ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ

ਪਤੀ-ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ

ਸੰਗਰੂਰ ਵਿਚ ਕਤਲ ਕੀਤੇ ਪਤੀ-ਪਤਨੀ ਦੀ ਫਾਈਲ ਫੋਟੋ।
ਸੰਗਰੂਰ/ਬਿਊਰੋ ਨਿਊਜ਼ :
ਪੰਜਾਬ ‘ਚ ਸੰਗਰੂਰ ਦੇ ਇਕ ਪ੍ਰਾਪਰਟੀ ਡੀਲਰ ਤੇ ਫਾਇਨਾਂਸਰ ਅਤੇ ਉਸ ਦੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਦਾ ਕਰੀਬੀ ਸੀ। ਪੁਲੀਸ ਵਲੋਂ ਸਾਬਕਾ ਕਾਂਗਰਸੀ ਨਗਰ ਕੌਂਸਲਰ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਕਾਲੀ ਸਮਰਥਕ ਚਰਨਜੀਤ ਗਰਗ ਉਰਫ਼ ਚਿੜੀ (41 ਸਾਲ) ਉਤੇ ਸਰਕਾਰੀ ਰਣਬੀਰ ਕਾਲਜ ਰੋਡ ‘ਤੇ ਚਰਚ ਦੇ ਨਜ਼ਦੀਕ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਪਿੱਛੋਂ ਗੋਲੀਆਂ ਮਾਰ ਦਿੱਤੀਆਂ ਗਈਆਂ।ਇਸ ਮੌਕੇ ਉਨ੍ਹਾਂ ਦੀ ਪਤਨੀ ਪੂਜਾ ਵੀ ਨਾਲ ਸੀ, ਜੋ ਇਸ ਹਮਲੇ ਵਿਚ ਮਾਰੀ ਗਈ ਹੈ। ਗਰਗ ਜੋੜਾ ਆਪਣੇ ਪਿੱਛੇ ਛੇ ਅਤੇ ਚਾਰ ਸਾਲ ਦੇ ਦੋ ਪੁੱਤਰ ਛੱਡ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਕਸਰ ਹੀ ਚਰਨਜੀਤ ਆਪਣੀ ਪਤਨੀ ਤੇ ਬੱਚਿਆਂ ਸਮੇਤ ਰਾਤ ਨੂੰ ਬਜ਼ਾਰ ਜਾਂਦਾ ਸੀ। ਬੀਤੀ ਰਾਤ ਦੋਵੇਂ ਬੱਚੇ ਜਲਦੀ ਸੌਂ ਗਏ, ਜਿਸ ਕਾਰਨ ਉਹ ਮਾਪਿਆਂ ਦੇ ਨਾਲ ਨਹੀਂ ਸਨ। ਸਿਵਲ ਹਸਪਤਾਲ ‘ਚ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵਲੋਂ ਮ੍ਰਿਤਕ ਜੋੜੇ ਦਾ ਪੋਸਟ ਮਾਰਟਮ ਕੀਤਾ ਗਿਆ। ਬਾਅਦ ਦੁਪਹਿਰ ਦੋਵਾਂ ਦਾ ਇੱਕੋ ਚਿਖ਼ਾ ਉਪਰ ਬੇਹੱਦ ਗ਼ਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਆਗੂ, ਵਰਕਰ ਅਤੇ ਪਤਵੰਤੇ ਹਾਜ਼ਰ ਸਨ।
ਥਾਣਾ ਸਿਟੀ ਪੁਲੀਸ ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਕਰਮਜੀਤ ਕੁਮਾਰ ਉਰਫ਼ ਰਵੀ ਦੇ ਬਿਆਨਾਂ ‘ਤੇ ਜੱਸੀ, ਪ੍ਰਦੀਪ ਕੁਮਾਰ (ਦੋਵੇਂ ਭਰਾ) ਵਾਸੀਆਨ ਮਹਿਲ ਮੁਬਾਰਕ ਕਲੋਨੀ ਸੰਗਰੂਰ, ਅਨੁਪਮ ਉਰਫ਼ ਪੌਂਪੀ ਸਾਬਕਾ ਨਗਰ ਕੌਂਸਲਰ ਸੰਗਰੂਰ ਅਤੇ ਜੱਜੂ ਵਾਸੀ ਦਸਮੇਸ਼ ਨਗਰ ਸੰਗਰੂਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।