ਭਾਈ ਜਗਤਾਰ ਸਿੰਘ ਹਵਾਰਾ ਦੀ ਪਿੱਠ ਦਾ ਦਰਦ ਵਧਿਆ, ਬੈਠਣਾ ਵੀ ਮੁਸ਼ਕਲ ਹੋਇਆ

ਭਾਈ ਜਗਤਾਰ ਸਿੰਘ ਹਵਾਰਾ ਦੀ ਪਿੱਠ ਦਾ ਦਰਦ ਵਧਿਆ, ਬੈਠਣਾ ਵੀ ਮੁਸ਼ਕਲ ਹੋਇਆ

ਖਮਾਣੋਂ/ਬਿਊਰੋ ਨਿਊਜ਼ :
ਸਿੱਖ ਆਗੂ ਅਤੇ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਪਿੱਠ ਦਾ ਦਰਦ ਐਨਾ ਵੱਧ ਚੁੱਕਾ ਹੈ ਕਿ ਉਨ੍ਹਾਂ ਦਾ ਬੈਠਣਾ ਵੀ ਮੁਸ਼ਕਲ ਹੈ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਦਿੱਲੀ ਸਥਿਤ ਤਿਹਾੜ ਜੇਲ੍ਹ ਪ੍ਰਸ਼ਾਸਨ ਵਲੋਂ ਅਣਦੇਖੀ ਕੀਤੀ ਜਾ ਰਹੀ ਹੈ। ਉੱਥੇ ਹੀ ਦਿੱਲੀ ਹਾਈਕੋਰਟ ਵਿਚ ਭਾਈ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਵਲੋਂ ਇਲਾਜ ਸਬੰਧੀ ਵਾਰ-ਵਾਰ ਅਰਜ਼ੀ ਦਾਖਲ ਕਰਨ ‘ਤੇ ਅਦਾਲਤ ਵਲੋਂ ਸਵੀਕਾਰਨ ਦੀ ਬਜਾਏ ਲੰਮੇ ਸਮੇਂ ਦੀ ਸੁਣਵਾਈ ‘ਤੇ ਰੱਖੀ ਜਾ ਰਹੀ ਹੈ। ਅਜਿਹੀ ਹੀ ਇਕ ਅਰਜ਼ੀ ਦੀ ਸੁਣਵਾਈ 6 ਦਸੰਬਰ ਨੂੰ ਹੋਣੀ ਹੈ। ਜਥੇਦਾਰ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਪੁਲੀਸ ਤਸ਼ੱਦਦ ਸਹਿਣ ਕਰਦੇ ਆ ਰਹੇ ਭਾਈ ਹਵਾਰਾ ਦੀ ਰੀੜ੍ਹ ਦੀ ਹੱਡੀ ‘ਤੇ ਬਹੁਤ ਬੁਰਾ ਅਸਰ ਪਿਆ ਹੋਇਆ ਹੈ। ਜਿਸ ਦੇ ਚਲਦੇ ਉਹ ਕਾਫ਼ੀ ਤਕਲੀਫ਼ ਮਹਿਸੂਸ ਕਰ ਰਹੇ ਹਨ। ਪਰ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਦੇ ਇਲਾਜ ਲਈ ਗੰਭੀਰ ਨਹੀਂ ਹੈ। ਜਿਸ ਬਾਰੇ ਉਹ ਦਿੱਲੀ ਹਾਈਕੋਰਟ ਨੂੰ ਮੈਡੀਕਲ ਰਿਪੋਰਟ ਵੀ ਵਾਰ-ਵਾਰ ਦੇ ਚੁੱਕੇ ਹਨ ਅਤੇ ਅਦਾਲਤ ਉਸ ਨੂੰ ਦੇਖਣ ਦੀ ਬਜਾਏ ਸੁਣਵਾਈ ਦੀ ਤਰੀਕ ਲੰਮੇ ਸਮੇਂ ‘ਤੇ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਹ ਕੁਝ ਹੋਰ ਸਿੱਖ ਆਗੂਆਂ ਦੇ ਵਫ਼ਦ ਸਮੇਤ ਉੱਥੋਂ ਦੇ ਇਕ ਵਿਧਾਇਕ ਜਰਨੈਲ ਸਿੰਘ ਨਾਲ ਮਿਲ ਕੇ ਭਾਈ ਹਵਾਰਾ ਦੀ ਰੀੜ੍ਹ ਦੀ ਹੱਡੀ ਦੀ ਤਕਲੀਫ਼ ਸਬੰਧੀ ਦੱਸ ਕੇ ਆਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੱਸਿਆ ਕਿ ਭਾਈ ਹਵਾਰਾ ‘ਤੇ ਪਿਛਲੇ 7-8 ਮਹੀਨੇ ਤੋਂ ਦਿੱਲੀ ਵਿਚ ਕੋਈ ਮੁਕੱਦਮਾ ਹੀ ਨਹੀਂ ਚੱਲ ਰਿਹਾ ਤਾਂ ਇਨ੍ਹਾਂ ਨੂੰ ਇੱਥੇ ਜੇਲ੍ਹ ਵਿਚ ਰੱਖਣ ਦੀ ਤੁਕ ਨਹੀਂ ਰਹਿ ਜਾਂਦੀ। ਪਰ ਅਜੇ ਤੱਕ ਦਿੱਲੀ ਸਰਕਾਰ ਨੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ।