ਸਾਨੀਆ ਮਿਰਜ਼ਾ ਨੂੰ ਟੈਕਸ ਅਦਾ ਨਾ ਕਰਨ ‘ਤੇ ਸੇਵਾ ਕਰ ਵਿਭਾਗ ਵੱਲੋਂ ਸੰਮਨ

ਸਾਨੀਆ ਮਿਰਜ਼ਾ ਨੂੰ ਟੈਕਸ ਅਦਾ ਨਾ ਕਰਨ ‘ਤੇ ਸੇਵਾ ਕਰ ਵਿਭਾਗ ਵੱਲੋਂ ਸੰਮਨ

ਹੈਦਰਾਬਾਦ/ਬਿਊਰੋ ਨਿਊਜ਼ :
ਭਾਰਤ ਦੀ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵੱਲੋਂ ਸੇਵਾ ਕਰ ਅਦਾ ਨਾ ਕੀਤੇ ਜਾਣ ਕਾਰਨ ਸੇਵਾ ਕਰ ਵਿਭਾਗ ਵੱਲੋਂ ਉਸ ਨੂੰ ਸੰਮਨ ਜਾਰੀ ਕਰਕੇ 16 ਫਰਵਰੀ ਨੂੰ ਵਿਭਾਗ ਵਿਚ ਤਲਬ ਕੀਤਾ ਗਿਆ ਹੈ। ਹੈਦਰਾਬਾਦ ਦੇ ਸੇਵਾ ਕਰ ਵਿਭਾਗ ਦੇ ਪ੍ਰਮੁੱਖ ਕਮਿਸ਼ਨਰ ਵੱਲੋਂ ਜਾਰੀ ਸੰਮਨ ਵਿਚ ਕਿਹਾ ਗਿਆ ਕਿ ਹੈ ਉਹ 16 ਫਰਵਰੀ ਨੂੰ ਖੁਦ ਵਿਭਾਗ ਦੇ ਦਫ਼ਤਰ ਵਿਚ ਹਾਜ਼ਰ ਹੋਵੇ ਜਾਂ ਆਪਣੇ ਕਿਸੇ ਪ੍ਰਤੀਨਿਧ ਨੂੰ ਭੇਜੇ ਤਾਂ ਕਿ ਉਸ ਤੋਂ ਮਾਮਲੇ ਸਬੰਧੀ ਜ਼ਰੂਰੀ ਪੁੱਛਗਿੱਛ ਕੀਤੀ ਜਾ ਸਕੇ। ਪ੍ਰਮੁੱਖ ਕਮਿਸ਼ਨਰ ਨੇ ਸਾਨੀਆ ਮਿਰਜ਼ਾ ਨੂੰ ਇਸ ਵਿਚ ਮਾਮਲੇ ਆਪਣਾ ਪੱਖ ਦੇਣ ਲਈ ਜ਼ਰੂਰੀ ਦਸਤਾਵੇਜ਼ਾਂ ਸਮੇਤ ਨਿਸ਼ਚਿਤ ਸਮੇਂ ‘ਤੇ ਆਉਣ ਲਈ ਕਿਹਾ ਹੈ। ਇਸ ਸਬੰਧੀ ਲਾਪ੍ਰਵਾਹੀ ਨਾ ਵਰਤਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਕਿ ਨੋਟਿਸ ਕਿਸ ਮਾਮਲੇ ਵਿਚ ਜਾਰੀ ਕੀਤਾ ਗਿਆ ਹੈ ਪਰ ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਸੇਵਾ ਕਰ ਵਿਭਾਗ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਾ ਦੇ ਸਕੀ ਤਾਂ ਇਸ ਵਾਸਤੇ ਉਨ੍ਹਾਂ ਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ।