ਦਲਾਈਲਾਮਾ ਵਲੋਂ ਪੁਰਾਤਨ ਭਾਰਤੀ ਗਿਆਨ ਨੂੰ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਕਰਨ ਉੱਤੇ ਜ਼ੋਰ

ਦਲਾਈਲਾਮਾ ਵਲੋਂ ਪੁਰਾਤਨ ਭਾਰਤੀ ਗਿਆਨ ਨੂੰ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਕਰਨ ਉੱਤੇ ਜ਼ੋਰ

ਬੰਗਲੌਰ/ਬਿਊਰੋ ਨਿਊਜ਼:
ਤਿੱਬਤੀਆਂ ਦੇ ਧਾਰਮਿਕ ਆਗੂ ਦਲਾਈ ਲਾਮਾ ਨੇ ਸੁਝਾਅ ਦਿੱਤਾ ਹੈ ਕਿ ਪੁਰਾਣੇ ਭਾਰਤੀ ਗਿਆਨ ਨੂੰ ਦੇਸ਼ ਦੇ ਮੌਜੂਦਾ ਸਿੱਖਿਆ ਪ੍ਰਬੰਧ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਬੰਧ ਨੂੰ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਦੇ ਨਾਲ ਨਾਲ ਅੰਦਰੂਨੀ ਵਿਕਾਸ ਵੱਲ੍ਹ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਮਾਨਸਿਕ ਤੌਰ ਉੱਤੇ ਸਿਖਿਅਤ ਕਰਨਾ ਚਾਹੀਦਾ ਹੈ।
ਸੇਸ਼ਾਦਰੀ ਪੁਰਮ ਐਜ਼ੂਕੇਸ਼ਨਲ ਟਰੱਸਟ ਵੱਲੋਂ ਇੱਥੇ ‘ ਰਾਸ਼ਟਰ ਨਿਰਮਾਣ ਲਈ ਦੂਰਅੰਦੇਸ਼ੀ ਅਤੇ ਦਿਆ ਦੀ ਸਿੱਖਿਆ’ ਉੱਤੇ ਕਰਵਾਏ ਲੈਕਚਰ ਵਿੱਚ ਨੋਬਲ ਪੁਰਸਕਾਰ ਜੇਤੂ ਦਲਾਈ ਲਾਮਾ ਨੇ ਕਿਹਾ ਕਿ ਸਾਨੂੰ ਧਾਰਮਿਕ ਵਿਸ਼ਵਾਸਾਂ ਨੂੰ ਬਿਨਾਂ ਛੇੜੇ ਇਨ੍ਹਾਂ ਨੂੰ ਸਿੱਖਿਆ ਪ੍ਰਬੰਧ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਵੱਖਰੇਵਿਆਂ ਦੇ ਬਾਵਜੂਦ ਪਿਆਰ ਦਾ ਸੰਦੇਸ਼ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਆਮ ਹੀ ਆਪਣੇ ਭਾਰਤੀ ਮਿੱਤਰਾਂ ਨੂੰ ਆਖਦੇ ਹਨ ਕਿ ਉਨ੍ਹਾਂ ਪੁਰਾਤਨ ਭਾਰਤੀ ਗਿਆਨ ਉਨ੍ਹਾਂ ਤੋਂ ਹਾਸਲ ਕੀਤਾ ਹੈ।  ਉਨ੍ਹਾਂ ਕਿਹਾ,’ਤੁਸੀਂ ਸਾਡੇ ਗੁਰੂ ਹੋ ਅਸੀਂ ਤੁਹਾਡੇ ਚੇਲੇ ਹਾਂ।’ ਉਨ੍ਹਾਂ ਕਿਹਾ ਕਿ ਅਧੁਨਿਕ ਭਾਰਤ ਵਿੱਚ ਪੁਰਾਤਨ ਭਾਰਤੀ ਗਿਆਨ ਨੂੰ ਸੁਰਜੀਤ ਕਰਨਾ ਉਨ੍ਹਾਂ ਦੇ ਜੀਵਨ ਦੇ ਟੀਚਿਆਂ ਵਿੱਚੋਂ ਇੱਕ ਹੈ। ਦਲਾਈਲਾਮਾ ਨੇ ਕਿਹਾ ਕਿ ਉਨ੍ਹਾਂ ਦੇ ਖਿੱਤੇ ਨੇ ਸਾਰਾ ਗਿਆਨ ਭਾਰਤ ਤੋਂ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਦੀਆਂ ਸਮੱਸਿਆਵਾਂ ਨੂੰ ਪਦਾਰਥਮਈ ਵਸਤਾਂ ਅਤੇ ਤਕਨੀਕ ਨਹੀ ਸੁਲਝਾਅ ਸਕਦੀ। ਇਹ ਹਜ਼ਾਰਾਂ ਸਾਲਾਂ ਤੋਂ ਅੱਜ ਦੇ ਅਧੁਨਿਕ ਦੌਰ ਵਿੱਚ ਵੀ ਲਾਭਕਾਰੀ ਹੈ। ਪਿਛਲੇ ਤੀਹ ਸਾਲਾਂ ਤੋਂ ਵੱਧ ਸਮੇਂ ਤੋਂ ਉਹ ਅਧੁਨਿਕ ਵਿਗਿਆਨੀਆਂ ਦੇ ਨਾਲ ਵਿਗਿਆਨ ਦੇ ਵੱਖ ਵਿਸ਼ਿਆਂ ਕੌਸਮੋਲੌਜੀ, ਨਿਊਰੋ ਬਾਇਓਲੋਜੀ, ਕਿਊਅੰਟਮ ਫਿਜ਼ਿਕਸ ਅਤੇ ਸਾਇਕੋਲੌਜੀ ਉੱਤੇ ਵਿਚਾਰ ਚਰਚਾ ਕਰਦੇ ਆ ਰਹੇ ਹਨ। ਇਸ ਦੌਰਾਨ ਗਿਆਨ ਦਾ ਆਦਾਨ ਪ੍ਰਦਾਨ ਲਾਭਕਾਰੀ ਰਿਹਾ ਹੈ।