਾਤ ਸੀ, ਜੋ 26 ਅਗਸਤ ਨੂੰ ਵਾਪਸ ਆ ਗਿਆ ਹੈ। ਪਟਿਆਲਾ ਪੁਲੀਸ ਦੇ 2 ਗੰਨਮੈਨ ਸਤਬੀਰ ਸਿੰਘ ਅਤੇ ਕਰਮਜੀਤ ਸਿੰਘ ਡੇਰਾ ਮੁਖੀ ਨਾਲ ਤਾਇਨਾਤ ਸੀ। ਇਨ੍ਹਾਂ ਦੋਵਾਂ ਗੰਨਮੈਨਾਂ ਨੂੰ ਚਾਰ ਹਥਿਆਰ ਜਾਰੀ ਕੀਤੇ ਹੋਏ ਸਨ।
ਐਸ.ਪੀ (ਸਥਾਨਕ) ਅਮਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਗੰਨਮੈਨ ਕਰਮਜੀਤ ਸਿੰਘ ਵਾਪਸ ਆ ਗਿਆ ਹੈ ਜਦੋਂ ਕਿ ਸਤਬੀਰ ਸਿੰਘ 26 ਅਗਸਤ ਤੋਂ ਗੈਰਹਾਜ਼ਰ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਤੋਂ ਬਿਨਾਂ 2 ਹੋਰ ਗੰਨਮੈਨਾਂ ਸਮੇਤ ਕੁਝ ਕਮਾਂਡੋਜ ਵੀ ਡੇਰਾ ਮੁਖੀ ਨਾਲ ਤਾਇਨਾਤ ਸਨ, ਜਿਨ੍ਹਾਂ ਦੀ ਸਰਕਾਰੀ ਤੌਰ ਉਤੇ ਪੁਸ਼ਟੀ ਨਹੀਂ ਹੋ ਸਕੀ ਹੈ।