ਸ਼ਸ਼ੀ ਥਰੂਰ ਨੇ ਹਿੰਦੂਤਵ ਦੇ ਠੇਕੇਦਾਰਾਂ ਨੂੰ ਆੜੇ ਹੱਥੀਂ ਲਿਆ

ਸ਼ਸ਼ੀ ਥਰੂਰ ਨੇ ਹਿੰਦੂਤਵ ਦੇ ਠੇਕੇਦਾਰਾਂ ਨੂੰ ਆੜੇ ਹੱਥੀਂ ਲਿਆ

ਜੈਪੁਰ/ਬਿਊਰੋ ਨਿਊਜ਼:
ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਹਿੰਦੂ ਧਰਮ ਦੇ ‘ਠੇਕੇਦਾਰਾਂ’ ਕੋਲੋਂ ਹਿੰਦੂਤਵ ਦੇ ਸੰਕਲਪ ਨੂੰ ਵਾਪਸ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੁਝ ਸੌੜੀ ਸੋਚ ਵਾਲੇ ਸਿਆਸੀ ਅਕੀਦਿਆਂ ਨੂੰ ਪੂਰਾ ਕਰਨ ਲਈ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਹਿੰਦੂ ਧਰਮ ਬਾਰੇ ਆਪਣੀ ਸਮਝ ਨੂੰ ਬਿਆਨ ਕਰਦੀ ਕਿਤਾਬ ਲਿਖਣ ਵਾਲੇ ਥਰੂਰ ਨੇ ਕਿਹਾ ਕਿ ਉਹ ਲੋਕ, ਜੋ ਇਹ ਸਲਾਹ ਦਿੰਦੇ ਹਨ ਕਿ ਸਿਰਫ਼ ਇਕ ਹਿੰਦੂ ਅਤੇ ਕੁਝ ਖਾਸ ਤਰ੍ਹਾਂ ਦੇ ਹਿੰਦੂ ਹੀ, ਅਸਲ ਭਾਰਤੀ ਹਨ, ‘ਤੇ ਉਸ ਨੂੰ ਭੋਰਾ ਵੀ ਮਾਣ ਨਹੀਂ। ਸੰਸਦ ਮੈਂਬਰ ਨੇ ਕਿਹਾ, ‘ਮੈਨੂੰ ਉਨ੍ਹਾਂ ਹਿੰਦੂਆਂ ‘ਤੇ ਮਾਣ ਹੈ, ਜੋ ਸਰ੍ਹੇਆਮ ਹਿੰਦੂ ਫ਼ਿਰਕਾਪ੍ਰਸਤੀ ਨੂੰ ਰੱਦ ਕਰਦੇ ਹਨ। ਜੋ ਇਸ ਗੱਲੋਂ ਚੇਤੰਨ ਹਨ ਕਿ ਬਹੁਗਿਣਤੀਆਂ ਦੀ ਫ਼ਿਰਕਾਪ੍ਰਸਤੀ ਖ਼ਤਰਨਾਕ ਹੈ ਕਿਉਂਕਿ ਉਹ ਖੁ?ਦ ਨੂੰ ਰਾਸ਼ਟਰਵਾਦੀ ਵਜੋਂ ਪੇਸ਼ ਕਰ ਸਕਦੇ ਹਨ।’
ਇਥੇ ਹਾਲ ਹੀ ਵਿੱਚ ਖ਼ਤਮ ਹੋਏ ਜੈਪੁਰ ਸਾਹਿਤ ਮੇਲੇ ਮੌਕੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਥਰੂਰ ਨੇ ਕਿਹਾ, ‘ਕਿਤਾਬ ‘ਵਾਇ ਆਈ ਐਮ ਏ ਹਿੰਦੂ’ (ਮੈਂ ਹਿੰਦੂ ਕਿਉਂ ਹਾਂ) ਨੂੰ ਲਿਖਣ ਦਾ ਵਿਚਾਰ ਮੇਰੇ ਜ਼ਿਹਨ ਵਿੱਚ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਸੀ। ਫ਼ਿਰ ਮੈਨੂੰ ਅਹਿਸਾਸ ਹੋਇਆ ਕਿ ਇਹ ਮਸਲਾ ਤਾਂ ਸਿਆਸੀ ਏਜੰਡੇ ਦਾ ਵੱਡਾ ਹਿੱਸਾ ਹੈ। ਮੈਂ ਮਹਿਸੂਸ ਕੀਤਾ ਕਿ ਕਿਸੇ ਨੂੰ ਤਾਂ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗੀ ਅਤੇ ਇਸ ਤਰ੍ਹਾਂ ਇਸ ਕਿਤਾਬ ਦਾ ਜਨਮ ਹੋਇਆ।’ ਲੋਕ ਸਭਾ ਮੈਂਬਰ ਨੇ ਕਿਹਾ, ‘ਮੈਂ ਪਿਛਲੇ ਕੁਝ ਸਮੇਂ ਤੋਂ ਹਿੰਦੂ ਧਰਮ, ਅਕੀਦੇ ਤੇ ਪਛਾਣ ਦੀ ਸੰਕੀਰਨ ਸੋਚ ਵਾਲੇ ਸਿਆਸੀ ਅਕੀਦਿਆਂ ਲਈ ਹੋ ਰਹੀ ਦੁਰਵਰਤੋਂ ਤੋਂ ਫ਼ਿਕਰਮੰਦ ਸੀ। ਅਤੇ ਖਾਸ ਕਰਕੇ ਕਿਉਂ ਜੋ ਮੈਂ ਅਕੀਦਿਆਂ ਨੂੰ ਤੋੜੇ ਮਰੋੜ ਜਾਣ, ਜੋ ਕਿ ਬੁਨਿਆਦੀ ਤੌਰ ‘ਤੇ ਗ਼ਲਤ ਹੈ, ਨੂੰ ਖੁ?ਦ ਵੇਖਿਆ ਸੀ।  ਲਿਹਾਜ਼ਾ ਮੈਨੂੰ ਲੱਗਾ ਕਿ ਆਪਣੇ ਅਕੀਦੇ ਬਾਰੇ ਬੋਲਣਾ ਜ਼ਰੂਰੀ ਹੈ।’ ਉਨ੍ਹਾਂ ਕਿਹਾ ਕਿ ਵੀ.ਡੀ.ਸਾਵਰਕਰ, ਜਿਨ੍ਹਾਂ ਹਿੰਦੂਤਵ ਸਤਰ ਦੀ ਖੋਜ ਕੀਤੀ ਸੀ, ਨੇ ਖਾਸ ਤੌਰ ‘ਤੇ ਲਿਖਿਆ ਸੀ ਕਿ ਉਹ ਕੋਈ ਬਹੁਤਾ ਧਾਰਮਿਕ ਖ਼ਿਆਲਾਂ ਵਾਲਾ ਵਿਅਕਤੀ ਨਹੀਂ ਅਤੇ ਇਹ ਨਹੀਂ ਚਾਹੁੰਦਾ ਕਿ ਲੋਕ ਹਿੰਦੂਤਵ ਤੇ ਹਿੰਦੂਵਾਦ ਦਰਮਿਆਨ ਸ਼ਸ਼ੋਪੰਜ ‘ਚ ਪਏ ਰਹਿਣ।