ਸੀਨੀਅਰ ਤੇ ਨਿਧੜਕ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ

ਸੀਨੀਅਰ ਤੇ ਨਿਧੜਕ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ

ਦੇਸ਼ ਭਰ ਵਿੱਚ ਵੱਡੀ ਪੱਧਰ ਤੇ ਨਿਖੇਧੀ
ਬੈਂਗਲੂਰੂ/ਬਿਊਰੋ ਨਿਊਜ਼:
ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੇ ਇੱਥੇ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਹੁਤ ਹੀ ਨਿਧੜਕ ਅਤੇ ਅਪਣੀਆਂ ਲਿਖਤਾਂ ਰਾਹੀਂ ਹਿੰਦੂਤਵੀ ਫਿਰਕੂ ਅਨਸਰਾਂ ਨਾਲ ਟੱਕਰ ਲੈਣ ਵਾਲੀ ਗੌਰੀ ਲੰਕੇਸ਼ ਨੂੰ ਮੰਗਲਵਾਰ ਨੂੰ ਰਾਜਾ ਰਾਜੇਸ਼ਵਰੀ ਨਗਰ ਦੇ ਉਸ ਦੇ ਘਰ ਵਿਖੇ ਸ਼ਾਮੀਂ  ਕਰੀਬ ਸਾਢੇ ਸੱਤ ਵਜੇ ਤਿੰਨ ਲੋਕਾਂ ਨੇ ਗੋਲੀਆਂ ਮਾਰੀਆਂ।
ਗੌਰੀ ਲੰਕੇਸ਼ ਕੰਨੜ ਮੈਗਜ਼ੀਨ ਲੰਕੇਸ਼ ਪੱਤ੍ਰਿਕਾ ਦੀ ਸੰਪਾਦਕ ਸੀ। ਉਸ ਨੂੰ ਹਿੰਦੂਤਵ ਬ੍ਰਿਗੇਡ ਦੀ ਆਲੋਚਕ ਵਜੋਂ ਜਾਣਿਆ ਜਾਂਦਾ ਸੀ। ਗੌਰੀ ਲੰਕੇਸ਼ ਜਾਣੇ-ਮਾਣੇ ਪੱਤਰਕਾਰ ਤੇ ਲੇਖਕ ਪੀ. ਲੰਕੇਸ਼ ਦੀ ਬੇਟੀ ਸੀ। ਜਾਣਕਾਰੀ ਮੁਤਾਬਿਕ ਗੌਰੀ ਲੰਕੇਸ਼ ਕਰੀਬ ਸਾਢੇ ਸੱਤ ਵਜੇ ਦੇ ਕਰੀਬ ਆਪਣੇ ਘਰ ਹੀ ਸੀ। ਇਸੇ ਦੌਰਾਨ ਤਿੰਨ ਲੋਕ ਉਸ ਦੇ ਘਰ ਆਏ ਤੇ ਉਸ ਨੂੰ ਬਾਹਰ ਬੁਲਾਇਆ। ਇਸੇ ਦੌਰਾਨ ਗੌਰੀ ਲੰਕੇਸ਼ ਦੀ ਉਨ੍ਹਾਂ ਲੋਕਾਂ ਨਾਲ ਝੜਪ ਹੋ ਗਈ ਤੇ ਉਨ੍ਹਾਂ ਲੋਕਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਤਿੰਨ ਗੋਲੀਆਂ ਲੱਗੀਆਂ। ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਨੇ ਇਸ ਵਾਰਦਾਤ ਦੀ ਪੁਸ਼ਟੀ ਕੀਤੀ ਹੈ। ਗੌਰੀ ਲੰਕੇਸ਼ ਦੀ ਹੱਤਿਆ ਦੀ ਪ੍ਰੈਸ ਕਲੱਬ ਆਫ ਇੰਡੀਆ ਨੇ ਨਿੰਦਾ ਕੀਤੀ ਹੈ।
ਕਰਨਾਟਕ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈਡੀ ਨੇ ਇਸ ਭਿਆਨਕ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨ ਬਦਮਾਸ਼ਾਂ ਨੇ ਗੌਰੀ ਦੇ ਘਰ ਵਿੱਚ ਦਾਖਲ ਹੋ ਕੇ ਸੱਤ ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਤਿੰਨ ਗੋਲੀਆਂ ਗੌਰੀ ਲੰਕੇਸ਼ ਨੂੰ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲੇ ਤੱਕ ਇਸ ਹੱਤਿਆ ਪਿਛਲੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ।
ਲੋਕ ਰਾਜ ਦਾ ਕਤਲ- ਮੁੱਖ ਮੰਤਰੀ
ਕਰਨਾਟਕ ਦੇ ਮੁੱਖ ਮੰਤਰੀ  ਸਿਧਾਰਮੱਈਆ ਨੇ ਗੌਰੀ ਲੰਕੇਸ਼ ਦੀ ਹਤਿਆ ਦੀ ਕਰੜੀ ਨਿਖੇਧੀ ਕਰਦਿਆਂ ਇਸਨੂੰ ‘ਲੋਕ ਰਾਜ ਦਾ ਕਤਲ’ ਕਰਾਰ ਦਿੰਦਿਆਂ ਕਿਹਾ ਕਿ ਕਾਤਲਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।
ਦੇਸ਼ ਵਿਆਪੀ ਨਿਖੇਧੀ
ਨਵੀਂ ਦਿੱਲੀ: ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਬੈਂਗਲੂਰੂ ਵਿੱਚ ਬੜੇ ਭੇਦ ਭਰੇ ਨਾਲ ਹਤਿਆ ਕੀਤੇ ਜਾਣ ਦੀ ਦੇਸ਼ ਭਰ ਵਿੱਚ ਕਰੜੀ ਨਿਖੇਧੀ ਕੀਤੀ ਜਾ ਰਹੀ ਹੈ। ਅਗਾਂਹਵਧੂ ਰਾਜਸੀ ਆਗੂਆਂ, ਸਮਾਜਿਕ ਸਖ਼ਸ਼ੀਅਤਾਂ, ਸੰਪਾਦਕਾਂ, ਪੱਤਰਕਾਰਾਂ, ਕਲਾਕਾਰਾਂ ਅਤੇ ਆਮ ਲੋਕਾਂ ਨੇ ਇਸ ਹਤਿਆ ਪਿੱਛੇ ਫਿਰਕੂ ਸ਼ਕਤੀਆਂ ਦਾ ਸਪੱਸ਼ਟ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਕਾਰਵਾਈ ਲੋਕ ਪੱਖੀ ਸਮਾਜਿਕ ਕਾਰਕੁਨਾਂ ਦੀ ਆਵਾਜ਼ ਬੰਦ ਕਰਨ ਦੀ ਕੋਝੀ ਕਾਰਵਾਈ ਹੈ।