ਅਦਾਲਤ ਨੇ ਟਾਈਟਲਰ ਮਾਮਲੇ ਵਿੱਚ ਸੀਬੀਆਈ ਨੂੰ ਪਾਈ ਝਾੜ

ਅਦਾਲਤ ਨੇ ਟਾਈਟਲਰ ਮਾਮਲੇ ਵਿੱਚ ਸੀਬੀਆਈ ਨੂੰ ਪਾਈ ਝਾੜ

ਨਵੀਂ ਦਿੱਲੀ/ਬਿਊਰੋ ਨਿਊਜ਼:
ਸਿੱਖ ਕਤਲੇਆਮ ਦੇ ਮਾਮਲੇ ‘ਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਅੱਜ ਸੀਬੀਆਈ ਨੂੰ ਦਿੱਲੀ ਕਮੇਟੀ ਵੱਲੋਂ ਪੇਸ਼ ਦੋ ਸੀਡੀਜ਼ ਦੇ ਆਧਾਰ ‘ਤੇ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਟਾਈਟਲਰ ਨਾਲ ਜੁੜੇ ਇਸ ਮੁਕੱਦਮੇ ਵਿੱਚ ਢਿੱਲੀ ਕਾਰਗੁਜ਼ਾਰੀ ‘ਤੇ ਦੋ ਸਾਲ ਦੀ ਜਾਂਚ ਮਗਰੋਂ ਵੀ ਸਟੇਟਸ ਰਿਪੋਰਟ ਨਾ ਪੇਸ਼ ਕਰਨ ਲਈ ਜੱਜ ਨੇ ਸੀਬੀਆਈ ਦੀ ਝਾੜ-ਝੰਬ ਕੀਤੀ। ਉਨ੍ਹਾਂ ਜਾਂਚ ਏਜੰਸੀ ਦੇ ਐਸਪੀ ਪੱਧਰ ਦੇ ਅਧਿਕਾਰੀ ਨੂੰ 24 ਫਰਵਰੀ ਨੂੰ ਕੇਸ ਦੀ ਅਗਲੀ ਸੁਣਵਾਈ ਦੌਰਾਨ ਪ੍ਰਗਤੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।
ਵਧੀਕ ਸਿਟੀ ਮੈਟਰੋਪੋਲਿਟਨ ਮੈਜਿਸਟਰੇਟ ਅਮਿਤ ਅਰੋੜਾ ਦੀ ਅਦਾਲਤ ਨੇ ਸੀਬੀਆਈ ਨੂੰ ਟਾਈਟਲਰ ਦੇ ਪੋਲੀਗ੍ਰਾਫ਼ ਟੈਸਟ ਲਈ ਫ਼ੌਜ ਦੀ ਮਸ਼ੀਨ ਇਸਤੇਮਾਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ। ਸੀਬੀਆਈ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਦਿੱਲੀ ਸਰਕਾਰ ਦੀ ਝੂਠ ਫੜਨ ਵਾਲੀ ਮਸ਼ੀਨ ਦੀ ਅਜੇ ਤਕ ਮੁਰੰਮਤ ਨਹੀਂ ਹੋਈ ਹੈ।
ਅਭਿਸ਼ੇਕ ਵਰਮਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਫ਼ੌਜ ਦੇ ਧੌਲਾ ਕੂੰਆਂ ਕੈਂਪ ਵਿਖੇ ਪੋਲੀਗ੍ਰਾਫ਼ ਮਸ਼ੀਨ ਪਈ ਹੈ ਅਤੇ ਵਰਮਾ ਨੂੰ ਉੱਥੇ ਜਾਂਚ ਕਰਵਾਉਣ ‘ਤੇ ਕੋਈ ਇਤਰਾਜ਼ ਨਹੀਂ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਕੀਲ ਵੱਲੋਂ ਦੋ ਸੀਡੀਜ਼ ਅਦਾਲਤ ਵਿੱਚ ਅਰਜ਼ੀ ਨਾਲ ਪੇਸ਼ ਕਰਕੇ ਮੰਗ ਕੀਤੀ ਗਈ ਸੀ ਕਿ ਟਾਈਟਲਰ ਬਾਰੇ ਹੋਏ ਨਵੇਂ ਖ਼ੁਲਾਸਿਆਂ ਦੀ ਜਾਂਚ ਸੀਬੀਆਈ ਕਰੇ।