ਕੁਲਭੂਸ਼ਨ ਜਾਧਵ ਦੇ ‘ਕਬੂਲਨਾਮੇ’ ਦੀ ਦੂਜੀ ਵੀਡੀਓ

ਕੁਲਭੂਸ਼ਨ ਜਾਧਵ ਦੇ ‘ਕਬੂਲਨਾਮੇ’ ਦੀ ਦੂਜੀ ਵੀਡੀਓ

ਇਸਲਾਮਾਬਾਦ/ਨਵੀਂ ਦਿੱਲੀ/ਬਿਊਰੋ ਨਿਊਜ਼:
ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦੇ ‘ਕਬੂਲਨਾਮੇ’ ਨਾਲ ਸਬੰਧਤ ਇਕ ਹੋਰ ਵੀਡੀਓ ਜਾਰੀ ਕੀਤਾ ਹੈ ਜਿਸ ‘ਚ ਉਹ ਦਾਅਵਾ ਕਰ ਰਿਹਾ ਹੈ ਕਿ ਹਿਰਾਸਤ ‘ਚ ਉਸ ਨਾਲ ਕੋਈ ਕੁੱਟਮਾਰ ਨਹੀਂ ਹੋਈ ਹੈ। ਭਾਰਤ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਇਸ ਨੂੰ ਇਕ ਤਰ੍ਹਾਂ ਦਾ ਪ੍ਰਚਾਰ ਦੱਸਿਆ ਹੈ ਜੋ ਭਰੋਸੇਯੋਗ ਨਹੀਂ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ‘ਕਬੂਲਨਾਮੇ’ ਵਾਲੇ ਵੀਡੀਓ ‘ਚ ਜਾਧਵ ਨੇ ਦਾਅਵਾ ਕੀਤਾ ਹੈ ਕਿ ਉਹ ਅਜੇ ਵੀ ਭਾਰਤੀ ਜਲ ਸੈਨਾ ਦਾ ਕਮਿਸ਼ਨਡ ਅਧਿਕਾਰੀ ਹੈ ਅਤੇ ਖੁਫ਼ੀਆ ਏਜੰਸੀ ਲਈ ਕੰਮ ਨਾ ਕਰਨ ਦੇ ਭਾਰਤ ਵੱਲੋਂ ਕੀਤੇ ਜਾ ਰਹੇ ਝੂਠੇ ਦਾਅਵਿਆਂ ‘ਤੇ ਉਸ ਨੇ ਸਵਾਲ ਉਠਾਏ ਹਨ। ਕਥਿਤ ਵੀਡੀਓ ‘ਚ ਉਸ ਨੇ ਕਿਹਾ,”ਮੇਰੀ ਮਾਂ ਜਿਵੇਂ ਹੀ ਬੈਠਕ ਮਗਰੋਂ ਬਾਹਰ ਨਿਕਲੀ ਤਾਂ ਭਾਰਤੀ ਦੂਤ ਨੇ ਉਸ ਨੂੰ ਗੁੱਸਾ ਕੀਤਾ। ਬੈਠਕ ਸਕਾਰਾਤਮਕ ਪਹਿਲ ਸੀ ਤਾਂ ਜੋ ਮੇਰੀ ਮਾਂ ਅਤੇ ਮੈਂ ਖੁਸ਼ ਰਹਿ ਸਕੀਏ।” ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਾਧਵ ਨੂੰ ਭਾਰਤੀ ਡਿਪਟੀ ਹਾਈ ਕਮਿਸ਼ਨਰ ਦੇ ਰਵੱਈਏ ਦਾ ਕਿਵੇਂ ਪਤਾ ਲੱਗਿਆ। ਇਸ ਦੇ ਜਵਾਬ ‘ਚ ਵਿਦੇਸ਼ ਮਾਮਲਿਆਂ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ‘ਪਾਕਿਸਤਾਨ ਵੱਲੋਂ ਜਬਰੀ ਵੀਡੀਓ ‘ਤੇ ਬਿਆਨ ਦਿਵਾਏ ਜਾ ਰਹੇ ਹਨ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਹਾਲਾਤ ਸਮਝਣੇ ਚਾਹੀਦੇ ਹਨ ਕਿ ਅਜਿਹੇ ਕੂੜ ਪ੍ਰਚਾਰ ਦੀ ਕੋਈ ਭਰੋਸੇਯੋਗਤਾ ਨਹੀਂ ਹੈ।