ਕੇਜਰੀਵਾਲ ਖਹਿਰਾ ਨੂੰ ਆਮ ਆਦਮੀ ਪਾਰਟੀ ਵਿਚੋਂ ਕੱਢੇ-ਬੀਬੀ ਜਾਗੀਰ ਕੌਰ

ਕੇਜਰੀਵਾਲ ਖਹਿਰਾ ਨੂੰ ਆਮ ਆਦਮੀ ਪਾਰਟੀ ਵਿਚੋਂ ਕੱਢੇ-ਬੀਬੀ ਜਾਗੀਰ ਕੌਰ

ਜਲੰਧਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਾਗੀਰ ਕੌਰ ।

ਜਲੰਧਰ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ ਦੇ  ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਿਰੁਧ ਨਸ਼ਿਆਂ ਦੇ ਮਾਮਲੇ ਸਬੰਧੀ ਫਾਜ਼ਿਲਕਾ ਅਦਾਲਤ ਵਿੱਚ ਪੇਸ਼ ਹੋਣ ਦੇ ਕੀਤੇ ਸੰਮਨ ਦੇ ਮਾਮਲੇ ਤੋਂ ਭੜਕੀਆਂ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ ਖਹਿਰਾ ਨੂੰ ਤੁਰੰਤ ਪਾਰਟੀ ਵਿੱਚੋਂ ਬਾਹਰ  ਕੱਢਿਆ ਜਾਵੇ। ਸੁਖਪਾਲ ਸਿੰਘ ਖਹਿਰਾ ਦੀ ਰਵਾਇਤੀ  ਵਿਰੋਧੀ ਆਗੂ ਬੀਬੀ ਜਗੀਰ ਕੌਰ ਨੇ ਤਿੱਖਾ ਹੱਲਾ ਬੋਲਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਖ਼ਿਲਾਫ਼ ਨਸ਼ਿਆਂ ਦੇ ਕਾਰੋਬਾਰ ਵਿੱਚ ਫਸੇ ਹੋਣ ਦੇ ਲੱਗੇ ਦੋਸ਼ਾਂ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਹਾਈ ਕੋਰਟ ਨੇ ਵੀ ਕਹਿ ਦਿੱਤਾ ਹੈ ਤਾਂ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਖਹਿਰਾ ਜਿਹੇ ਦਾਗੀ ਆਗੂ ਨੂੰ ਪਾਰਟੀ ਵਿੱਚੋਂ ਤੁਰੰਤ ਬਾਹਰ ਕੱਢਣ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲੀਸ ਖਹਿਰਾ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕਰੇ ਅਤੇ ਸਖ਼ਤੀ ਨਾਲ ਪੁੱਛ-ਪੜਤਾਲ ਕਰੇ ਤਾਂ ਜੋ ਨਸ਼ਿਆਂ ਦੇ  ਗੁੱਝੇ ਭੇਤ ਬਾਹਰ ਆ ਸਕਦੇ ਹਨ। ਬੀਬੀ ਨੇ ਦਾਅਵਾ ਕੀਤਾ ਕਿ ਦਾਰਾ ਮੁੱਠਡਾ ਦੀ ਖਹਿਰਾ ਨਾਲ ਨੇੜਤਾ ਬਾਰੇ ਸਭ ਜਾਣਦੇ ਹਨ ਕਿ ਕਿਵੇਂ ਉਹ ਖਹਿਰਾ ਦੀਆਂ ਚੋਣਾਂ ਵਿੱਚ ਆ ਕੇ ਮੱਦਦ ਕਰਦਾ ਸੀ। ਉਨ੍ਹਾਂ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਸਾਬਕਾ ਕਾਂਗਰਸੀ ਹੋਣ ਕਾਰਨ ਖਹਿਰਾ ਨੂੰ ਬਚਾਅ ਰਹੀ ਹੈ।  ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ ਹਲਕਾ ਭੁੱਲਥ ਵਿੱਚ ਨਸ਼ਿਆਂ ਤੇ ਖਾਸ ਕਰਕੇ ਚਿੱਟੇ ਦਾ ਦੌਰ ਕੈਪਟਨ ਦੀ ਪਿਛਲੀ ਸਰਕਾਰ ਸਮੇਂ ਤੋਂ ਸ਼ੁਰੂ ਹੋ ਗਿਆ ਸੀ। ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲੇ ਖਹਿਰਾ ਨੂੰ ਚਾਹੀਦਾ ਹੈ ਕਿ ਉਹ ਇਸ ਅਹੁਦੇ ਤੋਂ ਆਪੇ ਹੀ ਲਾਂਭੇ ਹੋ ਜਾਣ।
ਉਧਰ ਕਾਂਗਰਸ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਵੀ ਖਹਿਰਾ ਤੋਂ ਅਸਤੀਫਾ ਮੰਗਿਆ ਹੈ।

ਬੀਬੀ ਬਣਨਾ ਚਾਹੁੰਦੀ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਨੇ ਲੁਕਵੇਂ ਜਿਹੇ ਢੰਗ ਨਾਲ ਮੁੜ ਪ੍ਰਧਾਨਗੀ ਲੈਣ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ ਤਾਂ ਉਹ ਬਿਲਕੁਲ ਤਿਆਰ ਹਨ। ਇਹ ਟਿੱਪਣੀ ਉਨ੍ਹਾਂ 29 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਹੋ ਰਹੀ ਚੋਣ ਲਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤੀ।