ਨਸ਼ਿਆਂ ਦਾ ਮਾਮਲਾ- ਮਹਿਸੂਸ ਹੁੰਦੈ ਕਿ ਮਜੀਠੀਆ ਦੋਸ਼ੀ ਪਰ ਹਾਲੇ ਸਬੂਤ ਨਹੀਂ ਮਿਲੇ : ਕੈਪਟਨ

ਨਸ਼ਿਆਂ ਦਾ ਮਾਮਲਾ- ਮਹਿਸੂਸ ਹੁੰਦੈ ਕਿ ਮਜੀਠੀਆ ਦੋਸ਼ੀ ਪਰ ਹਾਲੇ ਸਬੂਤ ਨਹੀਂ ਮਿਲੇ : ਕੈਪਟਨ

ਕੈਪਸ਼ਨ-ਜਲੰਧਰ ਵਿਚ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਪਰਗਟ ਸਿੰਘ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ।
ਜਲੰਧਰ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਬਹੁ-ਚਰਚਿਤ ਮਾਮਲੇ ‘ਤੇ ਆਪਣੀ ਖ਼ਾਮੋਸ਼ੀ ਤੋੜਦਿਆਂ ਕਿਹਾ ਕਿ ਜ਼ਾਤੀ ਤੌਰ ‘ਤੇ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵਿਰੁੱਧ ਸਬੂਤਾਂ ਦੀ ਉਡੀਕ ਕਰ ਰਹੇ ਹਨ।
ਮੁੱਖ ਮੰਤਰੀ ਬਣਨ ਤੋਂ 7 ਮਹੀਨੇ ਬਾਅਦ ਜਲੰਧਰ ਆਏ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਜਾਂਚ ਦਾ ਮਾਮਲਾ ਕੇਂਦਰੀ ਏਜੰਸੀਆਂ ‘ਤੇ ਸੁੱਟਦਿਆਂ ਕਿਹਾ ਕਿ ਜਿਉਂ ਹੀ ਏਜੰਸੀਆਂ ਕੋਈ ਇਸ਼ਾਰਾ ਕਰਨਗੀਆਂ, ਪੰਜਾਬ ਸਰਕਾਰ ਫ਼ੌਰੀ ਦੋਸ਼ੀਆਂ ਵਿਰੁੱਧ ਕਾਰਵਾਈ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਬਾਰੇ ਚਾਰ ਕੇਂਦਰੀ ਏਜੰਸੀਆਂ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਆਮਦਨ ਕਰ ਵਿਭਾਗ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਡੀਆਰਆਈ ਜਾਂਚ ਕਰ ਰਹੀਆਂ ਹਨ। ਪੰਜਾਬ ਸਰਕਾਰ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਮਜੀਠੀਆ ਹੋਵੇ ਜਾਂ ਕੋਈ ਹੋਰ। ਗ਼ੌਰਤਲਬ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕੋਲ ਮੰਗ ਰੱਖੀ ਸੀ ਕਿ ਨਸ਼ਿਆਂ ਦੇ ਮਾਮਲੇ ਵਿਚ ਸਾਬਕਾ ਅਕਾਲੀ ਮੰਤਰੀ ਸ੍ਰੀ ਮਜੀਠੀਆ ਵਿਰੁੱਧ ਕਾਰਵਾਈ ਕੀਤੀ ਜਾਵੇ। ਕਾਂਗਰਸ ਸਰਕਾਰ ਸੱਤ ਮਹੀਨਿਆਂ ਵਿਚ ਇਸ ਸਬੰਧੀ ਸਬੂਤ ਨਹੀਂ ਜੁਟਾ ਸਕੀ। ਕਾਂਗਰਸੀ ਵਿਧਾਇਕਾਂ ਦੀ ਮੰਗ ਮੁਤਾਬਕ ਜਾਂਚ ਕਰਵਾਉਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਜਾਂਚ ਕਰ ਰਹੀਆਂ ਹਨ ਤੇ ਉਨ੍ਹਾਂ ਦੀ ਜਾਂਚ ਨੂੰ ਉਲੰਘਿਆ ਨਹੀਂ ਜਾ ਸਕਦਾ। ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਬਣਾਈ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਕਈ ਸੁਰਾਗ ਮਿਲੇ ਹਨ। ਲੁਧਿਆਣੇ ਵਿਚ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕਤਲ ਬਾਰੇ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਦੇ ਦਾਅਵੇ ਕਿ ਕਾਤਲ ਕੈਨੇਡਾ ਵਿਚ ਬੈਠੇ ਹਨ, ਬਾਰੇ ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਸ੍ਰੀ ਬਿੱਟੂ ਨੇ ਕੀ ਕਿਹਾ ਹੈ, ਪਰ ਇਹ ਜਾਂਚ ਵੀ ਕੇਂਦਰੀ ਏਜੰਸੀ ਕਰ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਐਨਡੀਪੀ ਦੇ ਨਵੇਂ ਬਣੇ ਆਗੂ ਜਗਮੀਤ ਸਿੰਘ ‘ਗੈਰਜ਼ਿੰਮੇਵਾਰਾਨਾ ਤੇ ਭੜਕਾਊ’ ਬਿਆਨਾਂ ਰਾਹੀਂ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਖ਼ੁਦ ਨੂੰ ਭਾਰਤੀ ਮੰਨਦੇ ਹਨ ਤਾਂ ਉਨ੍ਹਾਂ ਪੰਜਾਬ ਵਿੱਚ ਅਸਥਿਰਤਾ ਪੈਦਾ ਕਰਨ ਵਾਲੇ ਬੇਬੁਨਿਆਦ ਬਿਆਨ ਨਹੀਂ ਦੇਣੇ ਚਾਹੀਦੇ। ਬਿਜਲੀ ਦਰਾਂ ਦੇ ਵਾਧੇ ‘ਤੇ ਨਾਖ਼ੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਫ਼ੈਸਲਾ ਹੈ, ਜਿਸ ਵਿਚ ਸਰਕਾਰ ਦਖਲ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਨਅਤਾਂ ਨੂੰ ਸਸਤੀ ਅਤੇ ਖੇਤਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਘਰੇਲੂ ਖੇਤਰ ਨੂੰ ਸਸਤੀ ਬਿਜਲੀ ਦੇਣ ਲਈ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਜਾਣਗੀਆਂ। ਕੁੱਤੇ ਰੱਖਣ ‘ਤੇ ਟੈਕਸ ਲਾਉਣ ਦੀ ਗੱਲ ਨੂੰ ਸਿਰੇ ਤੋਂ ਨਕਾਰਦਿਆਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਤਜਵੀਜ਼ ਨਹੀਂ ਹੈ। ਪ੍ਰਾਇਮਰੀ ਸਕੂਲਾਂ ਦੇ ਰਲੇਵੇਂ ਨੂੰ ਲੰਬੀ ਸੋਚ-ਵਿਚਾਰ ਪਿਛੋਂ ਲਿਆ ਫੈਸਲਾ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਮਕਸਦ ਮਹਿਜ਼ ਵਿਭਾਗੀ ਸਰੋਤਾਂ ਦੀ  ਸੁਚੱਜੀ ਵਰਤੋਂ ਕਰਨਾ ਹੈ। ਉਨ੍ਹਾਂ ਕਿਹਾ ਕਿ ਇਕ ਕਿਲੋਮੀਟਰ ਦੇ ਦਾਇਰੇ ਅੰਦਰ ਹੀ ਘੱਟ ਬੱਚਿਆਂ ਵਾਲੇ ਸਕੂਲ ਬੰਦ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ ‘ਤੇ ਮਾੜਾ ਅਸਰ ਨਹੀਂ ਪਵੇਗਾ।
ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਨਗਰ ਨਿਗਮ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਉਨ੍ਹਾਂ ਜਲੰਧਰ ਦੇ ਵਿਕਾਸ ਲਈ 363.43 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਕੈਪਟਨ ਦੀ ਅਗਵਾਈ ਵਿਚ ਨਿਗਮ ਚੋਣਾਂ ਜਿੱਤ ਕੇ ਹੈਟ੍ਰਿਕ ਲਾਈ ਜਾਵੇਗੀ। ਪਿਛਲੀ ਸਰਕਾਰ ਨੇ ਪਿੰਡਾਂ-ਸ਼ਹਿਰਾਂ ਦੀ ਨੁਹਾਰ ਵਿਗਾੜ ਦਿੱਤੀ ਹੈ, ਜਿਸ ਨੂੰ ਸੁਧਾਰਨ ਲਈ ਸਰਕਾਰ ਕੋਲ ਪੈਸਿਆਂ ਦੀ ਘਾਟ ਹੈ।