ਸੁਖਬੀਰ ਬਾਦਲ ਖਿਲਾਫ ਫ਼ੌਜਦਾਰੀ ਕੇਸ ਦਰਜ

ਸੁਖਬੀਰ ਬਾਦਲ ਖਿਲਾਫ ਫ਼ੌਜਦਾਰੀ ਕੇਸ ਦਰਜ

ਨੌਸ਼ਹਿਰਾ ਵਿਖੇ ਵੋਟ ਪਾਉਣ ਲਈ ਕਤਾਰ ਚ ਖੜ੍ਹੇ ਵੋਟਰ ਤੇ ਨਿਗਰਾਨੀ ਕਰ ਰਿਹਾ ਪੁਲੀਸ ਕਰਮੀ।

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਵਿਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਲਈ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਮੰਡੀ ਕਿਲਿਆਂਵਾਲੀ ਵਿਚ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰ-ਕੁੱਟ ਮਾਮਲੇ ‘ਚ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਣਗਿਣਤ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲੰਬੀ ਪੁਲੀਸ ਨੇ ਜਤਿੰਦਰ ਸਿੰਘ ਵਾਸੀ ਚੱਕ ਮਿੱਡੂ ਸਿੰਘਵਾਲਾ ਦੀ ਸ਼ਿਕਾਇਤ ‘ਤੇ ਧਾਰਾ 323/341/506/148/149 ਅਤੇ 427 ਤਹਿਤ ਪਰਚਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਿਲਿਆਂਵਾਲੀ ਤੋਂ ਕਾਂਗਰਸ ਉਮੀਦਵਾਰ ਰਵਿੰਦਰਪਾਲ ਸਿੰਘ ਰੰਮੀ ਦਾ ਸਕਾ ਭਰਾ ਹੈ। ਸਾਬਕਾ ਉਪ ਮੁੱਖ ਮੰਤਰੀ ਖਿਲਾਫ਼ ਕੇਸ ਦਰਜ ਹੋਣ ਵਿਚ ਕਾਂਗਰਸੀ ਆਗੂ ਗੁਰਜੰਟ ਸਿੰਘ ਬਰਾੜ ਦੀ ਕੋਠੀ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਅਹਿਮ ਰੋਲ ਰਿਹਾ।
ਪੰਜਾਬ ਵਿਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਲਈ ਪਈਆਂ ਵੋਟਾਂ ਦੌਰਾਨ ਲੋਕਾਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ। ਜਮਹੂਰੀਅਤ ਦੀ ਬੁਨਿਆਦ ਵਜੋਂ ਜਾਣੀਆਂ ਜਾਂਦੀਆਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਵੋਟ ਪ੍ਰਤੀਸ਼ਤ ਮਹਿਜ਼ 58.10 ਫੀਸਦੀ ਰਹੀ। ਵੋਟਾਂ ਪੈਣ ਦੇ ਅਮਲ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਦਰਮਿਆਨ ਤਿੱਖੀਆਂ ਝੜਪਾਂ ਹੋਣ ਦੀਆਂ ਰਿਪੋਰਟਾਂ ਹਨ। ਕਈ ਥਾਵਾਂ ‘ਤੇ ਗੋਲੀਆਂ ਚੱਲੀਆਂ, ਬੈਲੇਟ ਬਾਕਸ ਲੁੱਟ ਲਏ ਗਏ, ਬੈਲੇਟ ਪੇਪਰ ਖੋਹੇ ਤੇ ਪਾੜੇ ਗਏ ਤੇ ਬੂਥਾਂ ‘ਤੇ ਕਬਜ਼ੇ ਹੋਣ ਦੀਆਂ ਖ਼ਬਰਾਂ ਹਨ। ਪੋਲਿੰਗ ਬੂਥਾਂ ‘ਤੇ ਚੋਣ ਅਮਲੇ ਨੂੰ ਡਰਾਇਆ ਧਮਕਾਇਆ ਗਿਆ ਤੇ ਸਮੱਗਰੀ ਤੱਕ ਲੁੱਟ ਲਈ। ਕੁੱਲ 50 ਤੋਂ ਵੱਧ ਥਾਵਾਂ ‘ਤੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ।
ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦਰਮਿਆਨ ਡਾਂਗਾਂ ਖੜਕਣ ਅਤੇ ਪਥਰਾਅ ਨੂੰ ਮੋਬਾਈਲ ਫੋਨਾਂ ਦੇ ਕੈਮਰਿਆਂ ਨੇ ਤਾਂ ਕੈਦ ਕੀਤਾ ਪਰ ਪ੍ਰਸ਼ਾਸਨ ਨੂੰ ਇਸ ਦੀ ਕੋਈ ਭਿਣਕ ਨਹੀਂ ਪਈ। ਸੂਬੇ ਵਿੱਚ ਹਿੰਸਾ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੀ ਹੌਸਲਾ ਅਫ਼ਜਾਈ ਕਰਦਿਆਂ ‘ਟੱਕਰ’ ਲੈਣ ਦੀਆਂ ਗੁੱਝੀਆਂ ਹਦਾਇਤਾਂ ਵੀ ਦਿੱਤੀਆਂ। ਸੁਖਬੀਰ ਸਿੰਘ ਬਾਦਲ ਨੇ ਇੱਕ ਬੂਥ ‘ਤੇ ਪੁਲੀਸ ਦੇ ਮੁਲਾਜ਼ਮਾਂ ਨਾਲ ਵੀ ਟੱਕਰ ਲਈ। ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਇਨ੍ਹਾਂ ਚੋਣਾਂ ਦੌਰਾਨ ਤਾਕਤ ਦਾ ਡਟਵਾਂ ਮੁਜ਼ਾਹਰਾ ਕੀਤਾ ਜਦੋਂ ਕਿ ਤੀਜੀ ਧਿਰ ‘ਆਮ ਆਦਮੀ ਪਾਰਟੀ’ ਦੇ ਵਰਕਰਾਂ ਸਬੰਧੀ ਕੋਈ ਉਘੜਵੀਆਂ ਰਿਪੋਰਟਾਂ ਨਹੀਂ ਮਿਲੀਆਂ। ਅਕਾਲੀ ਦਲ ਨੇ ਆਪਣੇ ਵਰਕਰਾਂ ਨੂੰ ਕਾਇਮ ਕਰਨ ਦੀ ਲੜਾਈ ਲੜੀ।
ਸੂਬਾਈ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ 42 ਦੇ ਕਰੀਬ ਪੋਲਿੰਗ ਬੂਥਾਂ ‘ਤੇ ਮੁੜ ਤੋਂ ਵੋਟਾਂ ਪਵਾਉਣ ਦਾ ਫੈਸਲਾ ਕੀਤਾ ਹੈ। ਜਿਥੇ ਮੁੜ ਵੋਟਾਂ ਪੈਣਗੀਆਂ ਉਨ੍ਹਾਂ ਵਿੱਚ ਮੁਕਤਸਰ ਬਲਾਕ ਦੇ 10, ਲੰਬੀ ਬਲਾਕ ਦੇ 11 ਬੂਥ, ਮਲੋਟ ਬਲਾਕ ਦੇ 10, ਗਿੱਦੜਬਾਹਾ ਦਾ 1 ਬੂਥ, ਅਜਨਾਲਾ ਦਾ 1 ਬੂਥ, ਤਰਸਿੱਕਾ ਬਲਾਕ ਦੇ 7 ਬੂਥ ਅਤੇ ਬਾਘਾਪੁਰਾਣਾ ਦਾ ਇੱਕ ਬੂਥ ਸ਼ਾਮਲ ਹਨ। ਸੂਤਰਾਂ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਆਲਪੁਰ ਮਿਰਜ਼ਾ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਖ਼ਸ਼ੀਵਾਲਾ ਪੋਲਿੰਗ ਬੂਥਾਂ ‘ਤੇ ਵੀ ਮੁੜ ਤੋਂ ਵੋਟਾਂ ਪੈਣ ਦੇ ਆਸਾਰ ਹਨ। ਪੰਜਾਬ ਦੇ ਚੋਣ ਕਮਿਸ਼ਨ ਦਾ ਦੱਸਣਾ ਹੈ ਕਿ ਅੱਜ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਲਈ 58.10 ਫੀਸਦੀ ਵੋਟਾਂ ਪਈਆਂ। ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ 71.66 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਜ਼ਿਲ੍ਹਾ ਵਾਰ ਵੋਟ ਪ੍ਰਤੀਸ਼ਤਤਾ ਮੁਤਾਬਕ ਅੰਮ੍ਰਿਤਸਰ ਵਿੱਚ 52 ਫੀਸਦੀ, ਬਠਿੰਡਾ ਵਿੱਚ 55 ਫੀਸਦੀ, ਬਰਨਾਲਾ ਵਿੱਚ 57 ਫੀਸਦੀ, ਫਹਿਤਗੜ੍ਹ ਸਾਹਿਬ ਵਿੱਚ 64 ਫੀਸਦੀ, ਫ਼ਰੀਦਕੋਟ ਵਿੱਚ 63 ਫੀਸਦੀ, ਫਾਜ਼ਿਲਕਾ ਵਿੱਚ 64 ਫੀਸਦੀ, ਗੁਰਦਾਸਪੁਰ ਵਿੱਚ 47 ਫੀਸਦੀ, ਹੁਸ਼ਿਆਰਪੁਰ 50.86, ਜਲੰਧਰ ਵਿੱਚ 51.6 ਫੀਸਦੀ, ਕਪੂਰਥਲਾ ਵਿੱਚ 60 ਫੀਸਦੀ, ਲੁਧਿਆਣਾ ਵਿੱਚ 57 ਫੀਸਦੀ, ਮੋਗਾ ਵਿੱਚ 57 ਫੀਸਦੀ, ਸ੍ਰੀ ਮੁਕਤਸਰ ਸਾਹਿਬ ਵਿੱਚ 58 ਫੀਸਦੀ, ਮਾਨਸਾ ਵਿੱਚ 71.66 ਫੀਸਦੀ, ਪਟਿਆਲਾ ਵਿੱਚ 62 ਫੀਸਦੀ, ਪਠਾਨਕੋਟ ਵਿੱਚ 57 ਫੀਸਦੀ, ਰੂਪਨਗਰ ਵਿੱਚ 61 ਫੀਸਦੀ, ਸੰਗਰੂਰ ਵਿੱਚ 64 ਫੀਸਦੀ, ਮੁਹਾਲੀ ਵਿੱਚ 65 ਫੀਸਦੀ, ਨਵਾਂਸ਼ਹਿਰ ਵਿੱਚ 60.37 ਫੀਸਦੀ ਅਤੇ ਤਰਨਤਾਰਨ ਵਿੱਚ 43.77 ਫੀਸਦੀ ਵੋਟਾਂ ਪਈਆਂ।