ਕਾਲ ਕੋਠੜੀ ਦੇ ਬੰਦੀ ਜਾਧਵ ਦੀ ਪਤਨੀ ਅਤੇ ਮਾਂ ਨੂੰ ਵਿਧਵਾ ਵਜੋਂ ਪੇਸ਼ ਕਰਨਾ ਪਾਕਿਸਤਾਨ ਦੀ ਘਿਣਾਉਣੀ ਮਾਨਸਿਕਤਾ ਦਾ ਪ੍ਰਗਟਾਵਾ : ਸੁਸ਼ਮਾ ਸਵਰਾਜ

ਕਾਲ ਕੋਠੜੀ ਦੇ ਬੰਦੀ ਜਾਧਵ ਦੀ ਪਤਨੀ ਅਤੇ ਮਾਂ ਨੂੰ ਵਿਧਵਾ ਵਜੋਂ ਪੇਸ਼ ਕਰਨਾ ਪਾਕਿਸਤਾਨ ਦੀ ਘਿਣਾਉਣੀ ਮਾਨਸਿਕਤਾ ਦਾ ਪ੍ਰਗਟਾਵਾ : ਸੁਸ਼ਮਾ ਸਵਰਾਜ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀਰਵਾਰ ਨੂੰ ਲੋਕ ਸਭਾ ਵਿੱਚ ਜਾਧਵ ਮਾਮਲੇ ‘ਤੇ ਸਰਕਾਰ ਦਾ ਪੱਖ ਰੱਖਦੇ ਹੋਏ।
ਨਵੀਂ ਦਿੱਲੀ/ਬਿਊਰੋ ਨਿਊਜ਼:
ਭਾਰਤ ਨੇ ਪਾਕਿਸਤਾਨ ਵੱਲੋਂ ਸਾਬਕਾ ਜਲ ਸੈਨਿਕ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਂ ਨੂੰ ਮੁਲਾਕਾਤ ਦੌਰਾਨ ਵਿਧਵਾ ਵਜੋਂ ਪੇਸ਼ ਕਰਨ ਦੀ ਨਿਖੇਧੀ ਕਰਦਿਆਂ ਇਸਲਾਮਾਬਾਦ ‘ਤੇ ਇਸ ਭਾਵੁਕ ਘੜੀ ‘ਤੇ ਪ੍ਰਾਪੇਗੰਡਾ ਕਰਨ ਦਾ ਦੋਸ਼ ਲਾਇਆ ਹੈ।
ਸੰਸਦ ਦੇ ਦੋਵੇਂ ਸਦਨਾਂ ਵਿੱਚ ਦਿੱਤੇ ਬਿਆਨ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਜਾਧਵ ਦੇ ਪਰਿਵਾਰਕ ਮੈਂਬਰਾਂ ਦੇ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ‘ਤੇ ਉਲੰਘਣਾ ਕੀਤੀ ਗਈ। ਉਨ੍ਹਾਂ ਜ਼ਿਕਰ ਕੀਤਾ ਕਿ ਸੁਰੱਖਿਆ ਦਾ ਹਵਾਲਾ ਦੇ ਕੇ ਪਾਕਿਸਤਾਨ ਨੇ ਜਾਧਵ ਦੀ ਮਾਂ ਅਵੰਤੀ ਅਤੇ ਪਤਨੀ ਚੇਤਨਾ ਨੂੰ ਮੰਗਲਸੂਤਰ, ਬਿੰਦੀ, ਚੂੜੀਆਂ ਤੇ ਜੁੱਤੇ ਲਾਹੁਣ ਦੇ ਨਾਲ ਨਾਲ ਪੁਸ਼ਾਕ ਬਦਲਣ ਲਈ ਮਜਬੂਰ ਕੀਤਾ। ਸ੍ਰੀਮਤੀ ਸਵਰਾਜ ਨੇ ਕਿਹਾ, ”ਦੋਵੇਂ ਵਿਆਹੁਤਾ ਔਰਤਾਂ ਨੂੰ ਪੁੱਤਰ ਅਤੇ ਪਤੀ ਸਾਹਮਣੇ ਵਿਧਵਾ ਵਜੋਂ ਪੇਸ਼ ਕੀਤਾ ਗਿਆ। ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਦੀ ਨਿਖੇਧੀ ਲਈ ਸ਼ਬਦ ਨਹੀਂ ਹਨ। ” ਇਸ ਤੋਂ ਬਾਅਦ ਮੈਂਬਰਾਂ ਨੇ ਸ਼ੇਮ ਸ਼ੇਮ ਕੀਤੀ ਤੇ ਪਾਕਿਸਤਾਨ ਖ਼ਿਲਾਫ਼ ਨਾਅਰੇ ਲਾਏ।
