ਸਿੱਖ ਭਾਈਚਾਰੇ ਵਲੋਂ ਰਾਹੁਲ ਖ਼ਿਲਾਫ਼ ਰੋਸ ਮੁਜ਼ਾਹਰਾ

ਸਿੱਖ ਭਾਈਚਾਰੇ ਵਲੋਂ ਰਾਹੁਲ ਖ਼ਿਲਾਫ਼ ਰੋਸ ਮੁਜ਼ਾਹਰਾ

‘ਰਾਹੁਲ ਗਾਂਧੀ ਦੀ ਕਾਂਗਰਸ 1984 ਸਿੱਖ ਕਤਲੇਆਮ ਦੀ ਦੋਸ਼ੀ ਹੈ’
ਬਾਰਕਲੇ/ਬਿਊਰੋ ਨਿਊਜ਼:
ਭਾਰਤ ਵਿੱਚ ਸਿੱਖ ਉੱਤੇ ਜ਼ੁਲਮ ਢਾਹੁਣ ਵਾਲੀ ਤੇ ਅਪਰੇਸ਼ਨ ਬਲਿਊ ਸਟਾਰ ਦੀ ਕਰਤਾ ਧਰਤਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੋੱਤਰੇ ਅਤੇ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਹੁਲ ਗਾਂਧੀ ਨੂੰ ਬੀਤੇ ਦਿਨ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ‘ਚ 1984 ‘ਚ ਸਿੱਖ ਵਿਰੋਧੀ ਦੰਗਿਆਂ ਦੇ ਪੀੜ੍ਹਤਾਂ ਅਤੇ ਸਿੱਖ ਭਾਈਚਾਰੇ ਵਲੋਂ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਯੂਨੀਵਰਸਿਟੀ ਵਲੋਂ ਭਾਸ਼ਨ ਕਰਨ ਲਈ ਬੁਲਾਏ ਗਏ ਰਾਹੁਲ ਗਾਂਧੀ ਨੂੰ ਸਿੱਖਾਂ ਵਲੋਂ ਉਸ ਵਿਰੁਧ ਕੀਤੇ ਰੋਸ ਪ੍ਰਿਦਰਸ਼ਨ ਦੇ ਨਾਲ ਅਪਣੇ ਭਾਸ਼ਨ ਦੌਰਾਨ ਦੋਸ਼ੀ ਕਾਂਗਰਸੀ ਆਗੂਆਂ ਨੂੰ ਬਚਾਉਣ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ । ਜਿਸ ਸਮੇਂ ਅੰਤਰਰਾਸ਼ਟਰੀ ਹਾਊਸ ਬਾਹਰ ਸਿੱਖ ਭਾਈਚਾਰੇ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਅੰਦਰ ਮੇਜ਼ਬਾਨ ਨੇ ਰਾਹੁਲ ਤੋਂ ਇਸ ਸਬੰਧੀ ਸਵਾਲ ਕੀਤਾ, ਜਿਸ ਦੇ ਜਵਾਬ ‘ਚ ਰਾਹੁਲ ਨੇ ਕਿਹਾ ”ਮੈਂ ਸਿੱਖ ਭਾਈਚਾਰੇ ਨਾਲ ਪਿਆਰ ਕਰਦਾ ਹਾਂ, ਮੈਂ ਸਮਝ ਸਕਦਾ ਹਾਂ ਕਿ ਹਿੰਸਾ ਕੀ ਹੈ । ਅਸਲ ਵਿਚ ਮੈਂ ਨਿਆਂ ਲਈ ਉਨ੍ਹਾਂ ਦੇ ਨਾਲ ਹਾਂ ।”
ਇਸ ਤੋਂ ਬਾਅਦ ਇਕ ਵਿਦਿਆਰਥੀ ਸੋਬੀਆ ਚਾਹਲ ਨੇ ਰਾਹੁਲ ਨੂੰ ਸਵਾਲ ਕੀਤਾ ਕਿ ਜੇਕਰ ਤੁਸੀਂ ਨਿਆਂ ਦੇ ਮਾਮਲੇ ‘ਚ ਸਿੱਖਾਂ ਦੇ ਨਾਲ ਹੋ ਤਾਂ ਫ਼ਿਰ ਹੁਣ ਤੱਕ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ, ਜੋ ਕਿ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਹਨ । ਇਸ ਸਵਾਲ ਦਾ ਜਵਾਬ ਦੇਣ ਤੋਂ ਰਾਹੁਲ ਗਾਂਧੀ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਇਸ ਪ੍ਰੋਗਰਾਮ ਤੋਂ ਬਾਅਦ ਵਿਅਕਤੀਗਤ ਤੌਰ ‘ਤੇ ਜਵਾਬ ਦੇਵੇਗਾ ।
ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਸੈਂਕੜੇ ਲੋਕ ਯੂਨੀਵਰਸਿਟੀ ‘ਚ ਲਾਮਬੰਦ ਹੋਏ, ਜਿਨ੍ਹਾਂ ਨੇ ‘ਰਾਹੁਲ ਗਾਂਧੀ ਦੀ ਕਾਂਗਰਸ 1984 ਸਿੱਖ ਕਤਲੇਆਮ ਦੀ ਦੋਸ਼ੀ ਹੈ’ ਅਤੇ ‘ਗਾਂਧੀ ਵਾਪਿਸ ਜਾਓ’ ਦੇ ਸੰਦੇਸ਼ ਵਾਲੀਆਂ ਤਖ਼ਤੀਆਂ ਫ਼ੜੀਆਂ ਸਨ । ਜਦੋਂ ਰਾਹੁਲ ਗਾਂਧੀ ਯੂਨੀਵਰਸਿਟੀ ਤੋਂ ਬਾਹਰ ਆ ਰਹੇ ਸਨ ਤਾਂ ਬਾਹਰ ਖੜੇ ਪ੍ਰਦਰਸ਼ਨਕਾਰੀਆਂ ਤੋਂ ਬਚਾਉਂਦੇ ਹੋਏ ਉਸ ਨੂੰ ਸਖ਼ਤ ਸੁਰੱਖਿਆ ਦੇ ਘੇਰੇ ‘ਚ ਬਾਹਰ ਕੱਢਿਆ ਗਿਆ, ਜਦ ਕਿ ਉਸ ਦੇ ਕਾਫ਼ਲੇ ‘ਤੇ ਪ੍ਰਦਰਸ਼ਨਕਾਰੀਆਂ ਨੇ ਜੁੱਤੀਆਂ ਵੀ ਸੁੱਟੀਆਂ ।
ਰਾਹੁਲ ਗਾਂਧੀ ਦੀ 1984 ਸਿੱਖ ਪੀੜਤਾਂ ਪ੍ਰਤੀ ਹਮਦਰਦੀ ਸਬੰਧੀ ਮਨੁੱਖੀ ਅਧਿਕਾਰ ਸੰਗਠਨ ‘ਸਿਖ਼ਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਨੂੰ ਸਿੱਖਾਂ ਪ੍ਰਤੀ ਹਮਦਰਦੀ ਹੈ ਤਾਂ ਉਹ ਇਕ ਹੀ ਸਮੇਂ ਸਿੱਖਾਂ ਦਾ ਅਤੇ ਟਾਈਟਲ, ਸੱਜਣ, ਕਮਲਨਾਥ ਵਰਗੇ ਦੋਸ਼ੀਆਂ ਦਾ ਸਾਥ ਨਹੀਂ ਦੇ ਸਕਦੇ । ਰਾਹੁਲ ਨੂੰ ਅੱਜ ਸਿੱਖ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਅਸੀਂ 20 ਸਤੰਬਰ ਨੂੰ ਟਾਇਮਜ਼ ਸਕੇਅਰ ‘ਤੇ ਦੁਬਾਰਾ ਰਾਹੁਲ ਗਾਂਧੀ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਤਿਆਰ ਹਾਂ।
ਗੁਰਪਤਵੰਤ ਸਿੰਘ ਪਨੂੰ ਨੇ ਦੱਸਿਆ ਕਿ ਭਾਸ਼ਨ ਦੌਰਾਨ ਰਾਹੁਲ ਨੂੰ ਸਿੱਖਾਂ ਦੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹ ਕਈ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਇਸੇ ਦੌਰਾਨ ਸਿੱਖ ਫਾਰ ਜਸਟਿਸ ਨੇ ਸਿੱਖ ਕਤਲੇਆਮ ਦਾ ਹਵਾਲਾ ਦਿੰਦਿਆਂ ਯੂਨੀਵਰਸਿਟੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਰਾਹੁਲ ਗਾਂਧੀ ਨੂੰ ਯੂਨੀਵਰਸਿਟੀ ਵਿਚ ਭਾਸ਼ਣ ਦੇਣ ਲਈ ਨਾ ਸੱਦਿਆ ਜਾਵੇ। ਯੂਨੀਵਰਸਿਟੀ ਅਧਿਕਾਰੀਆਂ ਨੂੰ ਪੱਤਰ ਲਿਖਦਿਆਂ ਜਥੇਬੰਦੀ ਨੇ ਕਿਹਾ ਸੀ ਕਿ ਰਾਹੁਲ ਗਾਂਧੀ 1984 ਵਿਚ ਹੋਏ ਸਿੱਖ ਕਤਲੇਆਮ ਲਈ ਦੋਸ਼ੀ ਹੈ।