ਗੁਰਤਾਗੱਦੀ ਦਿਵਸ ਸਬੰਧੀ ਯੂਬਾਸਿਟੀ ‘ਚ ਵਿਸ਼ਾਲ ਨਗਰ ਕੀਰਤਨ

ਗੁਰਤਾਗੱਦੀ ਦਿਵਸ ਸਬੰਧੀ ਯੂਬਾਸਿਟੀ ‘ਚ ਵਿਸ਼ਾਲ ਨਗਰ ਕੀਰਤਨ

ਖਾਲਸਾਈ ਰੰਗ ਵਿੱਚ ਰੰਗਿਆ ਗਿਆ ਪੰਜਾਬੀਆਂ ਦੀ ਭਰਵੀਂ ਵੱਸੋਂ ਵਾਲਾ ਪੇਂਡੂ ਸ਼ਹਿਰ
ਆਤਿਸ਼ਬਾਜ਼ੀ, ਅੰਮ੍ਰਿਤ ਸੰਚਾਰ, ਨਿਸ਼ਾਨ ਸਾਹਿਬ ਸੇਵਾ, ਕੀਰਤਨ ਦਰਬਾਰ ਤੇ ਵਿਸ਼ੇਸ਼ ਸੈਮੀਨਾਰ ਕਰਵਾਏ
ਯੂਬਾ ਸਿਟੀ/ਹੁਸਨ ਲੜੋਆ ਬੰਗਾ :
ਵਿਸ਼ਵ ਪੱਧਰੀ ਨਗਰ ਕੀਰਤਨਾਂ ਵਿਚ ਆਪਣਾ ਨਾਂ ਸੁਮਾਰ ਕਰਨ ਵਾਲੇ ਯੂਬਾ ਸਿਟੀ ਨਗਰ ਕੀਰਤਨ ਨੇ ਐਤਕਾਂ ਵੀ ਕਈ ਦਿਸਹੱਦੇ ਪੈਦਾ ਕੀਤੇ। ਗੁਰਤਾਗੱਦੀ ਦਿਵਸ ਸਬੰਧੀ ਯੂਬਾਸਿਟੀ ‘ਚ ਕੀਤੇ ਜਾਂਦੇ ਸਾਲਾਨਾ ਵਿਸ਼ਾਲ ਨਗਰ ਕੀਰਤਨ ‘ਚ ਐਤਕੀ ਵੀ ਸਿੱਖੀ ਬਾਣੇ ਵਾਲੀਆਂ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਨਾਲ ਪੰਜਾਬੀਆਂ ਦੀ ਭਰਵੀਂ ਵੱਸੋਂ ਵਾਲਾ ਇਹ ਪਿੰਡ ਨੁਮਾ ਸ਼ਹਿਰ ਖਾਲਸਾਈ ਰੰਗ ਵਿੱਚ ਰੰਗਿਆ ਨਜ਼ਰੀਂ ਪੈਂਦਾ ਸੀ।
ਐਤਵਾਰ ਸਵੇਰੇ ਅਮਰੀਕਨ ਤੇ ਸਿੱਖ ਆਗੂਆਂ ਨੂੰ ਦਿੱਤੇ ਸਨਮਾਨਾਂ ਤੋਂ ਬਾਅਦ ਅਰਦਾਸ ਹੋਣ ਬਾਅਦ ਨਗਰ ਕੀਰਤਨ ਦੀ ਅਰੰਭਤਾ ਹੋਈ ਜਿਸ ਦੀ ਅਗਵਾਈ ਪੰਜਾਂ ਪਿਆਰਾਂ ਇਲਾਵਾ ਅਮਰੀਕਨ ਸਮੁੰਦਰੀ ਸੈਨਾ ਤੇ ਹਵਾਈ ਸੈਨਾ ਦੀ ਟੁੱਕੜੀ ਨੇ ਬੈਂਡ ਤੇ ਪਰੇਡ ਨਾਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਵੱਡੇ ਸ਼ਿੰਗਾਰੇ ਫਲੋਟ ਵਿਚ ਸ਼ਸੋਭਤ ਕਰਕੇ ਤੇ ਕੀਰਤਨ ਕਰਕੇ ਯੂਬਾਸਿਟੀ ਨਗਰ ਵਿਚ ਕੱਢਿਆ ਗਿਆ ਜਿਸ ਨੂੰ ਹਜਾਰਾਂ ਸੰਗਤਾਂ ਨੇ ਨਮਸਕਾਰ ਕੀਤਾ ਤੇ ਜੈਕਾਰਿਆਂ ਨਾਲ ਜਿਵੇਂ ਅਸਮਾਨ ਗੂੰਜ ਉਠਿਆ ਹੋਵੇ। ਇਸ ਨਗਰ ਕੀਰਤਨ ਵਿਚ ਵੱਖ ਵੱਖ ਫਲੋਟਾਂ ਨੇ ਨਗਰ ਕੀਰਤਨ ਦੀ ਸ਼ਾਨ ਨੂੰ ਚਾਰ ਚੰਨ ਲਗਾਏ। ਕੁਝ ਫਲੋਟਾਂ ਦੀ ਅਗਵਾਈ ਕੁਝ ਸਿਆਸੀ ਤੇ ਸਮਾਜਿਕ ਆਗੂ ਕਰ ਰਹੇ ਸਨ।
