‘ਆਪ’ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਧੀਨ ਕੈਪਟਨ ਦੀ ਕੋਠੀ ਵੱਲ ਕੂਚ

‘ਆਪ’ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਧੀਨ ਕੈਪਟਨ ਦੀ ਕੋਠੀ ਵੱਲ ਕੂਚ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਮਾਰਚ ਕਰਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਹਿਰਾਸਤ ‘ਚ ਲੈਂਦੀ ਹੋਈ ਪੁਲੀਸ। 

ਚੰਡੀਗੜ੍ਹ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ ਪੰਜਾਬ ਵਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਧੀਂਨ ਸੋਮਵਾਰ ਨੂੰ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵੱਲ ਕੂਚ ਕੀਤਾ ਗਿਆ। ਚੰਡੀਗੜ੍ਹ ਪੁਲੀਸ ਨੇ ਰੋਸ ਮੁਜ਼ਾਹਰਾ ਕਰਨ ਜਾ ਰਹੇ ਵਿਧਾਇਕਾਂ ਨੂੰ ਪਾਣੀਆਂ ਵਾਲੀਆਂ ਤੋਪਾਂ ਚਲਾਈਆਂ ਜਿਸ ਕਾਰਨ ਕਈ ‘ਆਪ’ ਆਗੂਆਂ ਤੇ ਪੁਲੀਸ ਮੁਲਾਜ਼ਮਾਂ ਦੀਆਂ ਪੱਗਾਂ ਲੱਥ ਗਈਆਂ। ਇਸ ਦੌਰਾਨ ਦੋਵੇਂ ਧਿਰਾਂ ਵਿੱਚ ਕਾਫ਼ੀ ਖਿੱਚ-ਧੂਹ ਵੀ ਹੋਈ।
ਕੈਪਟਨ ਅਮਰਿੰਦਰ ਸਿੰਘ ਦੇ ਲੁਧਿਆਣਾ ਦੇ ਸਿਟੀ ਸੈਂਟਰ ਸਕੈਮ, ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਘੋਟਾਲੇ ਅਤੇ ਰਾਣਾ ਗੁਰਜੀਤ ਦੇ ਰੇਤ ਖੱਡ ਨਿਲਾਮੀ ਘੋਟਾਲੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਮੇਤ ਹੋਰ ਵਿਧਾਇਕਾਂ ਅਤੇ ਆਗੂਆਂ ਨੂੰ ਪੁਲਿਸ ਨੇ ਐਮ.ਐਲ.ਏ. ਹੋਸਟਲ ਦੇ ਬਾਹਰ ਗ੍ਰਿਫਤਾਰ ਕਰ ਲਿਆ। ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੁਧਿਆਣਾ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲਿਆਂ ‘ਚ ਸ਼ਮੂਲੀਅਤ ਬਾਰੇ ਸੀਬੀਆਈ ਤੋਂ ਜਾਂਚ ਕਰਾਉਣ ਅਤੇ ਰੇਤ ਕਾਂਡ ਲਈ ਵਜ਼ੀਰ ਰਾਣਾ ਗੁਰਜੀਤ ਸਿੰਘ ਤੋਂ ਅਸਤੀਫ਼ਾ ਲੈਣ ਦੀ ਮੰਗ ਲਈ ‘ਆਪ’ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਸੀ।
‘ਆਪ’ ਦੇ ਕੁੱਲ 20 ਵਿਧਾਇਕਾਂ ‘ਚੋਂ 14 ਵਿਧਾਇਕ, ਬੈਂਸ ਭਰਾ ਤੇ ‘ਆਪ’ ਦੇ ਆਗੂ ਇਥੇ ਐਮਐਲਏ ਹੋਸਟਲ ‘ਚ ਇਕੱਠੇ ਹੋਏ। ਡੀਐਸਪੀ ਕੇਂਦਰੀ ਰਾਮ ਗੋਪਾਲ ਦੀ ਅਗਵਾਈ ਹੇਠ ਇਥੇ ਪਹਿਲਾਂ ਹੀ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਜਿਉਂ ਹੀ ‘ਆਪ’ ਆਗੂ ਕੈਪਟਨ ਦੀ ਕੋਠੀ ਵੱਲ ਮਾਰਚ ਕਰਨ ਲੱਗੇ ਤਾਂ ਪੁਲੀਸ ਨੇ ਐਮਐਲਏ ਹੋਸਟਲ ਦੇ ਗੇਟ ਅੱਗੇ ਹੀ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਕਾਫੀ ਖਿੱਚ-ਧੂਹ ਹੋਈ ਅਤੇ ਅਖ਼ੀਰ ਜਲ ਤੋਪਾਂ ਚਲਾਉਣੀਆਂ ਪਈਆਂ। ਇਸ ਦੌਰਾਨ ਕਈ ਆਗੂਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਭਗਵੰਤ ਮਾਨ ਸਮੇਤ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਆਦਿ ਪਾਣੀ ਦੀਆਂ ਬੁਛਾੜਾਂ ਕਾਰਨ ਭਿੱਜ ਗਏ। ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਬੱਸਾਂ ਵਿੱਚ ਚਾੜ੍ਹ ਲਿਆ ਅਤੇ ਸੈਕਟਰ-17 ਦੇ ਥਾਣੇ ‘ਚ ਬੰਦ ਕਰ ਦਿੱਤਾ।
ਇਸ ਮੌਕੇ ਮੁੱਖ ਬੁਲਾਰਿਆਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਆਪਣੇ ਘਪਲਿਆਂ ਲਈ ਖ਼ੁਦ ਨੂੰ ਕਲੀਨ ਚਿੱਟ ਦੇ ਕੇ ਹਾਸੇ ਦਾ ਪਾਤਰ ਬਣ ਗਏ ਹਨ। ਕੈਪਟਨ ਤੇ ਬਾਦਲ ਸਮਝੌਤੇ ਤਹਿਤ ਇਕ-ਦੂਜੇ ਵਿਰੁੱਧ ਦਰਜ ਕੇਸਾਂ ਨੂੰ ਖਤਮ ਕਰਨ ਦੀਆਂ ਖੇਡਾਂ ਖੇਡ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।
ਇਸ ਮੌਕੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੁਲਵੰਤ ਸਿੰਘ ਪੰਡੋਰੀ, ਪ੍ਰੋ. ਬਲਜਿੰਦਰ ਕੌਰ, ਮੀਤ ਪ੍ਰਧਾਨ ਕੁਲਦੀਪ ਧਾਲੀਵਾਲ, ਕਰਨਵੀਰ ਟਿਵਾਣਾ ਤੇ ਮੁੱਖ ਬੁਲਾਰਾ ਹਰਜੋਤ ਬੈਂਸ ਮੌਜੂਦ ਸੀ। ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਕੁਲਤਾਰ ਸੰਧਵਾਂ ਨੇ ਦੱਸਿਆ ਕਿ 20 ਸਤੰਬਰ ਨੂੰ ਕੋਟਕਪੂਰਾ ਵਿੱਚ ‘ਵਿਸ਼ਵਾਸਘਾਤ ਪਰਦਾਫਾਸ਼ ਸੰਮੇਲਨ’ ਕਰਾਇਆ ਜਾਵੇਗਾ, ਜਿਸ ‘ਚ ਕੈਪਟਨ ਵੱਲੋਂ ਕਿਸਾਨਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਕੀਤੇ ਵਿਸ਼ਵਾਸਘਾਤ ਦਾ ਪਰਦਾਫਾਸ਼ ਕੀਤਾ ਜਾਵੇਗਾ। ਪੁਲੀਸ ਨੇ ਬਾਅਦ ਦੁਪਹਿਰ ਸਾਰੇ 112 ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ।
ਮੋਬਾਈਲ ਫੋਨਾਂ ਨੂੰ ਦਿੱਤੇ ਭਾਸ਼ਨ
‘ਆਪ’ ਆਗੂ ਸੈਕਟਰ-17 ਦੇ ਥਾਣੇ ‘ਚ ਧਰਨੇ ਦੌਰਾਨ ਧਰਨਾਕਾਰੀਆਂ ਨੂੰ ਸੰਬੋਧਨ ਹੋਣ ਦੀ ਥਾਂ ਮੋਬਾਈਲ ਵੱਲ ਮੂੰਹ ਕਰਕੇ ਲਾਈਵ ਟੈਲੀਕਾਸਟ ਕਰਨ ‘ਚ ਰੁੱਝੇ ਰਹੇ। ਮੁੱਖ ਤੌਰ ‘ਤੇ ਸੁਖਪਾਲ ਖਹਿਰਾ ਲਾਈਵ ਟੈਲੀਕਾਸਟ ‘ਚ ਰੁੱਝੇ ਰਹੇ ਅਤੇ ਭਗਵੰਤ ਮਾਨ ਨੇ ਵੀ ਇਸ ਪ੍ਰਕਿਰਿਆ ‘ਚ ਹਿੱਸਾ ਲਿਆ। ਵਿਧਾਇਕ ਕੰਵਰ ਸੰਧੂ, ਅਮਨ ਅਰੋੜਾ, ਐਚ.ਐਸ. ਫੂਲਕਾ, ਨਾਜਰ ਸਿੰਘ ਮਨਸ਼ਾਹੀਆ, ਪ੍ਰਿੰਸੀਪਲ ਬੁੱਧ ਰਾਮ ਅਤੇ ਪਿਰਮਲ ਸਿੰਘ ਖਾਲਸਾ ਧਰਨੇ ‘ਚ ਸ਼ਾਮਲ ਨਹੀਂ ਸਨ।