‘ਸਿੱਖਸ ਫਾਰ ਜਸਟਿਸ’ ਨੂੰ ਸੋਸ਼ਲ ਮੀਡੀਆ ਉਤੇ ਡੱਕਣ ਲੱਗੀ ਭਾਰਤ ਸਰਕਾਰ, ਪਨੂੰ ਦਾ ਟਵਿੱਟਰ ਖਾਤਾ ਜਾਮ

‘ਸਿੱਖਸ ਫਾਰ ਜਸਟਿਸ’ ਨੂੰ ਸੋਸ਼ਲ ਮੀਡੀਆ ਉਤੇ ਡੱਕਣ ਲੱਗੀ ਭਾਰਤ ਸਰਕਾਰ, ਪਨੂੰ ਦਾ ਟਵਿੱਟਰ ਖਾਤਾ ਜਾਮ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਸਰਕਾਰ ਨੇ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਸੋਸ਼ਲ ਮੀਡੀਆ ਖਾਤਾ ਬੰਦ ਕਰਵਾ ਦਿੱਤਾ ਹੈ। ਐਸਐਫਜੇ ਉਹੀ ਸੰਸਥਾ ਹੈ, ਜਿਸ ਵੱਲੋਂ ਸਾਲ 2020 ਵਿਚ ਸਿੱਖ ਰੈਫਰੰਡਮ ਦੀ ਮੰਗ ਕੀਤੀ ਜਾ ਰਹੀ ਹੈ। ਸ. ਪਨੂੰ ਨੇ ਆਪਣਾ ਸੋਸ਼ਲ ਮੀਡੀਆ ਖਾਤਾ ਬੰਦ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ। ਜਾਣਕਾਰੀ ਮਿਲੀ ਹੈ ਕਿ ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿੱਟਰ ਤੇ ਸੋਸ਼ਲ ਮੀਡੀਆ ਦੇ ਵੱਡੇ ਪਲੇਟਫਾਰਮ ਫੇਸਬੁੱਕ ਨੇ ਬੀਤੇ ਦਿਨ ਪਨੂੰ ਦਾ ਅਕਾਊਂਟ ਬਲੌਕ ਕਰ ਦਿੱਤਾ ਸੀ।
ਆਪਣੇ ਵਿਰੁੱਧ ਹੋਈ ਇਸ ਕਾਰਵਾਈ ਤੋਂ ਬਾਅਦ ਪਨੂੰ ਨੇ ਕਿਹਾ ਕਿ ਇਹ ਦੋਵੇਂ ਲੀਡਰਾਂ ਨੂੰ ਐਸਐਫਜੇ ਨਾਲ ਕਾਨੂੰਨੀ ਲੜਾਈ ਲੜਨੀ ਪਵੇਗੀ। ਇੰਨਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਰਾਜਨਾਥ ਤੇ ਕੈਪਟਨ ਭਾਰਤ ਤੋਂ ਬਾਹਰ ਕਿਸੇ ਵੀ ਦੇਸ਼ ਵਿਚ ਜਾਣਗੇ, ਉੱਥੇ ਹੀ ਐਸਐਫਜੇ ਦੇ ਵਿਰੋਧ ਦਾ ਸਾਹਮਣਾ ਕਰਨਗੇ।
ਜ਼ਿਕਰਯੋਗ ਹੈ ਕਿ ਐਸਐਫਜੇ ਵੱਲੋਂ ਵੱਟਸਐਪ ਰਾਹੀਂ ”ਰੈਫਰੰਡਮ=੨੦੨੦” ਦੇ ਹੱਕ ਵਿਚ ਕੀਤੇ ਜਾ ਰਹੇ ਪਰਚਾਰ ਤੋਂ ਪੰਜਾਬ ਤੇ ਭਾਰਤ ਸਰਕਾਰਾਂ ਕਾਫੀ ਔਖੀਆਂ ਹਨ। ਅਜਿਹੀ ਸਮੱਗਰੀ ਵਾਲੇ ਵੱਟਸਐਪ ਗਰੁੱਪਾਂ ਵਿਰੁੱਧ ਕੇਸ ਦਰਜ ਕਰਨ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ‘ਤੇ ਪਨੂੰ ਨੇ ਖ਼ੁਦ ਨੂੰ ਅਜਿਹੇ ਵੱਟਸਐਪ ਗਰੁੱਪਾਂ ਦਾ ਐਡਮਿਨ ਬਣਾਉਣ ਲਈ ਕਿਹਾ ਹੈ ਤਾਂ ਜੋ ਉਹ ਵੀ ਕੇਸਾਂ ਦਾ ਸਾਹਮਣਾ ਕਰ ਸਕੇ।