ਰਾਹੁਲ ਨੇ ਕਾਂਗਰਸ ਪ੍ਰਧਾਨ ਵਜੋਂ ਪਾਰਟੀ ਦੀ ਕਮਾਨ ਸੰਭਾਲੀ

ਰਾਹੁਲ ਨੇ ਕਾਂਗਰਸ ਪ੍ਰਧਾਨ ਵਜੋਂ ਪਾਰਟੀ ਦੀ ਕਮਾਨ ਸੰਭਾਲੀ

ਨਵੀਂ ਦਿੱਲੀ/ਬਿਊਰੋ ਨਿਊਜ਼:
ਕਾਂਗਰਸ ਪਾਰਟੀ ਦੀ ਕਮਾਨ ਸੰਭਾਲਣ ਦੇ ਤੁਰੰਤ ਮਗਰੋਂ ਰਾਹੁਲ ਗਾਂਧੀ ਨੇ ਭਾਜਪਾ ‘ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਮੁਲਕ ‘ਚ ਨਫ਼ਰਤ ਅਤੇ ਹਿੰਸਾ ਦਾ ਮਾਹੌਲ ਫੈਲਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ (ਮੋਦੀ) ਭਾਰਤ ਨੂੰ ਮੱਧਕਾਲੀ ਯੁੱਗ ਵੱਲ ਲਿਜਾ ਰਹੇ ਹਨ। ਕਾਂਗਰਸ ਪ੍ਰਧਾਨ ਵਜੋਂ ਇੱਥੇ ਰਸਮੀ ਤੌਰ ‘ਤੇ ਅਹੁਦਾ ਸੰਭਾਲਣ ਮਗਰੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਦੀ ਭਵਿੱਖੀ ਰਣਨੀਤੀ ਦੀ ਸੁਰ ਤੈਅ ਕਰ ਦਿੱਤੀ ਕਿ ਉਹ ਆਪਣੇ ਧੁਰ ਵਿਰੋਧੀ ਭਾਜਪਾ ਦਾ ਕਿਵੇਂ ਟਾਕਰਾ ਕਰਨਗੇ। ਉਨ੍ਹਾਂ ਕਿਹਾ,”ਕਾਂਗਰਸ ਸਾਰੇ ਭਾਰਤੀਆਂ ਦਾ ਸਤਿਕਾਰ ਕਰਦੀ ਹੈ ਅਤੇ ਭਾਜਪਾ ਨੂੰ ਵੀ ਇਹੋ ਮਾਣ ਦਿੰਦੀ ਹੈ। ਅਸੀਂ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਮਾਰਦੇ। ਉਹ ਸੰਘੀ ਘੁਟਦੇ ਹਨ, ਅਸੀਂ ਕਮਜ਼ੋਰਾਂ ਨੂੰ ਆਵਾਜ਼ ਬੁਲੰਦ ਕਰਨ ਦਾ ਹੌਸਲਾ ਦਿੰਦੇ ਹਾਂ। ਉਹ ਨਿੰਦਾ ਕਰਦੇ ਹਨ, ਅਸੀਂ ਸਤਿਕਾਰ ਦਿੰਦੇ ਹਾਂ ਅਤੇ ਬਚਾਅ ਕਰਦੇ ਹਾਂ।” ਹਲੀਮੀ ਦਾ ਪ੍ਰਗਟਾਵਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪਾਰਟੀ ਦੀ ਕਮਾਨ ਇਹ ਜਾਣਦਿਆਂ ਸੰਭਾਲ ਰਹੇ ਹਨ ਕਿ ਉਨ੍ਹਾਂ ਨੂੰ ‘ਦਿੱਗਜਾਂ’ ਦਾ ਸਾਥ ਮਿਲਦਾ ਰਹੇਗਾ। ਪਾਰਟੀ ਵਰਕਰਾਂ ਨੂੰ ਆਪਣੇ ‘ਪਰਿਵਾਰ’ ਦਾ ਹਿੱਸਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਰਹਿਣਗੇ। ਭਾਜਪਾ ਬਾਰੇ ਉਨ੍ਹਾਂ ਕਿਹਾ ਕਿ ਉਹ ਅੱਗ ਭੜਕਾਉਂਦੇ ਹਨ ਪਰ ਇਕ ਵਾਰ ਅੱਗ ਲੱਗਣ ਮਗਰੋਂ ਉਸ ਨੂੰ ਬੁਝਾਉਣਾ ਮੁਸ਼ਕਲ ਹੁੰਦਾ ਹੈ। ਸ੍ਰੀ ਮੋਦੀ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਭਾਰਤ ਨੂੰ 21ਵੀਂ ਸਦੀ ‘ਚ ਲੈ ਕੇ ਗਈ ਜਦਕਿ ਪ੍ਰਧਾਨ ਮੰਤਰੀ ਅੱਜ ਮੁਲਕ ਨੂੰ ਮੱਧਕਾਲੀ ਯੁੱਗ ‘ਚ ਪਿਛਾਂਹ ਲੈ ਕੇ ਜਾ ਰਹੇ ਹਨ ਜਿਥੇ ਲੋਕਾਂ ਦੀ ਹਸਤੀ ਅਤੇ ਖਾਣ-ਪੀਣ ਦੇ ਢੰਗ ਲਈ ਕਤਲੇਆਮ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੋਚ ਲਈ ਕੁੱਟਮਾਰ ਕੀਤੀ ਜਾਂਦੀ ਹੈ। ‘ਮੁਲਕ ‘ਚ ਇਸ ਹਿੰਸਕ ਵਰਤਾਰੇ ਨੇ ਦੁਨੀਆ ਭਰ ‘ਚ ਸਾਨੂੰ ਸ਼ਰਮਿੰਦਾ ਕਰ ਦਿੱਤਾ ਹੈ ਕਿਉਂਕਿ ਭਾਰਤ ਦਾ ਦਰਸ਼ਨ ਅਤੇ ਇਤਿਹਾਸ ਪਿਆਰ ਅਤੇ ਦਿਆਲਤਾ ‘ਚੋਂ ਨਿਕਲਿਆ ਹੈ ਜਿਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਕਿੰਨੀਆਂ ਵੀ ਗੱਲਵਕੜੀਆਂ ਮੁਲਕ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀਆਂ।’ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਸਿਰਫ਼ ਨਿੱਜੀ ਸ਼ੋਹਰਤ ਲਈ ਤਜਰਬੇ, ਮਾਹਿਰਾਂ ਅਤੇ ਗਿਆਨ ਨੂੰ ਦਰਕਿਨਾਰ ਕਰ ਰਹੇ ਹਨ। ‘ਉਹ (ਭਾਜਪਾ) ਕਾਂਗਰਸ ਮੁਕਤ ਭਾਰਤ ਚਾਹੁੰਦੀ ਹੈ, ਉਹ ਸਾਨੂੰ ਖ਼ਤਮ ਕਰਨਾ ਚਾਹੁੰਦੇ ਹਨ ਪਰ ਕਾਂਗਰਸ ਵੱਲੋਂ ਸਾਰੇ ਭਾਰਤੀਆਂ ਨੂੰ ਦਿੱਤਾ ਜਾਂਦਾ ਸਤਿਕਾਰ ਭਾਜਪਾ ਨੂੰ ਵੀ ਦਿੱਤਾ ਜਾਵੇਗਾ।’ ਕਾਂਗਰਸ ਵਰਕਰਾਂ ਨੂੰ ਲੋਕਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਤਰ੍ਹਾਂ ਦੇ ਲੋਕਾਂ ਦਰਮਿਆਨ ਰਾਬਤਾ ਦਾ ਸਾਧਨ ਬਣੇ ਅਤੇ ਹਮੇਸ਼ਾ ਪਿਆਰ ਤੇ ਸਨੇਹ ਦਾ ਸੁਨੇਹਾ ਦਿੱਤਾ ਜਾਵੇ। ਉਨ੍ਹਾਂ ‘ਸਭ ਤੋਂ ਪੁਰਾਣੀ ਪਾਰਟੀ’ ਨੂੰ ‘ਸਭ ਤੋਂ ਪੁਰਾਣੀ ਅਤੇ ਨੌਜਵਾਨ ਪਾਰਟੀ’ ਬਣਾਉਣ ਦਾ ਸੱਦਾ ਦਿੰਦਿਆਂ ਨੌਜਵਾਨਾਂ ਨੂੰ ਇਸ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਿਛਾਂਹ ਹਟਾਂਗੇ ਤਾਂ ਭਾਜਪਾ ਹਰਾ ਸਕਦੀ ਹੈ ਪਰ ਜੇਕਰ ਸਾਹਮਣੇ ਡੱਟ ਗਏ ਤਾਂ ਉਨ੍ਹਾਂ ਦਾ ਗੁੱਸਾ ਅਤੇ ਨਫ਼ਰਤ ਸਾਨੂੰ ਸਾਰਿਆਂ ਨੂੰ ਮਜ਼ਬੂਤ ਬਣਾਏਗਾ।