ਭਾਰਤ ਵਿਦੇਸ਼ੀ ਧਰਤੀ ਉੱਤੇ ਕਾਰਵਾਈ ਲਈ ਤਾਕਤਵਰ-ਰਾਜ ਨਾਥ ਸਿੰਘ

ਭਾਰਤ ਵਿਦੇਸ਼ੀ ਧਰਤੀ ਉੱਤੇ ਕਾਰਵਾਈ ਲਈ ਤਾਕਤਵਰ-ਰਾਜ ਨਾਥ ਸਿੰਘ

ਲਖਨਊ/ਬਿਊਰੋ ਨਿਊਜ਼:
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਕਿਹਾ ਕਿ ਭਾਰਤ ਨੇ ਇਹ ਦਿਖਾ ਦਿੱਤਾ ਹੈ ਕਿ ਉਹ ਆਪਣੇ ਦੁਸ਼ਮਣਾਂ ਵਿਰੁੱਧ ਨਾ ਸਿਰਫ ਆਪਣੀ ਧਰਤੀ ਉੱਤੇ ਕਾਰਵਾਈ ਕਰ ਸਕਦੈ ਸਗੋਂ ਲੋੜ ਪੈਣ ਉੱਤੇ ਦੁਸ਼ਮਣ ਦੇ ਇਲਾਕੇ ਵਿੱਚ ਦਾਖ਼ਲ ਹੋ ਕੇ ਵੀ ਕਾਰਵਾਈ ਕਰ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਪ੍ਰਗਟਾਵਾ ਭਾਰਤੀ ਫੌਜ਼ ਦੇ ਕਮਾਂਡੋਆਂ ਵੱਲੋਂ ਇੱਕ ਮਹੀਨਾ ਪਹਿਲਾਂ ਕੰਟਰੋਲ ਰੇਖਾ ਪਾਰ ਕਰਕੇ ਕੀਤੀ ਦਲੇਰਾਨਾ ਕਾਰਵਾਈ ਦੇ ਸੰਦਰਭ ਵਿੱਚ ਜਵਾਨਾਂ ਦੀ ਪ੍ਰਸ਼ੰਸਾ ਕਰਦਿਆਂ ਕੀਤਾ। ਇਸ ਕਾਰਵਾਈ ਵਿੱਚ ਭਾਰਤ ਦੇ ਪੰਜ ਕਮਾਡੋਆਂ ਨੇ ਪੁਣਛ ਸੈਕਟਰ ਵਿੱਚ ਸਰਹੱਦ ਪਾਰ ਕਰਕੇ ਤਿੰਨ ਪਾਕਿਤਸਾਨੀ ਸੈਨਿਕਾਂ ਨੂੰ ਮਾਰ ਦਿੱਤਾ ਸੀ। ਭਾਰਤੀ ਜਵਾਨਾਂ ਨੇ ਇਹ ਕਾਰਵਾਈ ਪਾਕਿਸਤਾਨ ਸੈਨਾ ਦੀ ਬਾਰਡਰ ਐਕਸ਼ਨ ਟੀਮ ਵੱਲੋਂ ਭਾਰਤ ਦੇ ਰਜੌਰੀ ਜ਼ਿਲ੍ਹੇ ਦੇ ਕੇਰੀ ਸੈਕਟਰ ਵਿੱਚ ਚਾਰ ਜਵਾਨਾਂ ਨੂੰ ਸ਼ਹੀਦ ਕਰਨ ਬਦਲੇ ਕੀਤੀ ਸੀ। ਇੱਥੇ ‘ ਭਾਰਤੀਆ ਰੇਲਵੇ ਮਾਲ ਗੁਦਾਮ ਸ਼ਰਾਮਿਕ ਸੰਘ’ ਦੇ ਕਾਮਿਆਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਪਾਕਿਸਤਾਨ ਨੇ ਇੱਕ ਬੁਝਦਿਲਾਂ ਵਾਲੀ ਕਾਰਵਾਈ ਕਰਦਿਆਂ ਸਾਡੇ 17 ਜਵਾਨ ਸ਼ਹੀਦ ਕਰ ਦਿੱਤੇ ਸਨ। ਇਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੰਭੀਰ ਮਸਲੇ ਉੱਤੇ ਸਾਡੇ ਨਾਲ ਚਰਚਾ ਕੀਤੀ ਅਤੇ ਜਵਾਬੀ ਕਾਰਵਾਈ ਰਕਦਿਆਂ ਭਾਰਤੀ ਜਵਾਨਾਂ ਨੇ ਸਰਹੱਦ ਪਾਰ ਕਰਕੇ ਅਤਿਵਾਦੀਆਂ ਨੂੰ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਦਾ ਦੁਨੀਆਂ ਵਿੱਚ ਤਾਕਤਵਰ ਰਾਸ਼ਟਰ ਵਜੋਂ ਪ੍ਰਭਾਵ ਬਣਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆਂ ਨੂੰ ਇਹ ਸਖ਼ਤ ਸੁਨੇਹਾ ਲਾਉਣ ਵਿੱਚ ਸਫਲ ਹੋਏ ਹਾਂ ਕਿ ਅਸੀਂ ਆਪਣੇ ਦੁਸ਼ਮਣਾਂ ਵਿਰੁੱਧ ਨਾ ਸਿਰਫ ਆਪਣੇ ਦੇਸ਼ ਵਿੱਚ ਸਗੋਂ ਦੁਸ਼ਮਣ ਦੀ ਧਰਤੀ ਉੱਤੇ ਜਾ ਕੇ ਵੀ ਕਾਰਵਾਈ ਕਰ ਸਕਦੇ ਹਾਂ ਤੇ ਅਸੀਂ ਇਹ ਸ਼ਕਤੀ ਵਿਕਸਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਪਾਕਿਤਾਨ ਦੇ ਨਾਲ ਮਿੱਤਰਤਾ ਵਾਲੇ ਸਬੰਧ ਚਾਹੁੰਦਾ ਹੈ ਪਰ ਪਾਕਿਤਾਨ ਆਪਣੇ ਰਸਤੇ ਤੋਂ ਟੱਸ ਤੋਂ ਮੱਸ ਨਹੀ ਹੋ ਰਿਹਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਭਾਰਤ ਦਾ ਸਿਰ ਨਹੀ ਝੁਕਣ ਦੇਣਗੇ।