ਸਰੀ: ਵਾਹਨ ਦੀ ਫੇਟ ਵੱਜਣ ਕਾਰਨ ਪਿੰਡ ਬੁਤਾਲਾ ਦੇ ਨੌਜਵਾਨ ਦੀ ਮੌਤ

ਸਰੀ: ਵਾਹਨ ਦੀ ਫੇਟ ਵੱਜਣ ਕਾਰਨ ਪਿੰਡ ਬੁਤਾਲਾ ਦੇ ਨੌਜਵਾਨ ਦੀ ਮੌਤ

ਵੈਨਕੂਵਰ/ਬਿਊਰੋ ਨਿਊਜ਼ :
ਸਰੀ ਵਿੱਚ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।  ਪੰਜਾਬ ਵਿੱਚ ਬਿਆਸ ਨੇੜਲੇ ਪਿੰਡ ਬੁਤਾਲੇ ਦਾ ਅਵਤਾਰ ਸਿੰਘ ਬੱਲ (26) ਮਹੀਨਾ ਕੁ ਪਹਿਲਾਂ ਇੱਥੇ ਆਇਆ ਸੀ। ਕਈ ਸਾਲ ਅਬੂਧਾਬੀ ਰਹਿਣ ਤੋਂ ਬਾਅਦ ਉਸ ਨੇ ਇੱਥੋਂ ਦਾ ਵਰਕ ਪਰਮਿਟ ਲਿਆ ਸੀ। ਸਵੇਰ ਸਾਰ ਉਹ ਸਰੀ ਦੇ ਗਿਲਫਰਡ ਖੇਤਰ ਵਿੱਚ ਸੜਕ ਕੰਢੇ ਪੈਦਲ ਜਾ ਰਿਹਾ ਸੀ ਕਿ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਵਾਹਨ ਚਾਲਕ ਫਰਾਰ ਹੋ ਗਿਆ ਤੇ ਬੁਰੀ ਤਰ੍ਹਾਂ ਜ਼ਖ਼ਮੀ ਅਵਤਾਰ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਪੁਲੀਸ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਹਾਸਲ ਕਰ ਰਹੀ ਹੈ ਤਾਂ ਜੋ ਵਾਹਨ ਦੀ ਪਛਾਣ ਕੀਤੀ ਜਾ ਸਕੇ। ਪੁਲੀਸ ਨੇ ਲੋਕਾਂ ਨੂੰ ਵੀ ਸਹਿਯੋਗ ਕਰਨ ਲਈ ਕਿਹਾ ਹੈ।
ਹਾਦਸੇ ਵਾਲੀ ਥਾਂ ਨੇੜੇ ਰਹਿੰਦੇ ਬਿਕਰਮ ਸਿੰਘ ਨੰਦਾ ਨੇ ਦੱਸਿਆ ਕਿ ਅਵਤਾਰ ਸਿੰਘ ਕਿਸੇ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਕਾਰਨ ਸੜਕ ਤੋਂ 10-12 ਫੁੱਟ ਦੂਰ ਉਸ ਦੇ ਘਰ ਮੂਹਰੇ ਆ ਕੇ ਡਿੱਗਿਆ, ਉਸ ਦਾ ਸਿਰ ਸੜਕ ਉਤੇ ਵੱਜਣ ਕਾਰਨ ਨੱਕ ਵਿੱਚੋਂ ਖ਼ੂਨ ਵਗ ਰਿਹਾ ਸੀ। ਬਿਕਰਮ ਨੇ ਉਸ ਨੂੰ ਬਨਾਉਟੀ ਸਾਹ ਦੇਣਾ ਜਾਰੀ ਰੱਖਿਆ, ਜਿਸ ਕਾਰਨ ਐਂਬੂਲੈਂਸ ਪਹੁੰਚਣ ਤੱਕ ਉਸ ਦੀ ਬੰਦ ਨਬਜ਼ ਚੱਲਣ ਲੱਗ ਪਈ ਸੀ। ਐਂਬੂਲੈਂਸ ਅਮਲੇ ਨੇ ਵੀ ਬਿਕਰਮ ਦੀ ਪ੍ਰਸੰਸਾ ਕੀਤੀ ਕਿ ਉਸ ਨੇ ਜ਼ਖ਼ਮੀ ਨੂੰ ਬਚਾਉਣ ਦੀ ਪੂਰੀ ਵਾਹ ਲਾਈ ਪਰ ਦਿਮਾਗ ਦੀ ਡੂੰਘੀ ਸੱਟ ਦੀ ਤਾਬ ਨਾ ਝਲਦਿਆਂ ਅਵਤਾਰ ਸਿੰਘ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਰਿਸ਼ਤੇਦਾਰ ਕੁਲਵਿੰਦਰ ਅਨੁਸਾਰ ਅਵਤਾਰ ਮਹੀਨਾ ਕੁ ਪਹਿਲਾਂ ਹੀ ਕੈਨੇਡਾ ਆਇਆ ਸੀ ਤੇ ਟਰੱਕ ਡਰਾਈਵਰ ਦੇ ਲਾਇਸੈਂਸ ਲਈ ਰੋਡ ਟੈਸਟ ਦੇਣ ਘਰੋਂ ਗਿਆ ਸੀ।