ਲੰਡਨ : ਪੰਜਾਬ ਦੀ ਸਨਅਤ ਨੂੰ ਹੁਲਾਰਾ ਦੇਣ ਲਈ ਕੈਪਟਨ ਨੇ ਲਕਸ਼ਮੀ ਮਿੱਤਲ ਨਾਲ ਕੀਤੀ ਮੁਲਾਕਾਤ

ਲੰਡਨ : ਪੰਜਾਬ ਦੀ ਸਨਅਤ ਨੂੰ ਹੁਲਾਰਾ ਦੇਣ ਲਈ ਕੈਪਟਨ ਨੇ ਲਕਸ਼ਮੀ ਮਿੱਤਲ ਨਾਲ ਕੀਤੀ ਮੁਲਾਕਾਤ

ਲੰਡਨ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਪਹਿਰ ਦੇ ਖਾਣੇ ‘ਤੇ ਸਟੀਲ ਦੇ ਵਿਸ਼ਵ ਪ੍ਰਸਿੱਧ ਕਾਰੋਬਾਰੀ ਲਕਸ਼ਮੀ ਮਿੱਤਲ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਸੂਬੇ ਵਿਚ ਕਈ ਉੱਦਮਾਂ ਤੋਂ ਇਲਾਵਾ ਸੰਗਰੂਰ ਵਿਚ ਪੈਟਰੋਕੈਮੀਕਲ ਉਦਯੋਗ ਲਈ ਪ੍ਰਾਜੈਕਟ ਸਥਾਪਤ ਕਰਨ ਬਾਰੇ ਵਿਚਾਰ-ਚਰਚਾ ਕੀਤੀ ਗਈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦੋਵਾਂ ਨੇ ਮਿੱਤਲ ਦੀ ਮਾਲਕੀ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਆਰਸੀਲੋਰ ਮਿੱਤਲ ਦਾ ਪੰਜਾਬ ਵਿਚ ਨਿਵੇਸ਼ ਵਧਾਉਣ ਪ੍ਰਤੀ ਵੱਖ-ਵੱਖ ਕਦਮਾਂ ਬਾਰੇ ਸਹਿਮਤੀ ਪ੍ਰਗਟਾਈ। ਮੁਲਾਕਾਤ ਦੌਰਾਨ ਬਠਿੰਡਾ ਵਿਚ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾਣ ਵਾਲੇ ਪੈਟਰੋ ਕੈਮੀਕਲ ਪਲਾਂਟ ਦੇ ਪ੍ਰਸਤਾਵ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬਠਿੰਡਾ ਵਿਚ ਕੰਪਨੀ ਵਲੋਂ ਪਹਿਲਾਂ ਹੀ ਪੈਟਰੋਲੀਅਮ ਰਿਫਾਇਨਰੀ ਸਥਾਪਤ ਕੀਤੀ ਹੋਈ ਹੈ। ਮਿੱਤਲ ਨੇ ਮੁੱਖ ਮੰਤਰੀ ਨੂੰ ਸਰਕਾਰ ਪਾਸੋਂ ਬੁਨਿਆਦੀ ਢਾਂਚੇ ਲਈ ਸਹਿਯੋਗ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਮਿੱਤਲ ਨੂੰ ਪੂਰੀ ਮਦਦ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਛੇਤੀ ਹੀ ਨਵੀਂ ਸਨਅਤੀ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਨਾਲ ਸੂਬੇ ਵਿਚ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।
ਮੁੱਖ ਮੰਤਰੀ ਅਤੇ ਸਟੀਲ ਉਦਯੋਗਪਤੀ ਨੇ ਜਨਤਕ-ਨਿੱਜੀ ਭਾਈਵਾਲੀ ਰਾਹੀਂ ਬਠਿੰਡਾ ਵਿਚ ਇੱਕ ਕਰੋੜ ਰੁਪਏ ਤੋਂ ਲੈ ਕੇ 200 ਕਰੋੜ ਰੁਪਏ ਤੱਕ ਦੇ ਨਿਵੇਸ਼ ਨਾਲ ਸਹਾਇਕ ਸਨਅਤੀ ਯੂਨਿਟ ਸਥਾਪਤ ਕਰਨ ਲਈ ਪਹਿਲਾਂ ਕੀਤੀ ਵਿਚਾਰ-ਚਰਚਾ ਨੂੰ ਅੱਗੇ ਤੋਰਿਆ। ਸ੍ਰੀ ਮਿੱਤਲ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਵਿਚ ਹੋਰ ਨਿਵੇਸ਼ ਕਰਨ ਦੀ ਇੱਛੁਕ ਹੈ।