ਇਸ ਨਗਰ ਕੀਰਤਨ ਵਿਚ ਜਿਥੇ ਹਰ ਵਰਗ ਦਾ ਵਿਅਕਤੀ ਆ ਕੇ ਸਿੱਖ ਭਾਈਚਾਰੇ ਦੀ ਦਿੱਖ ਤੋਂ ਪ੍ਰਭਾਵਿਤ ਹੁੰਦਾ ਹੈ ਉਥੇ ਨਾਲ ਹੀ ਐਨੇ ਵੱਡੇ ਪ੍ਰਬੰਧਾਂ ਤੋਂ ਵੀ ਦੰਗ ਹੋ ਕੇ ਜਾਂਦਾ ਹੈ। ਯੂਬਾਸਿਟੀ ਜਿੱਥੇ ਹਰ ਵਰ੍ਹੇ ਅਜਿਹਾ ਹੀ ਧਾਰਮਿਕ ਇਕੱਠ ਹੁੰਦਾ ਹੈ ਤੇ ਹਰ ਵਰ੍ਹੇ ਵਧਦਾ ਹੈ ਤੇ ਨਵੀਂ ਸੰਗਤ ਜੁੜਦੀ ਹੈ। ਐਤਕਾਂ ਵੀ ਵੱਖ ਪੜਾਵਾਂ ਵਿਚ ਵੱਖ ਵੱਖ ਸਮਾਗਮਾਂ ਤੇ ਖਾਸ ਕਰ ਸੰਗਤਾਂ ਦੀ ਸੇਵਾ ਦੀ ਤਿਆਰੀ ਕਰੀਬ ਇਕ ਮਹੀਨੇ ਤੋਂ ਹੋ ਰਹੀ ਸੀ।

img_0124

ਨਗਰ ਕੀਰਤਨ ਤੋਂ ਪਹਿਲਾਂ ਆਤਿਸ਼ਬਾਜ਼ੀ ਕੀਤੀ ਗਈ ਜਿਸ ਦਾ ਸਿੱਖ ਭਾਈਚਾਰੇ ਦੇ ਨਾਲ ਨਾਲ ਅਮਰੀਕਨ ਭਾਈਚਾਰੇ ਨੇ ਵੀ ਆਨੰਦ ਮਾਣਿਆ। ਇਨ੍ਹਾਂ ਸਮਾਗਮਾਂ ਦੌਰਾਨ ਅੰਮ੍ਰਿਤ ਸੰਚਾਰ ਹੋਇਆ ਜਿਸ ਦੌਰਾਨ ਕਕਾਰਾਂ ਦੀ ਸੇਵਾ ਗੁਰੂ ਘਰ ਵਜੋਂ ਕੀਤੀ ਗਈ। ਇਨ੍ਹਾਂ ਸਮਾਗਮਾਂ ਦੌਰਾਨ ਹੀ ਦਸ਼ਮੇਸ਼ ਹਾਲ ਵਿਚ ਇਕ ਬਹੁਤ ਅਹਿਮ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਡਾ. ਹਰਸ਼ਿੰਦਰ ਕੌਰ ਤੇ ਇੰਗਲੈਂਡ ਤੋਂ ਡਾ. ਇਕਤਿਹਾਰ ਕਰਾਮਤ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਸਿੱਖ ਧਰਮ ਦੇ ਬੁਨਿਆਦੀ ਅਸੂਲ ਤੇ ਅੱਜ ਦੇ ਸੰਦਰਭ ਵਿਚੋਂ ਉਨ੍ਹਾਂ ਦੀ ਮਹੱਤਤਾ ਬਾਰੇ ਸ਼ਾਮਿਲ ਸੰਗਤਾਂ ਨੂੰ ਜਾਣੂ ਕਰਵਾਇਆ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ਿੰਦਰ ਕੌਰ ਨੇ ਸਿੱਖੀ ਨੂੰ ਬਚਾਉਣ ਤੇ ਨਸ਼ੇ ‘ਚ ਗੜੁੱਚ ਹੋਏ ਪੰਜਾਬ ਤੇ ਪੰਜਾਬੀ ਜਵਾਨੀ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਵਾਸੀ ਪੰਜਾਬੀਆਂ ਨੂੰ ਅੱਗੇ ਆਉਣ ਦਾ ਹੋਕਾ ਦਿੱਤਾ।
