ਦਿੱਲੀ ਮੈਟਰੋ ਦੀ ਨਵੀਂ ਲਾਈਨ ਦੀ ਸ਼ੁਰੂਆਤ ਮੌਕੇ ਮੋਦੀਕਿਆਂ ਨੇ ਕੇਜ਼ਰੀਵਾਲ ਨੂੰ ਨਹੀਂ ਭੇਜਿਆ ਸੱਦਾ

ਦਿੱਲੀ ਮੈਟਰੋ ਦੀ ਨਵੀਂ ਲਾਈਨ ਦੀ ਸ਼ੁਰੂਆਤ ਮੌਕੇ ਮੋਦੀਕਿਆਂ ਨੇ ਕੇਜ਼ਰੀਵਾਲ ਨੂੰ ਨਹੀਂ ਭੇਜਿਆ ਸੱਦਾ

ਨੋਇਡਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਇਸ ਕਸਬੇ ‘ਚ ਦਿੱਲੀ ਮੈਟਰੋ ਦੀ ਨਵੀਂ ਉਸਾਰੀ ਮੈਜੇਂਟਾ ਲਾਈਨ ਦਾ ਉਦਘਾਟਨ ਕੀਤਾ। ਇਸ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਈਂਧਣ ਅਤੇ ਪੈਸੇ ਨੂੰ ਬਚਾਉਣ ਲਈ ਜਨਤਕ ਟਰਾਂਸਪੋਰਟ ਦੀ ਵਰਤੋਂ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਸੁਸ਼ਾਸਨ ਤਾਂ ਹੀ ਸੰਭਵ ਹੈ ਜਦੋਂ ਨੀਤੀਆਂ ਬਣਾਉਣ ਅਤੇ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਸਮੇਂ ਨਿੱਜੀ ਲਾਭਾਂ ਵਾਲੀ ਮਾਨਸਿਕਤਾ ਨੂੰ ਤਿਆਗਣਾ ਪਏਗਾ। ਉਨ੍ਹਾਂ ਕਿਹਾ,”ਸਾਡੇ ਲਈ ਫ਼ੈਸਲੇ ਕੌਮੀ ਹਿੱਤਾਂ ਖ਼ਾਤਰ ਹੁੰਦੇ ਹਨ ਨਾ ਕਿ ਸਿਆਸੀ ਲਾਹੇ ਲੈਣ ਲਈ। ਚੋਟੀ ਦੇ 10 ਸਨਅਤਕਾਰ ਮੈਟਰੋ ‘ਚ ਸਫ਼ਰ ਨਹੀਂ ਕਰਨਗੇ ਪਰ ਤੁਸੀਂ ਇਸ ‘ਚ ਸਫ਼ਰ ਕਰੋਗੇ। ਸਾਡੇ ਲਈ ਮੈਟਰੋ ਮਾਣ ਵਾਲਾ ਮੁੱਦਾ ਹੋਣਾ ਚਾਹੀਦਾ ਹੈ ਨਾ ਕਿ ਪ੍ਰਾਈਵੇਟ ਵਾਹਨ ਚਲਾਉਣਾ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਾਧਨਾਂ ਨਾਲ ਨਾ ਸਿਰਫ਼ ਆਮ ਆਦਮੀ ਦਾ ਪੈਸਾ ਬਚੇਗਾ ਸਗੋਂ ਵਾਤਾਵਰਨ ਲਈ ਵੀ ਸਹਾਈ ਹੋਏਗਾ। ਸ੍ਰੀ ਮੋਦੀ ਨੇ ਕਿਹਾ ਕਿ 2022 ‘ਚ ਜਦੋਂ ਭਾਰਤ ਆਜ਼ਾਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੋਵੇਗਾ ਤਾਂ ਉਹ ਚਾਹੁੰਦੇ ਹਨ ਕਿ ਪੈਟਰੋਲੀਅਮ ਉਤਪਾਦਾਂ ਦੀ ਬਰਾਮਦਗੀ ‘ਚ    ਕਟੌਤੀ ਹੋਵੇ।
ਦਿੱਲੀ ਦੇ ਲੋਕਾਂ ਦਾ ‘ਅਪਮਾਨ’
ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਮੈਟਰੋ ਮੈਜੇਂਟਾ ਲਾਈਨ ਦੇ ਉਦਘਾਟਨ ਦਾ ਸੱਦਾ ਇਸ ਕਰਕੇ ਨਹੀਂ ਦਿੱਤਾ ਗਿਆ ਕਿਉਂਕਿ ਕੇਂਦਰ ਨੂੰ ਖ਼ਦਸ਼ਾ ਸੀ ਕਿ ਉਹ ਮੈਟਰੋ ਦੇ ਵਧੇ ਹੋਏ ਕਿਰਾਏ ਨੂੰ ਵਾਪਸ ਲੈਣ ਦੀ ਜਨਤਕ ਤੌਰ ‘ਤੇ ਮੰਗ ਕਰ ਸਕਦੇ ਹਨ। ‘ਆਪ’ ਆਗੂ ਨੇ ਟਵੀਟ ਕਰਕੇ ਕਿਹਾ ਕਿ ਇਹ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ।
ਨੋਇਡਾ ਤੇ ਦੱਖਣੀ ਦਿੱਲੀ ਵਿਚਾਲੇ ਸਫ਼ਰ ਸੌਖਾ
ਨੋਇਡਾ/ਨਵੀਂ ਦਿੱਲੀ: ਦਿੱਲੀ ਮੈਟਰੋ ਦੀ ਮੈਜੇਂਟਾ ਲਾਈਨ ਦੇ ਉਦਘਾਟਨ ਨਾਲ ਨੌਇਡਾ ਅਤੇ ਦੱਖਣੀ ਦਿੱਲੀ ਦੇ ਹਿੱਸਿਆਂ ਦਾ ਸਫ਼ਰ ਅੱਧੇ ਘੰਟੇ ਤੋਂ ਵੱਧ ਸਮੇਂ ਤਕ ਘੱਟ ਜਾਵੇਗਾ। ਦਿੱਲੀ-ਐਨਸੀਆਰ ‘ਚ ਮੈਟਰੋ ਨੈੱਟਵਰਕ ਦੀ ਕੁਲ ਲੰਬਾਈ ਵੱਧ ਕੇ 228 ਕਿਲੋਮੀਟਰ ਹੋ ਗਈ ਹੈ। ਦਿੱਲੀ ਮੈਟਰੋ ਦੇ ਪਹਿਲੇ ਪੜਾਅ ਦਾ ਉਦਘਾਟਨ 24 ਦਸੰਬਰ 2002 ਨੂੰ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਕੀਤਾ ਸੀ।