ਜ਼ਿਕਰਯੋਗ ਹੈ ਕਿ ਜਾਧਵ ਦੀ ਮਾਂ ਅਤੇ ਪਤਨੀ ਨੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੀ ਇਮਾਰਤ ਵਿੱਚ ਸੋਮਵਾਰ ਨੂੰ ਵਚਿੱਤਰ ਹਾਲਾਤ ਵਿੱਚ ਉਸ (ਜਾਧਵ) ਨਾਲ ਮੁਲਾਕਾਤ ਕੀਤੀ ਸੀ। ਜਾਧਵ ਨੂੰ ਕੱਚ ਦੀ ਦੀਵਾਰ ਨਾਲ ਦੋਵਾਂ ਤੋਂ ਵੱਖ ਰੱਖਿਆ ਗਿਆ ਸੀ। ਉਨ੍ਹਾਂ ਨੇ ਟੈਲੀਕਾਮ ਰਾਹੀਂ ਗੱਲਬਾਤ ਕੀਤੀ ਸੀ। ਅਵੰਤੀ ਨੂੰ ਆਪਣੀ ਮਾਤ ਭਾਸ਼ਾ ਮਰਾਠੀ ਵਿੱਚ ਬੋਲਣ ਤੋਂ ਵੀ ਵਰਜਿਆ ਗਿਆ ਸੀ। ਚੇਤਨਾ ਦੇ ਜੁੱਤੇ ਜ਼ਬਤ ਕਰ ਲਏ ਗਏ ਸੀ। ਮੰਤਰੀ ਨੇ ਕਿਹਾ ਕਿ ਜਾਧਵ ਦੀ ਮਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜਾਧਵ ਦੇ ਸ਼ਬਦ ਪੜ੍ਹਾਏ ਗਏ ਜਾਪ ਰਹੇ ਸੀ। ਇਸ ਨਾਲ ਮਾਹੌਲ ਡਰਾਉਣਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨੀ ਅਧਿਕਾਰੀ ਜੁੱਤਿਆਂ ਵਿੱਚ ਚਿੱਪ, ਕੈਮਰਾ ਅਤੇ ਰਿਕਾਰਡਰ ਹੋਣ ਦੀਆਂ ਗੱਲਾਂ ਕਰ ਰਹੇ ਹਨ। ਇਹ ਬੇਹੂਦਾ ਹੈ ਤੇ ਮਰਿਆਦਾ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਜਾਧਵ ਨਾਲ ਮੁਲਾਕਾਤ ਤੋਂ ਬਾਅਦ ਕਈ ਬੇਨਤੀਆਂ ਦੇ ਬਾਵਜੂਦ ਪਾਕਿਸਤਾਨੀ ਅਧਿਕਾਰੀਆਂ ਨੇ ਉਸ ਦੀ ਪਤਨੀ ਦੇ ਜੁੱਤੇ ਵਾਪਸ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੂੰ ਕੱਲ੍ਹ ਇਸ ਸਬੰਧੀ ਤੱਥਾਂ ਵਿੱਚ ਤੋੜ ਮਰੋੜ ਕਰਨ ਤੋਂ ਖ਼ਬਰਦਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਵੇਂ ਹਾਊਸਾਂ ਵਿੱਚ ਮੈਂਬਰਾਂ ਨੇ ਪਾਰਟੀ ਪੱਧਰ ਤੋਂ ਉਪਰ ਉਠਦਿਆਂ ਸਰਕਾਰ ਨੂੰ ਇਸ ਮਾਮਲੇ ਵਿੱਚ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।  ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ,”ਜਾਧਵ ਦੀ ਪਤਨੀ ਅਤੇ ਮਾਂ ਨਾਲ ਕੀਤੀ ਗਈ ਬਦਸਲੂਕੀ, 130 ਕਰੋੜ ਭਾਰਤੀਆਂ ਦੀਆਂ ਪਤਨੀਆਂ ਅਤੇ ਮਾਵਾਂ ਨਾਲ ਬਦਸਲੂਕੀ ਹੈ।” ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸੁਰਖਿਆ ਕਾਰਨ ਚੁੱਕੇ ਕਦਮ ਜਾਇਜ਼: ਪਾਕਿ
ਇਸਲਾਮਾਬਾਦ: ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨਾਲ ਮਾਂ ਅਤੇ ਪਤਨੀ ਦੀ ਮੁਲਾਕਾਤ ਦੌਰਾਨ ਸੁਰੱਖਿਆ ਤਹਿਤ ਚੁੱਕੇ ਸਖ਼ਤ ਕਦਮਾਂ ਨੂੰ ਸਹੀ ਠਹਿਰਾਇਆ ਹੈ। ਵਿਦੇਸ਼ ਮੰਤਰੀ ਖਵਾਜਾ ਮੁਹੰਮਦ ਆਸਿਫ ਨੇ ਭਾਰਤੀ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ 25 ਦਸੰਬਰ ਨੂੰ ਜਾਧਵ ਦੀ ਮਾਂ ਅਤੇ ਪਤਨੀ ਨਾਲ ਕਰਵਾਈ ਮੁਲਾਕਾਤ ਮਨੁੱਖੀ ਅਧਾਰ ‘ਤੇ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਹ ਮੁਲਾਕਾਤ 30 ਮਿੰਟਾਂ ਦੀ ਨਿਰਧਾਰਤ ਕੀਤੀ ਗਈ ਸੀ ਪਰ ਬੇਨਤੀ ‘ਤੇ ਇਸ ਦਾ ਸਮਾਂ 40 ਮਿੰਟ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਜਾਧਵ ਦੀ ਮਾਂ ਨੇ ਪਾਕਿਸਤਾਨ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਾਧਵ ਦੇ ਪਰਿਵਾਰਕ ਮੈਂਬਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ।

‘ਬਾਬਾ ਕੈਸੇ ਹੈ’
ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੇ ਜਦੋਂ ਮੁਲਾਕਾਤ ਦੌਰਾਨ ਆਪਣੀ ਮਾਂ ਨੂੰ ਬਿਨਾਂ ਮੰਗਲਸੂਤਰ, ਬਿੰਦੀ ਅਤੇ ਚੂੜੀਆਂ ਦੇ ਦੇਖਿਆ ਤਾਂ ਉਹ ਘਬਰਾ ਗਿਆ ਕਿ ਕਿਤੇ ਪਿਤਾ ਜੀ ਨਾਲ ਕੋਈ ਅਣਹੋਣੀ ਤਾਂ ਨਹੀਂ ਵਾਪਰ ਗਈ। ਉਸ ਨੇ ਆਪਣੀ ਮਾਂ ਤੋਂ ਪੁੱਛਿਆ, ” ਬਾਬਾ ਕੈਸੇ ਹੈਂ।” ਪਾਕਿਸਤਾਨੀ ਅਧਿਕਾਰੀਆਂ ਨੇ ਜਬਰੀ ਜਾਧਵ ਦੀ ਮਾਂ ਅਵੰਤੀ ਅਤੇ ਪਤਨੀ ਚੇਤਨਾ ਤੋਂ ਮੰਗਲਸੂਤਰ, ਚੂੜੀਆਂ ਤੇ ਬਿੰਦੀ ਲੁਹਾ ਲਈ ਸੀ ਤੇ ਉਨ੍ਹਾਂ ਦੀਆਂ ਪੁਸ਼ਾਕਾਂ ਬਦਲਵਾ ਦਿੱਤੀਆਂ ਸਨ।  ਜਦੋਂ ਕਿ ਪਾਕਿਸਤਾਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੁਲਾਕਾਤ ਮਨੁੱਖੀ ਅਧਾਰ ‘ਤੇ ਕਰਵਾਈ ਗਈ ਹੈ।