ਧਾਰਮਿਕ ਸਮਾਗਮਾਂ ਦੌਰਾਨ ਅਰਦਾਸ ਹੋਈ ਤੇ ਅਰਦਾਸ ਵਿਚ ਸੰਗਤਾਂ ਨੇ ਅੰਮ੍ਰਿਤ ਵੇਲੇ ਸ਼ਮੂਲੀਅਤ ਕੀਤੀ। ਰੈਣ ਸੁਬਾਈ ਕੀਰਤਨ ਵਿਚ ਪੰਥ ਦੇ ਮਕਬੂਲ ਰਾਗੀ ਜੱਥਿਆਂ ਨੇ ਆਪਣੀ ਆਪਣੀ ਹਾਜ਼ਰੀ ਭਰ ਤੇ ਜੋ ਗੁਰਬਾਣੀ ਨਾਲ ਸ਼ਾਮ 6:00 ਵਜੇ ਤੋਂ ਸਵੇਰੇ ਇਕ ਵਜੇ ਤੱਕ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੋੜਦੇ ਰਹੇ ਇਨ੍ਹਾਂ ਮਹਾਨ ਜੱਥਿਆਂ ਵਿਚ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ, ਭਾਈ ਹਰਚਰਨ ਸਿੰਘ ਦੀ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਤੇ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾਸਿਟੀ ਗਿਆਨੀ ਲਖਵਿੰਦਰ ਸਿੰਘ ਸੋਹਲ ਦਾ ਰਾਗੀ ਜੱਥੇ ਨੇ ਗੁਰੁ ਘਰ ਹਾਜ਼ਰੀ ਭਰੀ।
ਇਨ੍ਹਾਂ ਸਮਾਗਮਾਂ ਤੋਂ ਬਾਅਦ ਐਤਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਜਿਸ ਤੋਂ ਬਾਅਦ ਕੁਝ ਅਮਰੀਕਨ ਉੱਚ ਅਧਿਕਾਰੀਆਂ ਤੇ ਸਿੱਖ ਆਗੂਆਂ ਵੱਲੋਂ ਆਪਣੇ ਆਪਣੇ ਵਿਚਾਰ ਰੱਖੇ ਗਏ. ਇਨ੍ਹਾਂ ਆਗੂਆਂ ਵਿਚੋ ਅਸੈਂਬਲੀਮੈਨ ਸੁਪਰਵਾਈਜਰ ਰੌਲ ਸਲੰਜਰ, ਸੁਪਰਵਾਈਜਰ, ਲੈਰੀ ਮੂੰਗਰ, ਸੁਪਰਵਾਈਜਰ ਜਿਮਵਿਟਕਰ, ਸੁਪਰਵਾਈਜਰ ਡੈਨ ਫਲੋਰਸਨ, ਸੁਪਰਵਾਈਜਰ ਸੈਂਟ ਕੋਨਿੰਟ, ਸੁਪਰਡੈਂਟ ਯੂਬਾਸਿਟੀ ਯੂਨਾਫਾਈਡ ਸਕੂਲ ਡਿਸਟ੍ਰਿਕ ਬਲਜਿੰਦਰ ਕੌਰ ਢਿੱਲੋਂ ਤੇ ਮੇਅਰ ਯੂਬਾਸਿਟੀ ਸਟੀਵ ਕਲੀਵਲੈਂਡ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਤੇ ਸਿੱਖ ਭਾਈਚਾਰੇ ਨੂੰ ਗੁਰਤਾ ਗੱਦੀ ਦਿਵਸ ਤੇ ਨਗਰ ਕੀਰਤਨ ਤੇ ਵਧਾਈ ਦਿੱਤੀ। ਇਸੇ ਤਰ੍ਹਾਂ ਸਿੱਖ ਭਾਈਚਾਰੇ ਦੇ ਆਗੂਆਂ ਵਿਚ ਡਾ. ਅਮਰਜੀਤ ਸਿੰਘ, ਡਾ. ਪ੍ਰਿਤਪਾਲ ਸਿੰਘ, ਡਾ. ਹਰਸ਼ਿੰਦਰ ਕੌਰ, ਡਾ. ਗੁਰਨਾਮ ਸਿੰਘ ਪੰਮਾ, ਡਾ. ਬਖਸ਼ੀਸ ਸਿੰਘ ਸਿੱਖ ਕੌਂਸਲ ਰੇਸ਼ਮ ਸਿੰਘ, ਬੂਟਾ ਸਿੰਘ ਖੜੌਦ, ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ  ਮਾਨ ਸਿੰਘ ਮਾਨ, ਪਲਵਿੰਦਰ ਸਿੰਘ ਮਾਹੀ, ਪ੍ਰਮਿੰਦਰ ਸਿੰਘ ਗਰੇਵਾਲ, ਜਸਵੰਤ ਸਿੰਘ ਹੋਠੀ, ਜਸਵਿੰਦਰ ਸਿੰਘ ਜੰਡੀ, ਸੁਖਵਿੰਦਰ ਸਿੰਘ ਥਾਣਾ, ਸੁਖਮਿੰਦਰ ਸਿੰਘ ਹੰਸਰਾ ਸਮੇਤ ਹੋਰਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ। ਸਟੇਜ ਦੀ ਕਾਰਵਾਈ ਗੁਰਮੇਜ ਸਿੰਘ ਗਿੱਲ ਨੇ ਧਾਰਮਿਕ ਮੁਰਿਯਾਦਾ ਤੇ ਠਰੰਮੇ ਨਾਲ ਨਿਭਾਈ।
ਐਤਕਾਂ ਨਗਰ ਕੀਰਤਨ ਤੇ ਵਿਸ਼ੇਸ਼ ਸੋਵੀਨਰ ਵੀ ਕੱਢਿਆ ਗਿਆ ਜਿਸ ਨੂੰ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਪ੍ਰਬੰਧਕਾਂ ਵਜੋਂ ਦੀਵਾਨ ਹਾਲ ‘ਚ ਰੀਲੀਜ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ ਤੇ ਬਾਅਦ ‘ਚ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨੂੰ ਮੁਫ਼ਤ ਵੰਡਿਆ ਗਿਆ।
ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਤੇ ਲੰਗਰਾਂ ਦਾ ਸੰਗਤਾਂ ਵਿਚ ਸ਼ਾਮਿਲ ਹਰ ਵਰਗ ਦੇ ਲੋਕਾਂ ਨੇ ਆਨੰਦ ਲਿਆ। ਭਾਈ ਗਿਣਤੀ ਵਿਚ ਲੋਕਾਂ ਨੇ ਗੁਰਦੁਆਰੇ ਅੱਗੇ ਬਣਾਈ ਗਈ ਆਰਜੀ ਮਾਰਕੀਟ ਤੋਂ ਭਾਰੀ ਖਰੀਦੋ ਫਰੋਖਤ ਵੀ ਕੀਤੀ।
ਐਤਕਾਂ ਮਾਹੌਲ ਤਲਖੀ ਵਾਲਾ ਹੋਣ ਦੇ ਬਾਵਜੂਦ ਵੀ ਸਭ ਸੁਖਸਾਂਦ ਰਿਹਾ ਇਹ ਪ੍ਰਬੰਧਕਾਂ ਦੀ ਪ੍ਰਾਪਤੀ ਹੀ ਹੈ। ਸੰਗਤਾਂ ਨੂੰ ਪੁਲਿਸ ਵਲੋਂ ਦੂਰੋ ਟ੍ਰੈਫਿਕ ਕੰਟਰੋਲ ਕਰਨ ਲਈ ਰੋਕੇ ਜਾਣ ਤੇ ਸੰਗਤਾਂ ਨੂੰ ਗੁਰਦੁਆਰੇ ਤੱਕ ਪਹੁੰਚਣ ਲਈ ਕੁਝ ਦਿਕਤਾਂ ਜ਼ਰੂਰ ਆਈਆਂ। ਐਤਕਾਂ ਵੀ ਹਰ ਵਰਗ ਦਾ ਅਮਰੀਕਨ ਨਗਰ ਕੀਰਤਨ ਦੀ ਸ਼ੋਭਾ ਬਣਿਆ।