ਦੋ ਦਸੰਬਰ ਨੂੰ ਹੋਣਗੀਆਂ ਚੀਫ਼ ਖ਼ਾਲਸਾ ਦੀਵਾਨ ਦੀਆਂ ਆਮ ਚੋਣਾਂ

ਦੋ ਦਸੰਬਰ ਨੂੰ ਹੋਣਗੀਆਂ ਚੀਫ਼ ਖ਼ਾਲਸਾ ਦੀਵਾਨ ਦੀਆਂ ਆਮ ਚੋਣਾਂ
ਚੀਫ਼ ਖਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਹੋਈ ਮੀਟਿੰਗ ਦਾ ਦ੍ਰਿਸ਼।

ਅੰਮ੍ਰਿਤਸਰ/ਬਿਊਰੋ ਨਿਊਜ਼ :
ਪ੍ਰਸਿੱਧ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਮੌਜੂਦਾ ਜਨਰਲ ਹਾਊਸ ਦੀ ਮਿਆਦ ਭਾਵੇਂ ਸੰਨ 2019 ਵਿਚ ਪੂਰੀ ਹੋਣੀ ਹੈ ਪਰ ਹਾਲ ਹੀ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਪੈਦਾ ਹੋਏ ਸੰਕਟ ਦੌਰਾਨ ਕਾਰਜਸਾਧਕ ਕਮੇਟੀ ਅਤੇ ਜਨਰਲ ਹਾਊਸ ਦੀ ਮੀਟਿੰਗ ਵਿਚ ਮੁੜ ਸਿਰਫ ਪ੍ਰਧਾਨ ਦੇ ਅਹੁਦੇ ਦੀ ਚੋਣ ਕਰਾਉਣ ਦੀ ਥਾਂ ਜਨਰਲ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਫੈਸਲੇ ਅਨੂਸਾਰ ਚੀਫ ਖਾਲਸਾ ਦੀਵਾਨ ਦੀਆਂ ਆਮ ਚੋਣਾਂ ਦੋ ਦਸੰਬਰ ਨੂੰ ਹੋਣਗੀਆਂ।ਇਹ ਫੈਸਲਾ ਇਥੇ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਹੈ। ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਵਿਚ ਜਨਰਲ ਚੋਣਾਂ ਦੀ ਤਰੀਕ ਨਿਯਤ ਕਰਨ, ਰਿਟਰਨਿੰਗ ਅਧਿਕਾਰੀ ਨਿਯੁਕਤ ਕਰਨ ਅਤੇ ਮੈਂਬਰਾਂ ਦੀਆਂ ਸੂਚੀਆਂ ਦੀ ਸੋਧ ਕਰਨ ਦੇ ਏਜੰਡੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ।
ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਜਨਰਲ ਚੋਣਾਂ 2 ਦਸੰਬਰ ਐਤਵਾਰ ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਵਿਚ ਮੈਂਬਰਾਂ ਵੱਲੋਂ ਦੀਵਾਨ ਦੇ ਪ੍ਰਧਾਨ, ਦੋ ਮੀਤ ਪ੍ਰਧਾਨ, ਇਕ ਸਥਾਨਕ ਪ੍ਰਧਾਨ ਅਤੇ ਦੋ ਆਨਰੇਰੀ ਸਕੱਤਰਾਂ ਦੀ ਚੋਣ ਲਈ ਵੋਟਾਂ ਪਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਜਨਰਲ ਚੋਣਾਂ ਵਾਸਤੇ ਬਹੁ ਸੰਮਤੀ ਨਾਲ ਤਿੰਨ ਰਿਟਰਨਿੰਗ ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿਚ ਇਕਬਾਲ ਸਿੰਘ ਲਾਲਪੁਰਾ, ਪ੍ਰੋ. ਬਲਜਿੰਦਰ ਸਿੰਘ ਅਤੇ ਸਵਿੰਦਰ ਸਿੰਘ ਕੱਥੂਨੰਗਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਦੀਆਂ ਸੂਚੀਆਂ ਵਿਚ ਸੋਧ ਕਰਨ ਅਤੇ ਘੋਖ ਪੜਤਾਲ ਲਈ ਨਿਯੁਕਤ ਕੀਤੇ ਰਿਟਰਨਿੰਗ ਅਧਿਕਾਰੀਆਂ ਵਲੋਂੱ ਵੀ ਜਲਦੀ ਹੀ ਇਸ ਸਬੰਧੀ ਮੀਟਿੰਗ ਸੱਦੀ ਜਾਵੇਗੀ।