ਕੇਰਲਾ ਦੇ ਮੁਸੀਬਤ ਮਾਰੇ ਲੋਕਾਂ ਦੀ ਸਿੱਖ ਸੰਗਤਾਂ ਵੱਲੋਂ ਕੀਤੀ ਜਾ ਰਹੀ ਮਦਦ ਦੀ ਹਰ ਪਾਸੇ ਚਰਚਾ

ਕੇਰਲਾ ਦੇ ਮੁਸੀਬਤ ਮਾਰੇ ਲੋਕਾਂ ਦੀ ਸਿੱਖ ਸੰਗਤਾਂ ਵੱਲੋਂ ਕੀਤੀ ਜਾ ਰਹੀ ਮਦਦ ਦੀ ਹਰ ਪਾਸੇ ਚਰਚਾ

ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰਤ ਦੇ ਦੱਖਣੀ ਰਾਜ ਕੇਰਲਾ ਵਿਚ ਆਏ ਭਿਆਨਕ ਹੜ੍ਹ ਨਾਲ ਜੁੜੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਚ ਖਾਲਸਾ ਏਡ ਸਮੇਤ ਹੋਰ ਸਿੱਖ ਸੰਗਤਾਂ ਵੱਲੋਂ ਬਿਨਾ ਕਿਸੇ ਭੇਦਭਾਵ ਦੇ ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਕੀਤੇ ਜਾਣ ਦੀਆਂ ਤਸਵੀਰਾਂ ਵੀ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ਵਿਚ ਹੀ ਕੱਟੜ ਹਿੰਦੂਵਾਦੀ ਲੋਕਾਂ ਅਤੇ ਸੰਗਠਨਾਂ ਵੱਲੋਂ ਕੇਰਲਾ ਦੇ ਹੜ੍ਹ ਮਾਰੇ ਲੋਕਾਂ ਲਈ ਹਿੰਦੂਵਾਦ ਦਾ ਸਾਥ ਨਾ ਦੇਣ ਕਰਕੇ ਘਟੀਆ ਕਿਸਮ ਦੀਆਂ ਟਿੱਪਣੀਆਂ ਵੀ ਮਿਲ ਰਹੀਆਂ ਹਨ ਜੋ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਹਨ।
ਦਿੱਲੀ ਤੋਂ 35 ਸਿੱਖ ਸੇਵਾਦਾਰਾਂ ਦੀ ਟੀਮ ਕੇਰਲ ਨੂੰ ਦੁਬਾਰਾ ਖੜ੍ਹਾ ਕਰਨ ਲਈ ਨਿਕਲੀ ਹੈ। ਇਹ ਜਥੇਦਾਰ ਬੜੂ ਸਾਹਿਬ ਦੇ ਸੇਵਾਦਾਰ ਹਨ। ਰਾਜੌਰੀ ਗਾਰਡਨ ਤੋਂ ਬੜੂ ਸਾਹਿਬ ਟਰੱਸਟ ਨੇ ਕਾਰਪੇਂਟਰ, ਪਲੰਬਰ ਤੇ ਇਲੈਕਟ੍ਰੀਸ਼ੀਅਨ ਸਣੇ 35 ਸੇਵਾਦਾਰਾਂ ਦੀ ਟੀਮ ਨਵੀਂ ਦਿੱਲੀ ਤੋਂ ਕੇਰਲ ਲਈ ਭੇਜੀ ਹੈ। ਸੰਸਥਾ ਦੇ ਟਰੱਸਟੀ ਰਵਿੰਦਰਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਬੜੂ ਸਾਹਿਬ ਗੁਰਦੁਆਰਾ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡ ਰਮਨਗਿਰੀ ਨੂੰ ਗੋਦ ਵੀ ਲਿਆ ਹੈ।
ਇਹਨਾਂ ਸੇਵਾਦਾਰਾਂ ਦੀ ਕੋਸ਼ਿਸ਼ ਹੋਵੇਗੀ ਕਿ ਕਿਸੇ ਤਰ੍ਹਾਂ ਇਹ ਲੋਕ ਭਾਰੀ ਬਾਰਸ਼ ਬਾਅਦ ਟੁੱਟ ਚੁੱਕੇ ਮਕਾਨ ਤੇ ਸੜਕਾਂ ਦੀ ਮੁਰੰਮਤ ਕਰ ਸਕਣ।