ਮੋਦੀ ਵਜ਼ਾਰਤ ‘ਚ ਰੱਦੋਬਦਲ : ਮੰਤਰੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਦਿੱਤੀ ਤਰੱਕੀ

ਮੋਦੀ ਵਜ਼ਾਰਤ ‘ਚ ਰੱਦੋਬਦਲ : ਮੰਤਰੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਦਿੱਤੀ ਤਰੱਕੀ

ਕੈਪਸ਼ਨ-ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ.ਵੈਂਕੱਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਕੇਂਦਰੀ ਕੈਬਨਿਟ ਵਿੱਚ ਸ਼ਾਮਲ ਕੀਤੇ ਨਵੇਂ ਮੈਂਬਰਾਂ ਨਾਲ ਸਾਂਝੀ ਤਸਵੀਰ ਖਿਚਵਾਉਂਦੇ ਹੋਏ।

ਨਵੀਂ ਦਿੱਲੀ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਵਜ਼ਾਰਤ ਵਿਚ ਰੱਦੋਬਦਲ ਕਰਦਿਆਂ ਕੰਮ ਰਾਹੀਂ ਪਛਾਣ ਬਣਾਉਣ ਵਾਲੇ ਮੰਤਰੀਆਂ ਨੂੰ ਸ਼ਾਬਾਸ਼ੀ ਦਿੰਦਿਆਂ ਉਨ੍ਹਾਂ ਨੂੰ ਤਰੱਕੀ ਦੇ ਦਿੱਤੀ। ਨਿਰਮਲਾ ਸੀਤਾਰਮਨ ਨੂੰ ਮੁਲਕ ਦੀ ਰੱਖਿਆ ਮੰਤਰੀ ਵਜੋਂ ਪੂਰਾ ਚਾਰਜ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ‘ਤੇ ਧਿਆਨ ਕੇਂਦਰਤ ਕਰਦਿਆਂ ਉਨ੍ਹਾਂ ਤਿੰਨ ਜੂਨੀਅਰ ਮੰਤਰੀਆਂ ਪਿਊਸ਼ ਗੋਇਲ, ਧਰਮਿੰਦਰ ਪ੍ਰਧਾਨ ਅਤੇ ਮੁਖਤਾਰ ਅੱਬਾਸ ਨਕਵੀ ਨੂੰ ਕੈਬਨਿਟ ਰੈਂਕ ਨਾਲ ਨਿਵਾਜਿਆ। ਇਸ ਦੇ ਨਾਲ ਚਾਰ ਸਾਬਕਾ ਨੌਕਰਸ਼ਾਹਾਂ ਸਮੇਤ 9 ਨਵੇਂ ਚਿਹਰਿਆਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ। ਕੇਂਦਰੀ ਵਜ਼ਾਰਤ ਵਿਚ ਮੰਤਰੀਆਂ ਦੀ ਗਿਣਤੀ 73 ਤੋਂ ਵੱਧ ਕੇ 76 ਹੋ ਗਈ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 9 ਨਵੇਂ ਮੰਤਰੀਆਂ ਨੂੰ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਬਿਜਲੀ ਖੇਤਰ ਵਿਚ ਆਪਣੇ ਕੰਮ ਨਾਲ ਨਾਮਣਾ ਖੱਟਣ ਵਾਲੇ ਪਿਊਸ਼ ਗੋਇਲ ਨੂੰ ਰੇਲ ਮਹਿਕਮਾ ਸੌਂਪਿਆ ਗਿਆ ਹੈ ਜੋ ਵਧਦੇ ਹਾਦਸਿਆਂ ਕਾਰਨ ਆਲੋਚਨਾ ਦਾ ਸ਼ਿਕਾਰ ਬਣ ਰਿਹਾ ਸੀ ਅਤੇ ਸੁਰੇਸ਼ ਪ੍ਰਭੂ ਨੂੰ ਵਣਜ ਤੇ ਸਨਅਤ ਮੰਤਰੀ ਬਣਾਇਆ ਗਿਆ ਹੈ। ਸ੍ਰੀ ਗੋਇਲ ਕੋਇਲਾ ਮੰਤਰਾਲੇ ਦਾ ਕਾਰਜਭਾਰ ਵੀ ਦੇਖਦੇ ਰਹਿਣਗੇ। ਬੁਨਿਆਦੀ ਢਾਂਚੇ ਨਾਲ ਸਬੰਧਤ ਮੰਤਰਾਲਿਆਂ ਵਿਚ ਰੱਦੋਬਦਲ ਕਰਦਿਆਂ ਪ੍ਰਧਾਨ ਮੰਤਰੀ ਨੇ ਦੋ ਸਾਬਕਾ ਆਈਏਐਸ ਅਧਿਕਾਰੀਆਂ ਅਲਫੌਂਸ ਕਨਾਂਤਨਮ ਅਤੇ ਆਰ ਕੇ ਸਿੰਘ ਤੇ ਸਾਬਕਾ ਰਾਜਦੂਤ ਹਰਦੀਪ ਪੁਰੀ ਨੂੰ ਅਹਿਮ ਵਿਭਾਗ ਦਿੰਦਿਆਂ ਸੁਤੰਤਰ ਰਾਜ ਮੰਤਰੀ ਬਣਾਇਆ ਹੈ। ਨਿਤਿਨ ਗਡਕਰੀ ਨੂੰ ਉਮਾ ਭਾਰਤੀ ਦੇ ਮਹਿਕਮੇ ਜਲ ਸਰੋਤਾਂ ਅਤੇ ਗੰਗਾ ਦੇ ਕਾਇਆ ਕਲਪ ਸਬੰਧੀ ਮੰਤਰਾਲਾ ਸੌਂਪਿਆ ਗਿਆ ਹੈ। ਉਂਜ ਸ੍ਰੀ ਗਡਕਰੀ ਕੋਲ ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਮੰਤਰਾਲੇ ਦਾ ਚਾਰਜ ਵੀ ਰਹੇਗਾ ਜਿਥੇ ਉਨ੍ਹਾਂ ਦੀ ਖੂਬ ਸ਼ਲਾਘਾ ਹੋਈ ਹੈ। ਉਮਾ ਭਾਰਤੀ ਦੀ ਕਾਰਗੁਜ਼ਾਰੀ ਨਿਗਰਾਨੀ ਹੇਠ ਸੀ ਜਿਥੇ ਸ੍ਰੀ ਮੋਦੀ ਦੇ ਪਸੰਦੀਦਾ ਕਲੀਨ ਗੰਗਾ ਪ੍ਰੋਗਰਾਮ ਵਿਚ ਕੋਈ ਪ੍ਰਗਤੀ ਨਜ਼ਰ ਨਹੀਂ ਆ ਰਹੀ ਸੀ। ਉਸ ਨੂੰ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਆ ਹੈ। ਧਰਮਿੰਦਰ ਪ੍ਰਧਾਨ ਅਤੇ ਮੁਖਤਾਰ ਅੱਬਾਸ ਨਕਵੀ ਦੇ ਮੰਤਰਾਲਿਆਂ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ। ਸ੍ਰੀ ਪ੍ਰਧਾਨ ਨੂੰ ਹੁਨਰ ਵਿਕਾਸ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜੋ ਪਹਿਲਾਂ ਰਾਜੀਵ ਪ੍ਰਤਾਪ ਰੂਡੀ ਕੋਲ ਸੀ ਜਿਨ੍ਹਾਂ ਕੁਝ ਦਿਨ ਪਹਿਲਾਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਬਕਾ ਰਾਜਦੂਤ ਹਰਦੀਪ ਪੁਰੀ ਨੂੰ ਹਾਊਸਿੰਗ ਅਤੇ ਸਹਿਰੀ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਾਬਕਾ ਆਈਏਐਸ ਅਧਿਕਾਰੀ ਅਲਫੌਂਸ ਕਨਾਂਤਨਮ ਨੂੰ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਬਣਾਇਆ ਗਿਆ ਹੈ। ਸਾਬਕਾ ਗ੍ਰਹਿ ਸਕੱਤਰ ਆਰ ਕੇ ਸਿੰਘ ਨੂੰ ਬਿਜਲੀ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਬਣਾਇਆ ਗਿਆ ਹੈ। ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਸਤਿਆਪਾਲ ਸਿੰਘ ਨੂੰ ਐਚਆਰਡੀ, ਜਲ ਸਰੋਤਾਂ ਅਤੇ ਗੰਗਾ ਦੀ ਕਾਇਆ ਕਲਪ ਸਬੰਧੀ ਰਾਜ ਮੰਤਰੀ ਬਣਾਇਆ ਗਿਆ ਹੈ। ਕੈਬਨਿਟ ਮੰਤਰੀ ਹਰਸ਼ਵਰਧਨ, ਜਿਨ੍ਹਾਂ ਨੂੰ ਅਨਿਲ ਦਵੇ ਦੇ ਦੇਹਾਂਤ ਮਗਰੋਂ ਵਾਤਾਵਰਨ ਮੰਤਰਾਲੇ ਦਾ ਵਾਧੂ ਚਾਰਜ ਸੌਂਪਿਆ ਗਿਆ ਸੀ, ਉਹ ਇਹ ਮਹਿਕਮਾ ਵੀ ਦੇਖਦੇ ਰਹਿਣਗੇ। ਇਸੇ ਤਰ੍ਹਾਂ ਸਮ੍ਰਿਤੀ ਇਰਾਨੀ, ਜਿਸ ਨੂੰ ਜੁਲਾਈ ਵਿਚ ਐਮ ਵੈਂਕਈਆ ਨਾਇਡੂ ਦੇ ਉਪ ਰਾਸ਼ਟਰਪਤੀ ਬਣਨ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਸੀ, ਕੋਲ ਵੀ ਇਹ ਮੰਤਰਾਲਾ ਬਹਾਲ ਰਹੇਗਾ। ਖੇਡ ਮੰਤਰਾਲੇ ਵਿਜੇ ਗੋਇਲ ਤੋਂ ਲੈ ਕੇ ਰਾਜਿਆਵਰਧਨ ਸਿੰਘ ਰਾਠੌੜ ਨੂੰ ਦਿੱਤਾ ਗਿਆ ਹੈ। ਸ੍ਰੀ ਗੋਇਲ ਨੂੰ ਸੰਸਦੀ ਮਾਮਲਿਆਂ ਅਤੇ ਅੰਕੜਾ ਤੇ ਪ੍ਰੋਗਰਾਮ ਨਿਰਧਾਰਣ ਸਬੰਧੀ ਰਾਜ ਮੰਤਰੀ ਬਣਾਇਆ ਗਿਆ ਹੈ। ਨਵੇਂ ਮੰਤਰੀਆਂ ਵਿਚੋਂ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਅਰਜੁਨ ਰਾਮ ਮੇਘਵਾਲ ਦੀ ਥਾਂ ਵਿੱਤ ਰਾਜ ਮੰਤਰੀ, ਅਸ਼ਵਨੀ ਕੁਮਾਰ ਚੌਬੇ ਨੂੰ ਸਿਹਤ ਰਾਜ ਮੰਤਰੀ ਅਤੇ ਵੀਰੇਂਦਰ ਕੁਮਾਰ ਨੂੰ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਅਤੇ ਮੇਘਵਾਲ ਨੂੰ ਸੰਸਦੀ ਮਾਮਲਿਆਂ ਬਾਰੇ ਮੰਤਰੀ ਬਣਾਇਆ ਗਿਆ ਹੈ। ਨਵੇਂ ਚਿਹਰੇ ਅਨੰਤ ਕੁਮਾਰ ਹੇਗੜੇ ਨੂੰ ਹੁਨਰ ਵਿਕਾਸ ਰਾਜ ਮੰਤਰੀ ਜਦਕਿ ਗਜੇਂਦਰ ਸਿੰਘ ਸ਼ੇਖਾਵਤ ਨੂੰ ਖੇਤੀਬਾੜੀ ਰਾਜ ਮੰਤਰੀ ਬਣਾਇਆ ਗਿਆ ਹੈ। ਦੋ ਮੰਤਰੀਆਂ ਸੰਤੋਸ਼ ਗੰਗਵਾਰ ਅਤੇ ਗਿਰੀਰਾਜ ਸਿੰਘ ਨੂੰ ਵੀ ਤਰੱਕੀ ਦਿੱਤੀ ਗਈ ਹੈ। ਗੰਗਵਾਰ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਗਿਰੀਰਾਜ ਸਿੰਘ ਨੂੰ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਬਾਰੇ ਰਾਜ ਮੰਤਰੀ (ਸੁਤੰਤਰ ਚਾਰਜ) ਬਣਾਇਆ  ਗਿਆ ਹੈ।
ਵਿਰੋਧੀ ਧਿਰ ਨੇ ਕਿਹਾ-ਮੋਦੀ ਨੂੰ ਆਪਣੇ ਸਾਥੀਆਂ ‘ਤੇ ਭਰੋਸਾ ਨਹੀਂ :
