‘ਪਾਪਾ ਦੀ ਪਰੀ’ ਮੋਸਟ ਵਾਂਟਡ ਸੂਚੀ ‘ਚ ਸਿਖ਼ਰ ‘ਤੇ

‘ਪਾਪਾ ਦੀ ਪਰੀ’ ਮੋਸਟ ਵਾਂਟਡ ਸੂਚੀ ‘ਚ ਸਿਖ਼ਰ ‘ਤੇ

ਚੰਡੀਗੜ੍ਹ/ਬਿਊਰੋ ਨਿਊਜ਼ :
ਸਾਧਵੀਆਂ ਦੀ ਪੱਤ ਲੁੱਟਣ ਵਾਲੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ, ਜੋ 25 ਅਗਸਤ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਜਾਣ ਬਾਅਦ ਫਰਾਰ ਹੈ, ਪੰਚਕੂਲਾ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਹਿੰਸਾ ਵਿਚ ਲੋੜੀਂਦੇ 45 ਜਣਿਆਂ ਦੀ ਸੂਚੀ ਵਿਚ ਸਿਖ਼ਰ ਉਤੇ ਹੈ। ਹਰਿਆਣਾ ਪੁਲੀਸ ਦੀ ਵੈੱਬਸਾਈਟ ‘ਤੇ 45 ਮੋਸਟ ਵਾਂਟੇਡ ਵਿਅਕਤੀਆਂ ਦੀ ਸੂਚੀ ਵਿੱਚ ਡੇਰੇ ਦਾ ਸਾਬਕਾ ਤਰਜਮਾਨ ਡਾ. ਅਦਿਤਿਆ ਇੰਸਾਂ ਦੂਜੇ ਨੰਬਰ ‘ਤੇ ਹੈ। ਹਨੀਪ੍ਰੀਤ ਤੇ ਅਦਿੱਤਿਆ ਦੀਆਂ ਤਸਵੀਰਾਂ ਤੇ ਨਾਂ ਅਪਲੋਡ ਕੀਤੇ ਗਏ ਹਨ ਜਦੋਂ ਕਿ ਬਾਕੀ 43 ਵਿਅਕਤੀਆਂ ਦੀਆਂ ਸਿਰਫ਼ ਤਸਵੀਰਾਂ ਹੀ ਪੋਸਟ ਕੀਤੀਆਂ ਗਈਆਂ ਹੈ। ਹਿੰਸਾ ਭੜਕਾਉਣ ਵਾਲੇ ਇਨ੍ਹਾਂ ਵਿਅਕਤੀਆਂ ਬਾਰੇ ਸੂਚਨਾ ਦੇਣ ਦੀ ਅਪੀਲ ਕਰਦਿਆਂ ਪੁਲੀਸ ਨੇ ਮੋਬਾਈਲ ਨੰਬਰ 81466-30005, 81466-30031 ਅਤੇ ਵਟਸਐਪ ਨੰਬਰ 81466-30011 ਜਾਰੀ ਕੀਤਾ ਹੈ। ਡੀਜੀਪੀ ਬੀਐਸ ਸੰਧੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਨੀਪ੍ਰੀਤ, ਅਦਿੱਤਿਆ ਅਤੇ ਪਵਨ ਇੰਸਾਂ ਵਰਗੇ ਲੋੜੀਂਦੇ ਵਿਅਕਤੀ ਜਾਂਚ ਵਿੱਚ ਸ਼ਾਮਲ ਨਾ ਹੋਏ ਤਾਂ ਇਨ੍ਹਾਂ ਨੂੰ ਭਗੌੜੇ ਕਰਾਰ ਦੇਣ ਲਈ ਪੁਲੀਸ ਵੱਲੋਂ ਅਦਾਲਤ ਵਿਚ ਪਹੁੰਚ ਕੀਤੀ ਜਾਵੇਗੀ।