ਇੱਕ ਦਿਨ ਸਾਡੇ ਨਾਲ ਗੁਜ਼ਾਰ ਕੇ ਜਾਣੋ ‘ਸਫ਼ੈਦ ਕੋਟ’ ਵਾਲਿਆਂ ਦੇ ਕੰਮ ਦੇ ਮਾਅਨੇ

ਇੱਕ ਦਿਨ ਸਾਡੇ ਨਾਲ ਗੁਜ਼ਾਰ ਕੇ ਜਾਣੋ ‘ਸਫ਼ੈਦ ਕੋਟ’ ਵਾਲਿਆਂ ਦੇ ਕੰਮ ਦੇ ਮਾਅਨੇ

ਸ਼ੰਘਰਸ਼ਕਾਰੀ ਡਾਕਟਰਾਂ ਦਾ ਮੋਦੀ ਨੂੰ ਪੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼:
ਤਨਖ਼ਾਹਾਂ ‘ਚ ਵਾਧੇ ਅਤੇ ਤਰੱਕੀਆਂ ਲਈ ਪ੍ਰਦਰਸ਼ਨ ਕਰ ਰਹੇ ਰਾਜਸਥਾਨ ਦੇ ਡਾਕਟਰਾਂ ਨੂੰ ਹਮਾਇਤ ਦਿੰਦਿਆਂ ਏਮਸ ਦੇ ਰੈਜ਼ੀਡੈਂਟ ਡਾਕਟਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਲਈ ਉਹ ਇਕ ਦਿਨ ਉਨ੍ਹਾਂ ਵਾਂਗ ‘ਡਾਕਟਰ’ ਬਣ ਕੇ ਗੁਜ਼ਾਰਨ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ‘ਚ ਏਮਸ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਨੇ ਸ੍ਰੀ ਮੋਦੀ ਨੂੰ ਬੇਨਤੀ ਕੀਤੀ ਕਿ ਮਾੜੇ ਬੁਨਿਆਦੀ ਢਾਂਚੇ ਅਤੇ ਐਮਰਜੈਂਸੀ ਹਾਲਾਤ ਦੌਰਾਨ ਮਰੀਜ਼ਾਂ ਦੇ ਦੁਰਵਿਹਾਰ ਕਰਕੇ ਉਹ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ‘ਤੇ ਪੈਂਦੇ ਜ਼ਬਰਦਸਤ ਦਬਾਅ ਨੂੰ ਸਮਝਣ। ਆਰਡੀਏ ਪ੍ਰਧਾਨ ਹਰਜੀਤ ਸਿੰਘ ਭੱਟੀ ਨੇ ਪੱਤਰ ‘ਚ ਲਿਖਿਆ,”ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਪ੍ਰਧਾਨ ਮੰਤਰੀ ਵਰਗਾ ਸਰਗਰਮ ਪ੍ਰਧਾਨ ਮੰਤਰੀ ਮਿਲਿਆ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ (ਪ੍ਰਧਾਨ ਮੰਤਰੀ) ਸਫ਼ੇਦ ਕੋਟ ਪਾ ਕੇ ਸਾਡੇ ਨਾਲ ਸਰਕਾਰੀ ਡਾਕਟਰ ਵਜੋਂ ਇਕ ਦਿਨ ਗੁਜ਼ਾਰੋ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਦਬਾਅ ਝਲਣੇ ਪੈਂਦੇ ਹਨ।” ਉਨ੍ਹਾਂ ਕਿਹਾ ਕਿ ਇਹ ਮੰਤਰੀਆਂ ਲਈ ਮਿਸਾਲ ਬਣ ਜਾਏਗੀ ਜੋ ਸਸਤੀ ਸ਼ੋਹਰਤ ਲਈ ਡਾਕਟਰਾਂ ਖ਼ਿਲਾਫ਼ ਤੋਹਮਤਾਂ ਲਾਉਂਦੇ ਰਹਿੰਦੇ ਹਨ। ‘ਸਰਕਾਰੀ ਡਾਕਟਰ ਵਜੋਂ ਤੁਹਾਡਾ ਇਕ ਦਿਨ ਹੈਲਥਕੇਅਰ ਪ੍ਰਣਾਲੀ ਲਈ ਫ਼ੈਸਲਾਕੁਨ ਸਾਬਿਤ ਹੋ ਸਕਦਾ ਹੈ ਕਿਉਂਕਿ ਇਸ ਨਾਲ ਮੈਡੀਕਲ ਪ੍ਰੋਫ਼ੈਸ਼ਨ ‘ਚ ਭਰੋਸਾ ਬਹਾਲ ਹੋਵੇਗਾ।’ ਜ਼ਿਕਰਯੋਗ ਹੈ ਕਿ ਰਾਜਸਥਾਨ ‘ਚ ਅਣਮਿੱਥੇ ਸਮੇਂ ਦੀ ਹੜਤਾਲ ਦੀ ਚਿਤਾਵਨੀ ਮਗਰੋਂ ਸਰਕਾਰ ਨੇ ਐਸਮਾ ਲਾਗੂ ਕਰਕੇ 86 ਡਾਕਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨਵੇਂ ਏਮਸ ਲਈ ਸੇਵਾਮੁਕਤ ਡਾਕਟਰਾਂ ‘ਤੇ ਟੇਕ
ਨਵੀਂ ਦਿੱਲੀ: ਸਿਹਤ ਮੰਤਰਾਲੇ, ਜਿਸ ਨੂੰ ਢੁਕਵੇਂ ਡਾਕਟਰ ਨਾ ਮਿਲਣ ਕਰਕੇ ਛੇ ਨਵੇਂ ਏਮਸ ਨੂੰ ਪੂਰੀ ਤਰ੍ਹਾਂ ਸ਼ੁਰੂ ਕਰਾਉਣ ‘ਚ ਸੰਘਰਸ਼ ਕਰਨਾ ਪੈ ਰਿਹਾ ਹੈ, ਨੇ ਸੇਵਾਮੁਕਤ ਡਾਕਟਰਾਂ ਨੂੰ ਠੇਕੇ ‘ਤੇ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਨਵੇਂ ਛੇ ਏਮਸ ਰਿਸ਼ੀਕੇਸ਼, ਜੋਧਪੁਰ, ਭੁਪਾਲ, ਰਾਇਪੁਰ, ਪਟਨਾ ਅਤੇ ਭੁਬਨੇਸ਼ਵਰ ‘ਚ ਸਥਿਤ ਹਨ ਅਤੇ ਡਾਕਟਰਾਂ ਤੇ ਫੈਕਲਟੀ ਦੀ ਘਾਟ ਕਾਰਨ ਇਹ ਪੂਰੀ ਤਰ੍ਹਾਂ ਨਾਲ ਸ਼ੁਰੂ ਨਹੀਂ ਹੋ ਸਕੇ ਹਨ। ਹੁਕਮਾਂ ‘ਚ ਕਿਹਾ ਗਿਆ ਹੈ ਕਿ 70 ਸਾਲ ਤਕ ਲਈ ਪ੍ਰੋਫ਼ੈਸਰ, ਐਡੀਸ਼ਨਲ ਪ੍ਰੋਫ਼ੈਸਰ ਅਤੇ ਐਸੋਸੀਏਟ ਪ੍ਰੋਫ਼ੈਸਰ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।