ਅਮਰੀਕਾ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਵੀ ਗੋਬਿੰਦ ਸਿੰਘ ਲੌਂਗੋਵਾਲ ਖ਼ਿਲਾਫ਼ ਨਿੱਤਰੀ

ਅਮਰੀਕਾ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਵੀ ਗੋਬਿੰਦ ਸਿੰਘ ਲੌਂਗੋਵਾਲ ਖ਼ਿਲਾਫ਼ ਨਿੱਤਰੀ

ਅੰਮ੍ਰਿਤਸਰ/ਬਿਊਰੋ ਨਿਊਜ਼
ਅਮਰੀਕਾ ਵਿੱਚ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਅਮਰੀਕਾ ਦੌਰੇ ‘ਤੇ ਵਿਰੋਧ ਕੀਤਾ ਜਾਵੇਗਾ ਅਤੇ ਉਸ ਨੂੰ ਸਟੇਜਾਂ ਤੋਂ ਬੋਲਣ ਤੋਂ ਰੋਕਿਆ ਜਾਵੇਗਾ। ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਨਵਨਿਯੁਕਤ ਪ੍ਰਧਾਨ ਵੋਟਾਂ ਦੀ ਖਾਤਰ ਡੇਰਾ ਸਿਰਸਾ ਦੇ ਮੁਖੀ ਨੂੰ ਮਿਲਿਆ ਸੀ, ਜਿਸ ਕਰਕੇ ਉਸ ਨੂੰ ਅਕਾਲ ਤਖ਼ਤ ਤੋਂ ਤਨਖਾਹ ਵੀ ਲਾਈ ਗਈ ਸੀ। ਉਨ੍ਹਾਂ  ਆਖਿਆ ਕਿ ਇਹ ਹੋਰ ਵੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਨਰਲ ਇਜਲਾਸ ਦੌਰਾਨ ਸ੍ਰੀ ਲੌਂਗੋਵਾਲ ਦਾ ਨਾਂ ਪੇਸ਼ ਕਰਨ ਲਈ ਬੀਬੀ ਜਗੀਰ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਆਖਿਆ ਕਿ ਬੀਬੀ ਜਗੀਰ ਕੌਰ ਨੂੰ ਪਹਿਲਾਂ ਹੀ ਆਪਣੀ ਧੀ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਵਲੋਂ ਸਜ਼ਾ ਸੁਣਾਈ ਜਾ ਚੁੱਕੀ ਹੈ। ਅਜਿਹੇ ਵਿਅਕਤੀ ਕੋਲੋਂ ਨਾਂ ਤਜਵੀਜ਼ ਕਰਾਉਣਾ ਸਿੱਖ ਕੌਮ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਆਖਿਆ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਭਾਵੇਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਾਨਤਾ ਨਹੀਂ ਦਿੰਦੀ ਪਰ ਉਸ ਵੱਲੋਂ ਕੁਝ ਸਮਾਂ ਪਹਿਲਾਂ ਹੀ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰਨਾਂ ਨੂੰ ਡੇਰਾ ਸਿਰਸਾ ਜਾਣ ਦੇ ਮਾਮਲੇ ਵਿਚ ਤਨਖਾਹ ਲਾਈ ਗਈ ਸੀ। ਡੇਰਾ ਸਿਰਸਾ ਦੇ ਮੁਖੀ ਨੇ ਦਸਵੇਂ ਗੁਰੂ ਦਾ ਸਵਾਂਗ ਰਚਾ ਕੇ ਬੱਜਰ ਗਲਤੀ ਕਰਦਿਆਂ ਸਿੱਖ ਭਾਵਨਾਵਾਂ ਨੂੰ ਠੇਸ ਪੁਚਾਈ ਸੀ। ਅਜਿਹੇ ਵਿਅਕਤੀ ਕੋਲੋਂ ਸਿੱਖ ਆਗੂ ਦੁਆਰਾ ਵੋਟਾਂ ਮੰਗੇ ਜਾਣਾ ਵੀ ਵੱਡੀ ਗਲਤੀ ਹੈ। ਉਸ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਉਣਾ ਹੀ ਪੰਥਕ ਰਵਾਇਤਾਂ ਦੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਹੁਕਮਰਾਨਾਂ ਦੀਆਂ ਅਜਿਹੀਆਂ ਨੀਤੀਆਂ ਕਾਰਨ ਹੀ ਵਰਲਡ ਸਿੱਖ ਪਾਰਲੀਮੈਂਟ ਹੋਂਦ ਵਿੱਚ ਆ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਨ੍ਹਾਂ ਹੁਕਮਰਾਨਾਂ ਵੱਲੋਂ ਹਿੰਦੂ ਲੀਡਰਸ਼ਿਪ ਦੇ ਇਸ਼ਾਰੇ ‘ਤੇ ਸਿੱਖ ਕੌਮ ਵਿਚ ਭੰਬਲਭੂਸਾ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਨਵੇਂ ਪ੍ਰਧਾਨ ਦੀ ਨਿਯੁਕਤੀ ਵੀ ਇਸੇ ਦਾ ਹਿੱਸਾ ਹੈ। ਮੀਟਿੰਗ ਵਿਚ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦਵਿੰਦਰ ਸਿੰਘ ਤੇ ਹੋਰ ਸ਼ਾਮਲ ਸਨ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਲ ਖਾਲਸਾ ਅਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਨੇ ਵੀ ਨਵ ਨਿਯੁਕਤ ਪ੍ਰਧਾਨ ਦਾ ਵਿਰੋਧ ਕੀਤਾ ਹੈ।

