ਭ੍ਰਿਸ਼ਟਾਚਾਰ ਵਿਰੁੱਧ ਜੰਗ ਲਈ ਮੋਦੀ ਮੰਗਦੈ ਸਹਿਯੋਗ

ਭ੍ਰਿਸ਼ਟਾਚਾਰ ਵਿਰੁੱਧ ਜੰਗ ਲਈ ਮੋਦੀ ਮੰਗਦੈ ਸਹਿਯੋਗ

ਨਵੀਂ ਦਿੱਲੀ/ਬਿਊਰੋ ਨਿਊਜ਼:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ‘ਚ ਨੌਜਵਾਨਾਂ ਦਾ ਸਹਿਯੋਗ ਮੰਗਦਿਆਂ ਕਿਹਾ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਤਹਿਤ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਉਦਾਹਰਨ ਦਿੱਤੀ ਕਿ ਭ੍ਰਿਸ਼ਟਾਚਾਰ ਕਾਰਨ ਤਿੰਨ ਸਾਬਕਾ ਮੁੱਖ ਮੰਤਰੀ ਜੇਲ੍ਹ ‘ਚ ਸੜ ਰਹੇ ਹਨ।
ਐਨਸੀਸੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਆਧਾਰ ਦੀ ਵਰਤੋਂ ਦੀ ਵਕਾਲਤ ਕਰਦਿਆਂ ਕਿਹਾ ਕਿ ਚੋਰ ਮੋਰੀਆਂ ਬੰਦ ਕਰਨ ਨਾਲ ਭਾਰਤ ਦੇ ਵਿਕਾਸ ਨੂੰ ਮਜ਼ਬੂਤੀ ਅਤੇ ਸਰਕਾਰੀ ਪੈਸਾ ਲਾਭਪਾਤਰੀਆਂ ਤਕ ਪਹੁੰਚਣ ‘ਚ ਸਹਾਇਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਲੋਕ ਮੰਨਣ ਲੱਗ ਪਏ ਸਨ ਕਿ ਅਮੀਰਾਂ ਅਤੇ ਤਾਕਤਵਰਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਰਵਾਈ ਲਈ ਚੁੱਕੇ ਜਾਣ ਵਾਲੇ ਕਦਮਾਂ ਤਹਿਤ ਕਦੇ ਵੀ ਛੂਹਿਆ ਨਹੀਂ ਜਾਵੇਗਾ ਪਰ ਅਜਿਹਾ ਨਹੀਂ ਹੈ ਅਤੇ ਤਿੰਨ ਸਾਬਕਾ ਮੁੱਖ ਮੰਤਰੀ ਹੁਣ ਜੇਲ੍ਹਾਂ ‘ਚ ਬੰਦ ਹਨ।
ਭ੍ਰਿਸ਼ਟਾਚਾਰ ਦੇ ਇਸ ਘੁਣ ਤੋਂ ਖਹਿੜਾ ਛੁਟਣ ਨਾਲ ਗਰੀਬਾਂ ਦਾ ਸਭ ਤੋਂ ਵਧ ਭਲਾ ਹੋਵੇਗਾ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਤੇ ਜਗਨਨਾਥ ਮਿਸ਼ਰਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓ ਪੀ ਚੌਟਾਲਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ‘ਚ ਬੰਦ ਹਨ।  ਉਸਨੇ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੇ ਭ੍ਰਿਸ਼ਟਾਚਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖ਼ਿਲਾਫ਼ ਜੰਗ ਨਹੀਂ ਰੁਕੇਗੀ। ਇਹ ਭਾਰਤੀ ਨੌਜਵਾਨਾਂ ਦੇ ਭਵਿੱਖ ਦੀ ਜੰਗ ਹੈ।

‘10 ਪੁੱਤਾਂ ਦੇ ਬਰਾਬਰ ਹੈ ਇੱਕ ਧੀ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ‘ਤੇ ਇਸ ਸਾਲ ਦੀ ਪਹਿਲੀ ‘ਮਨ ਕੀ ਬਾਤ’ ‘ਚ ਕਿਹਾ ਕਿ ਸਰਕਾਰ ਨੇ ਪਦਮ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ‘ਚ ਬਦਲਾਅ ਲਿਆਂਦਾ ਜਿਸ ਨਾਲ ਆਮ ਲੋਕਾਂ ਨੂੰ ਵੀ ਸਨਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਕੰਮ ਦੇ ਆਧਾਰ ‘ਤੇ ਬਿਨਾਂ ਕਿਸੇ ਸਿਫ਼ਾਰਿਸ਼ ਦੇ ਮਾਣ-ਸਨਮਾਨ ਮਿਲਿਆ। ਮਹਿਲਾ ਸ਼ਕਤੀ ਨੂੰ ਉਭਾਰਦਿਆਂ ਉਨ੍ਹਾਂ ਨੂੰ ਮਿਲੇ ਪੱਤਰ ‘ਚ ਕਲਪਨਾ ਚਾਵਲਾ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਆਦਿ ਮਹਿਲਾਵਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ। ਸਲੋਕ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਧੀ, 10 ਪੁੱਤਾਂ ਦੇ ਬਰਾਬਰ ਹੁੰਦੀ ਹੈ। ਛੱਤੀਸਗੜ੍ਹ ਦੇ ਮਾਓਵਾਦੀ ਪ੍ਰਭਾਵਤ ਜ਼ਿਲ੍ਹਿਆਂ ‘ਚ ਮਹਿਲਾਵਾਂ ਦੇ ਈ-ਰਿਕਸ਼ਾ ਚਲਾਉਣ ਦੀ ਉਨ੍ਹਾਂ ਸ਼ਲਾਘਾ ਕੀਤੀ। ਉਨ੍ਹਾਂ ਮੁੰਬਈ ਦੇ ਮਾਟੁੰਗਾ ਰੇਲਵੇ ਸਟੇਸ਼ਨ ਦਾ ਜ਼ਿਕਰ ਵੀ ਕੀਤਾ ਜਿਥੇ ਸਾਰੀਆਂ ਹੀ ਮਹਿਲਾ ਮੁਲਾਜ਼ਮ ਹਨ।