ਕਾਂਗਰਸ ਪਾਰਟੀ ਨੇ ਚਾਰ ਨੌਕਰਸ਼ਾਹਾਂ ਨੂੰ ਵਜ਼ਾਰਤ ਵਿਚ ਲਏ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਿਆਸੀ ਸਾਥੀਆਂ ‘ਤੇ ਭਰੋਸਾ ਨਹੀਂ ਰਿਹਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ 9 ਨਵੇਂ ਮੰਤਰੀਆਂ ਦੀ ਵੱਡੀ ਉਮਰ ਨੂੰ ਦੇਖਦਿਆਂ ਉਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਕਲੱਬ ਕਰਾਰ ਦਿੱਤਾ ਹੈ। ਨਿਰਮਲਾ ਸੀਤਾਰਮਨ ਨੂੰ ਰੱਖਿਆ ਮੰਤਰੀ ਬਣਾਏ ਜਾਣ ‘ਤੇ ਉਨ੍ਹਾਂ ਆਸ ਜਤਾਈ ਕਿ ਉਹ ਵਣਜ ਮੰਤਰਾਲੇ ਵਾਂਗ ਨਵੇਂ ਮੰਤਰਾਲੇ ਦਾ ਹਾਲ ਨਹੀਂ ਕਰਨਗੇ। ਉਧਰ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਸਿਆਸਤਦਾਨਾਂ ਦੀ ਬਜਾਏ ਨੌਕਰਸ਼ਾਹਾਂ ‘ਤੇ ਵੱਧ ਭਰੋਸਾ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਜ਼ਾਰਤ ਵਿਚ ਰੱਦੋਬਦਲ ਸਰਕਾਰ ਨੇ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਕੀਤਾ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵਿਅੰਗ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਹੈਰਾਨੀ ਭਰੇ ਫ਼ੈਸਲੇ ਲਏ ਜਾਣ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਉਂਜ ਉਨ੍ਹਾਂ ਨਿਰਮਲਾ ਸੀਤਾਰਮਨ ਅਤੇ ਰਾਜਿਆਵਰਧਨ ਰਾਠੌੜ ਨੂੰ ਤਰੱਕੀ ‘ਤੇ ਵਧਾਈ ਵੀ ਦਿੱਤੀ ਹੈ।
ਲਾਲੂ ਬੋਲੇ-ਜੇ.ਡੀ. (ਯੂ) ਆਗੂਆਂ ਨੇ ਕੁੜਤੇ-ਪਜਾਮੇ ਸੁਆਏ, ਪਰ ਸੱਦਾ ਮਿਲਿਆ ਹੀ ਨਹੀਂ :
ਪਟਨਾ: ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਜ਼ਾਰਤੀ ਫੇਰ-ਬਦਲ ਵਿੱਚ ਨਿਤੀਸ਼ ਕੁਮਾਰ ਦੀ ਜੇਡੀ(ਯੂ) ਨੂੰ ਤਾਂ ਐਨਡੀਏ ਸਰਕਾਰ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਨਹੀਂ ਦਿੱਤਾ। ਜੇਡੀ(ਯੂ) ਦੇ ਕੁੱਝ ਆਗੂਆਂ ਨੇ ਕੁੜਤੇ-ਪਜਾਮੇ ਸੁਆ ਲਏ ਸਨ ਪਰ ਕਿਸੇ ਨੇ ਸੱਦਾ ਹੀ ਨਹੀਂ ਦਿੱਤਾ।’
ਸ਼ਿਵ ਸੈਨਾ ਨੇ ਵੀ ਕੱਢੀ ਭੜਾਸ :
ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਉਤ ਨੇ ਕਿਹਾ ਕਿ ਐਨਡੀਏ ਦਾ ‘ਭੋਗ’ ਪੈ ਗਿਆ ਹੈ ਤੇ ਭਾਜਪਾ ਉਨ੍ਹਾਂ ਨੂੰ ਉਦੋਂ ਯਾਦ ਕਰਦੀ ਹੈ ਜਦੋਂ ਕੋਈ ਲੋੜ ਹੁੰਦੀ ਹੈ। ਸ਼ਿਵ ਸੈਨਾ ਦਾ ਅਨੰਤ ਗੀਤੇ ਹੀ ਮੰਤਰੀ ਹੈ।