ਮਲਾਲਾ ਨੇ ਨੌਜਵਾਨਾਂ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਸਿੱਖਿਆ ‘ਤੇ ਜ਼ੋਰ ਦਿੱਤਾ

ਮਲਾਲਾ ਨੇ ਨੌਜਵਾਨਾਂ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਸਿੱਖਿਆ ‘ਤੇ ਜ਼ੋਰ ਦਿੱਤਾ

ਦਾਵੋਸ/ਬਿਊਰੋ ਨਿਊਜ਼”
ਲੜਕੀਆਂ ਦੀ ਸਿੱਖਿਆ ਤੇ ਲਿੰਗ ਸਮਾਨਤਾ ਲਈ ਦੁਨੀਆਂ ਭਰ ਵਿੱਚ ਆਵਾਜ਼ ਉਠਾਉਣ ਵਾਲੀ ਮਲਾਲਾ ਯੂਸਫ਼ਜ਼ਈ ਨੇ ਔਰਤਾਂ ਦੇ ਅਧਿਕਾਰਾਂ ਬਾਰੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਉਹ ਇਥੇ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੀ ਸੀ।
ਮਲਾਲਾ ਨੇ ਕਿਹਾ ਕਿ ਅਜਿਹੀ ਸਿੱਖਿਆ ਲਿੰਗ ਅਸਮਾਨਤਾ ਦਾ ਖਾਤਮਾ ਕਰਨ ਲਈ ਅਹਿਮ ਕਦਮ ਹੋਵੇਗਾ। ਉਸ ਨੇ ਕਿਹਾ,’ਜਦੋਂ ਅਸੀਂ ਨਾਰੀਵਾਦ ਅਤੇ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਪੁਰਸ਼ਾਂ ਨੂੰ ਸੰਬੋਧਨ ਕਰ ਰਹੇ ਹੁੰਦੇ ਹਾਂ। ਪੁਰਸ਼ਾਂ ਨੂੰ ਵੱਡੀ ਭੂਮਿਕਾ ਨਿਭਾਉਣੀ ਹੈ। ਨੌਜਵਾਨਾਂ ਨੂੰ ਚੇਤੇ ਰੱਖਣ ਹੋਵੇਗਾ ਕਿ ਸਭ ਔਰਤਾਂ ਅਤੇ ਆਲੇ ਦੁਆਲੇ ਵਾਲਿਆਂ ਕੋਲ ਸਮਾਨ ਅਧਿਕਾਰ ਹਨ ਅਤੇ ਉਹ ਸਮਾਨਤਾ ਦੀ ਇਸ ਮੁਹਿੰਮ ਦਾ ਇਕ ਹਿੱਸਾ ਹਨ।’ ਮਲਾਲਾ, ਜਿਸ ਨੇ ਤਾਲਿਬਾਨ ਦੇ ਲੜਕੀਆਂ ਦੇ ਸਕੂਲ ਜਾਣ ‘ਤੇ ਪਾਬੰਦੀ ਲਾਉਣ ਦੇ ਫੈਸਲੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ, ਨੇ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਪੜ੍ਹਨਾ ਹੀ ਨਹੀਂ, ਸਗੋਂ ਔਰਤਾਂ ਨੂੰ ਅਮਲੀ ਤੌਰ ‘ਤੇ ਸ਼ਕਤੀ ਪ੍ਰਦਾਨ ਕਰਨਾ ਹੈ। ਤਾਲਿਬਾਨ ਜਾਣਦੇ ਸਨ ਕਿ ਸਿੱਖਿਅਤ ਹੋਣ ਨਾਲ ਔਰਤਾਂ ਸ਼ਕਤੀਸ਼ਾਲੀ ਬਣਨਗੀਆਂ ਤੇ ਉਹ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ।