ਮੁਲਕ ਦੀ ਢਿੱਲੀ ਆਵਾਸ ਪ੍ਰਣਾਲੀ ਨੂੰ ਕਸਣ ਦੀ ਲੋੜ- ਟਰੰਪ

ਮੁਲਕ ਦੀ ਢਿੱਲੀ ਆਵਾਸ ਪ੍ਰਣਾਲੀ ਨੂੰ ਕਸਣ ਦੀ ਲੋੜ- ਟਰੰਪ

ਅਮਰੀਕਾ ਨੂੰ ਬਚਾਉਣ ਲਈ ਰੋਕਣਾ ਪਵੇਗਾ ‘ਲੜੀਵਾਰ’ ਪਰਵਾਸ

ਰਾਸ਼ਟਰਪਤੀ ਡੋਨਲਡ ਟਰੰਪ ਵ੍ਹਾਈਟ ਹਾਊਸ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਵਾਸ਼ਿੰਗਟਨ/ਬਿਊਰੋ ਨਿਊਜ਼:
ਆਈਐਸਆਈਐਸ ਤੋਂ ਪ੍ਰੇਰਿਤ ਬੰਗਲਾਦੇਸ਼ੀ ਮੂਲ ਦੇ ਵਿਅਕਤੀ ਵੱਲੋਂ ਨਿਊਯਾਰਕ ਸਿਟੀ ਦੇ ਭੀੜ ਭੜੱਕੇ ਵਾਲੇ ਮੈਟਰੋ ਸਟੇਸ਼ਨ ਉਤੇ ਧਮਾਕਾ ਕੀਤੇ ਜਾਣ ਦੇ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਨੂੰ ਬਚਾਉਣ ਵਾਸਤੇ ਕਾਂਗਰਸ ਨੂੰ ਕਿਹਾ ਕਿ ‘ਢਿੱਲੀ’ ਆਵਾਸ ਪ੍ਰਣਾਲੀ ‘ਚ ਸੁਧਾਰ ਅਤੇ ‘ਲੜੀਵਾਰ ਪਰਵਾਸ’ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਜਾਣ। ਪੁਲੀਸ ਨੇ ਦੱਸਿਆ ਕਿ 27 ਸਾਲਾ ਸ਼ੱਕੀ ਹਮਲਾਵਰ ਅਕਾਇਦ ਉੱਲ੍ਹਾ ਨੇ ਤਾਰਾਂ ਤੇ ਪਾਈਪ ਬੰਬ ਆਪਣੇ ਸਰੀਰ ‘ਤੇ ਵਲੇਟਿਆ ਹੋਇਆ ਸੀ। ਇਹ ਬੰਬ ਪੋਰਟ ਅਥਾਰਟੀ ਨੇੜੇ ਦੋ ਸਬਵੇਅ ਪਲੇਟਫਾਰਮਾਂ ਦਰਮਿਆਨ ਫਟ ਗਿਆ ਸੀ, ਜਿਸ ਵਿੱਚ ਸ਼ੱਕੀ ਹਮਲਾਵਰ ਸਮੇਤ ਚਾਰ ਜਣੇ ਫੱਟੜ ਹੋ ਗਏ ਸਨ।
ਰਾਸ਼ਟਰਪਤੀ ਟਰੰਪ ਨੇ ਕਿਹਾ, ‘ਪਿਛਲੇ ਦੋ ਮਹੀਨਿਆਂ ਵਿੱਚ ਨਿਊਯਾਰਕ ਸਿਟੀ ਵਿੱਚ ਸਮੂਹਿਕ ਕਤਲ ਦਾ ਇਹ ਦੂਜਾ ਯਤਨ ਕੀਤਾ ਗਿਆ ਹੈ। ਇਸ ਨਾਲ ਇਕ ਵਾਰ ਫਿਰ ਅਮਰੀਕਾ ਵਾਸੀਆਂ ਦੀ ਰਾਖੀ ਲਈ ਤੁਰੰਤ ਸੁਧਾਰਵਾਦੀ ਕਾਨੂੰਨ ਬਣਾਉਣ ਦੀ ਲੋੜ ਸਾਹਮਣੇ ਆਈ ਹੈ।’ ਰਿਪੋਰਟਾਂ ਮੁਤਾਬਕ ਸ਼ੱਕੀ ਹਮਲਾਵਰ ਬੰਗਲਾਦੇਸ਼ ਤੋਂ ਸੱਤ ਵਰ੍ਹੇ ਪਹਿਲਾਂ ਪਰਿਵਾਰਕ ਵੀਜ਼ੇ ਉਤੇ ਅਮਰੀਕਾ ਆਇਆ ਸੀ। ਰਾਸ਼ਟਰਪਤੀ ਨੇ ਕਿਹਾ, ‘ਸਭ ਤੋਂ ਪਹਿਲਾਂ ਅਮਰੀਕਾ ਨੂੰ ਆਪਣੀ ਢਿੱਲੀ ਆਵਾਸ ਪ੍ਰਣਾਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਜੋ ਕਈ ਖ਼ਤਰਨਾਕ ਅਤੇ ਬੇਲੋੜੇ ਤਜਰਬੇਕਾਰ ਲੋਕਾਂ ਨੂੰ ਸਾਡੇ ਦੇਸ਼ ਵਿੱਚ ਆਉਣ ਦੀ ਆਗਿਆ ਦੇ ਰਹੀ ਹੈ। ਇਹ ਸ਼ੱਕੀ ਅਤਿਵਾਦੀ ਸਾਡੇ ਦੇਸ਼ ਵਿੱਚ ਪਰਿਵਾਰ ਲੜੀ ਪਰਵਾਸ ਰਾਹੀਂ ਦਾਖ਼ਲ ਹੋਇਆ ਸੀ, ਜੋ ਕੌਮੀ ਸੁਰੱਖਿਆ ਦੇ ਅਨੁਕੂਲ ਨਹੀਂ ਹੈ।’
ਪਰਿਵਾਰਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਅਮਰੀਕਾ ਸੱਦਣ ਲਈ ਸਪਾਂਸਰ ਕਰਨ ਵਾਲੀ ਪ੍ਰਣਾਲੀ ਨੂੰ ਰਾਸ਼ਟਰਪਤੀ ਖ਼ਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੱਠ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਰੋਕ ਲਾਉਣ ਵਾਲਾ ਪ੍ਰਸ਼ਾਸਕੀ ਹੁਕਮ, ਜਿਸ ਨੂੰ ਹਾਲ ਹੀ ਸੁਪਰੀਮ ਕੋਰਟ ਨੇ ਮੁਕੰਮਲ ਰੂਪ ‘ਚ ਲਾਗੂ ਕਰਨ ਦੀ ਆਗਿਆ ਦੇ ਦਿੱਤੀ ਹੈ, ਆਵਾਸ ਪ੍ਰਣਾਲੀ ਦੀ ‘ਰਾਖੀ’ ਲਈ ਚੁੱਕਿਆ ਗਿਆ ਮਹਿਜ਼ ਪਹਿਲਾਂ ਕਦਮ ਹੈ।
ਉਨ੍ਹਾਂ ਕਿਹਾ, ‘ਕਾਂਗਰਸ ਨੂੰ ਲੜੀਵਾਰ ਆਵਾਸ ਨੂੰ ਰੋਕਣਾ ਚਾਹੀਦਾ ਹੈ। ਇਸ ਖਾਮੀਆਂ ਵਾਲੇ ਸਿਸਟਮ ਕਾਰਨ ਅਮਰੀਕਾ ਦੀ ਸੁਰੱਖਿਆ ਤੇ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਇਆ ਹੈ। ਸਾਡੇ ਦੇਸ਼ ਅਤੇ ਲੋਕਾਂ ਨੂੰ ਅੱਗੇ ਰੱਖ ਕੇ ਆਵਾਸ ਸਿਸਟਮ ‘ਚ ਸੁਧਾਰ ਲਈ ਮੈਂ ਦ੍ਰਿੜ੍ਹ ਹਾਂ।’ ਰਾਸ਼ਟਰਪਤੀ ਨੇ ਕਿਹਾ ਕਿ ਅਤਿਵਾਦੀ ਕਾਰਵਾਈਆਂ ਦੇ ਦੋਸ਼ੀਆਂ ਨੂੰ ਢੁਕਵੇਂ ਕੇਸਾਂ ‘ਚ ਮੌਤ ਦੀ ਸਜ਼ਾ ਸਮੇਤ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।