ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫਾ ਦੇ ਕੇ ਗਾਇਬ ਹੋਣ ਦਾ ਰਾਜ਼ ਗਹਿਰਾਇਆ

ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫਾ ਦੇ ਕੇ ਗਾਇਬ ਹੋਣ ਦਾ ਰਾਜ਼ ਗਹਿਰਾਇਆ

ਬਠਿੰਡਾ/ਬਿਊਰੋ ਨਿਊਜ਼ :

ਬਾਦਲ ਦਲ ਦੇ ਸੀਨੀਅਰ ਨੇਤਾ ਅਤੇ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਦੀ ਗੁੱਥੀ ਹਾਲਾਂ ਵੀ ਨਹੀਂ ਸੁਲਝੀ ਹੈ। ਉਹ ਅਸਤੀਫ਼ਾ ਦੇਣ ਤੋਂ ਬਾਅਦ ਹੀ ਰੂਪੋਸ਼ ਚੱਲ ਰਹੇ ਹਨ, ਜਿਸ ਦਾ ਉਨ੍ਹਾਂ ਦੇ ਨੇੜਲਿਆਂ ਨੂੰ ਵੀ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਰੈਲੀ ਮਗਰੋਂ ਹੀ ਢੀਂਡਸਾ ਰੂਪੋਸ਼ੀ ‘ਚੋਂ ਬਾਹਰ ਆ ਸਕਦੇ ਹਨ।
ਸੂਤਰ ਇਹ ਵੀ ਦੱਸਦੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਅਸਤੀਫ਼ਾ ਦੇਣ ਮਗਰੋਂ ਇੱਕ ਵਾਰੀ ਦਿੱਲੀ ਦੇ ਇੱਕ ਹਸਪਤਾਲ ਵਿਚ ਆਪਣੇ ਇਲਾਜ ਵਾਸਤੇ ਗਏ ਸਨ ਜਿੱਥੋਂ ਉਹ ਪਰਤ ਆਏ ਸਨ।
ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੋਂ ਅੰਦਰੀਂ ਚਰਚੇ ਹਨ ਕਿ ਢੀਂਡਸਾ ਦੇ ਅਸਤੀਫ਼ੇ ਨੇ ਬਾਦਲ ਪਰਿਵਾਰ ਨੂੰ ਵਾਹਣੀਂ ਪਾ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਬਾਦਲ ਨੇ ਖ਼ੁਦ ਪਟਿਆਲਾ ਤੇ ਬਠਿੰਡਾ ਜ਼ਿਲ੍ਹੇ ਵਿਚ ਮੀਟਿੰਗਾਂ ਕੀਤੀਆਂ ਹਨ ਜਦੋਂ ਕਿ ਸੁਖਬੀਰ ਬਾਦਲ ਨੇ ਮੁਹਾਲੀ, ਫ਼ਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਜ਼ਿਲ੍ਹੇ ਵਿਚ ਮੀਟਿੰਗਾਂ ਕੀਤੀਆਂ ਹਨ। ਸੂਤਰ ਦੱਸਦੇ ਹਨ ਕਿ ਸੁਖਬੀਰ ਬਾਦਲ ਦੀ ਪੁਰਾਣੇ ਅਕਾਲੀਆਂ ਪ੍ਰਤੀ ਬੋਲਬਾਣੀ ਵਿਚ ਵੀ ਕਾਫ਼ੀ ਬਦਲਾਓ ਆ ਗਿਆ ਹੈ।
ਸੀਨੀਅਰ ਅਕਾਲੀ ਨੇਤਾ ਵੀ ਢੀਂਡਸਾ ਦੇ ਹਰ ਟਿਕਾਣੇ ਤੱਕ ਪਹੁੰਚ ਕਰ ਚੁੱਕੇ ਹਨ। ਕਿਸੇ ਦੇ ਹੱਥ ਪੱਲੇ ਕੁੱਝ ਨਹੀਂ ਪਿਆ ਹੈ। ਸਰਕਾਰੀ ਖ਼ੁਫ਼ੀਆ ਤੰਤਰ ਵੀ ਗੁੱਝੇ ਰੂਪ ਵਿਚ ਢੀਂਡਸਾ ਦੇ ਪਤੇ ਟਿਕਾਣੇ ਦੀ ਸੂਹ ਲੈਣ ਵਿਚ ਜੁਟਿਆ ਹੋਇਆ ਹੈ।