ਲੌਂਗੋਵਾਲ ਨੇ ਜ਼ਮੀਨੀ ਵਿਵਾਦ ਸਬੰਧੀ ਦੋਸ਼ਾਂ ਨੂੰ ਨਕਾਰਿਆ
ਸ਼ੇਰਪੁਰ (ਪੱਤਰ ਪ੍ਰੇਕ): ਜ਼ਮੀਨੀ ਵਿਵਾਦ ਸਬੰਧੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਹਰ ਵਰ੍ਹੇ ਸੰਤ ਲੌਂਗੋਵਾਲ ਦੀ ਬਰਸੀ ਮਨਾਉਂਦੇ ਹਨ। ਉਨ੍ਹਾਂ ਨੇ ਜਗ੍ਹਾ ਦੀ ਘਾਟ ਦੇ ਮੱਦੇਨਜ਼ਰ ਢੱਡਰੀਆਂ ਦੀ ਜ਼ਮੀਨ ਦੇ ਤਬਾਦਲੇ ਦੀ ਗੱਲ ਤੋਰੀ ਸੀ ਜਿਸ ਸਬੰਧੀ ਉਸ ਸਮੇਂ ਐਸਜੀਪੀਸੀ ਵੱਲੋਂ ਬਕਾਇਦਾ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ। ਭਾਈ ਲੌਂਗੋਵਾਲ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਜੁਡੀਸ਼ੀਅਲ ਕਮਿਸ਼ਨ ਕੋਲ ਇਸ ਤਬਾਦਲੇ ਸਬੰਧੀ ਇਤਰਾਜ਼ ਲਾਉਂਦਿਆਂ ਕੇਸ ਪਾਇਆ ਸੀ ਜਿਸ ਮਗਰੋਂ ਉਨ੍ਹਾਂ ਐਸਜੀਪੀਸੀ ਦੇ ਤਤਕਾਲੀ ਪ੍ਰਧਾਨ ਨਾਲ ਮੁਲਾਕਾਤ ਕਰਕੇ ਕਿਸੇ ਵੀ ਵਾਦ-ਵਿਵਾਦ ਵਿੱਚ ਨਾ ਪੈਣ ਦੀ ਗੱਲ ਕਰਕੇ ਆਪਣੀ ਤਰਫ਼ੋਂ ਮਾਮਲੇ ਨੂੰ ਪੂਰੀ ਤਰ੍ਹਾਂ ਵਿਰਾਮ ਲਾ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਇਸੇ ਕਾਰਨ ਹੀ ਜੁਡੀਸ਼ੀਅਲ ਕਮਿਸ਼ਨ ਕੋਲ ਇਹ ਕੇਸ ਫਾਈਲ ਵੀ ਹੋ ਗਿਆ ਸੀ ਪਰ ਹੁਣ ਕੁਝ ਵਿਰੋਧੀ ਉਨ੍ਹਾਂ ਦੇ ਅਕਸ ਨੂੰ ਲੋਕਾਂ ‘ਚ ਖ਼ਰਾਬ ਕਰਨ ਲਈ ਆਏ ਦਿਨ ਨਵੇਂ-ਨਵੇਂ ਵਿਵਾਦ ਖੜ੍ਹੇ ਕਰਨ ‘ਚ  ਲੱਗੇ ਹੋਏ ਹਨ।