ਪੰਚਾਇਤੀ ਚੋਣਾਂ ‘ਚ ਹੋਵੇਗੀ ਅਕਾਲੀ ਦਲ ਦੀ ਅਗਨੀ-ਪ੍ਰੀਖਿਆ

ਪੰਚਾਇਤੀ ਚੋਣਾਂ ‘ਚ ਹੋਵੇਗੀ ਅਕਾਲੀ ਦਲ ਦੀ ਅਗਨੀ-ਪ੍ਰੀਖਿਆ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਪਿਛਲੇ ਇਕ ਸਾਲ ਦੇ ਸਮੇਂ ਦੌਰਾਨ ਹੋਈਆਂ ਦੋ ਜ਼ਿਮਨੀ ਚੋਣਾਂ ਗੁਰਦਾਸਪੁਰ ਤੇ ਸ਼ਾਹਕੋਟ ਸਮੇਤ ਨਗਰ ਨਿਗਮ ਅਤੇ ਮਿਉਂਸਿਪਲ ਚੋਣਾਂ ਵਿਚ ਅਕਾਲੀ ਦਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਕਤ ਚੋਣਾਂ ਵਿੱਚ ਹਾਰ ਤੋਂ ਬਾਅਦ ਅਕਾਲੀ ਦਲ ਲਈ ਪੰਚਾਇਤੀ ਚੋਣਾਂ ਦਾ ਇਮਤਿਹਾਨ ਉਸ ਸਮੇਂ ਆਇਆ ਹੈ, ਜਦੋਂ ਪਾਰਟੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਹੋਈ ਸੰਕਟਮਈ ਦੌਰ ਵਿੱਚੋਂ ਲੰਘ ਰਹੀ ਹੈ। ਉਮੀਦਵਾਰਾਂ ਦੀ ਚੋਣ ਦਾ ਕੰਮ ਛੱਡ ਕੇ ਪਾਰਟੀ ਵੱਲੋਂ ਵੱਕਾਰ ਬਹਾਲੀ ਦੀ ਲੜਾਈ ਲੜਨੀ ਸ਼ੁਰੂ ਕੀਤੀ ਗਈ ਹੈ।
ਪੰਜਾਬ ਵਿੱਚ ਇੱਕ ਦਹਾਕੇ ਮਗਰੋਂ ਹੋਈ ਸੱਤਾ ਤਬਦੀਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਈ ਮੁੜ ਪੈਰ ਜਮਾਉਣੇ ਚੁਣੌਤੀ ਬਣੇ ਹੋਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕੁਝ ਹੋਰ ਆਗੂਆਂ ਦੇ ਕਾਰ-ਵਿਹਾਰ ਤੇ ਰੰਗ-ਢੰਗ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ, ਇਸ ਕਰ ਕੇ ਸੀਨੀਅਰ ਲੀਡਰਸ਼ਿਪ ਵੱਲੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਨੂੰ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਪੰਜਾਬ ਵਿਚ ਇਨ੍ਹਾਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸੇ ਹਫ਼ਤੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦਾ ਅਮਲ ਵੀ ਸ਼ੁਰੂ ਹੋ ਜਾਵੇਗਾ। ਪੰਜਾਬ ਦੀਆਂ ਤਕਰੀਬਨ ਸਾਰੀਆਂ ਹੀ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ‘ਤੇ ਪਿਛਲੇ ਇੱਕ ਦਹਾਕੇ ਤੋਂ ਅਕਾਲੀ ਦਲ ਦਾ ਹੀ ਕਬਜ਼ਾ ਚੱਲਿਆ ਆ ਰਿਹਾ ਹੈ। ਪੰਜਾਬ ਵਿੱਚ ਸੱਤਾ ਕਾਂਗਰਸ ਦੇ ਹੱਥ ਆਉਣ ਤੋਂ ਬਾਅਦ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ। ਇਸ ਕਰਕੇ ਅਕਾਲੀ ਦਲ ਨੂੰ ਕੁਝ ਦਿਹਾਤੀ ਸੰਸਥਾਵਾਂ ‘ਤੇ ਮੁੜ ਵੱਕਾਰ ਬਹਾਲੀ ਦੀ ਉਮੀਦ ਸੀ, ਪਰ ਤਾਜ਼ਾ ਸਿਆਸੀ ਹਾਲਾਤ ਨੇ ਅਕਾਲੀ ਦਲ ਦੀਆਂ ਉਮੀਦਾਂ ‘ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਮੰਨਣਾ ਹੈ ਕਿ ਸਾਲ 2015 ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਬਰਗਾੜੀ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਪੁਲੀਸ ਗੋਲੀਬਾਰੀ ਦੀ ਪੜਤਾਲੀਆ ਰਿਪੋਰਟ ਉਪਰ ਹੋਈ ਬਹਿਸ ਨੇ ਅਕਾਲੀ ਦਲ ਦਾ ਨੁਕਸਾਨ ਕੀਤਾ ਹੈ। ਅਕਾਲੀ ਦਲ ਵੱਲੋਂ ਭਾਵੇਂ ਤਾਜ਼ਾ ਹਾਲਾਤ ਨਾਲ ਨਜਿੱਠਣ ਲਈ ਰੈਲੀਆਂ ਕਰਨ ਦੀ ਰਣਨੀਤੀ ਘੜੀ ਗਈ ਹੈ, ਪਰ ਪਾਰਟੀ ਨੂੰ ਇਸ ਸੰਕਟ ਵਿੱਚੋਂ ਉਭਰਨ ਲਈ ਅਜੇ ਸਮਾਂ ਲੱਗੇਗਾ।
ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਹ ਚੋਣਾਂ 19 ਸਤੰਬਰ ਨੂੰ ਹੋਣੀਆਂ ਹਨ। ਇਨ੍ਹਾਂ ਚੋਣਾਂ ਦਾ ਆਧਾਰ ਦਿਹਾਤੀ ਖੇਤਰ ਹੈ ਤੇ ਬੇਅਦਬੀ ਦੀਆਂ ਘਟਨਾਵਾਂ ਦਾ ਅਸਰ ਵੀ ਦਿਹਾਤੀ ਖੇਤਰ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਵੱਲੋਂ ਵੀ ਇਸ ਮਾਮਲੇ ਨੂੰ ਤੂਲ ਦਿੱਤੀ ਜਾ ਰਹੀ ਹੈ। ਅਕਾਲੀ ਦਲ ਦਾ ਜਨ ਆਧਾਰ ਵੀ ਦਿਹਾਤੀ ਖੇਤਰ ਹੀ ਮੰਨਿਆ ਜਾ ਰਿਹਾ ਹੈ ਤੇ ਦਿਹਾਤੀ ਖੇਤਰ ਵਿੱਚ ਖੁਰ ਰਿਹਾ ਵੋਟ ਬੈਂਕ ਬਚਾਉਣਾ ਅਕਾਲੀ ਦਲ ਲਈ ਮੁਸ਼ਕਿਲ ਹੋਇਆ ਪਿਆ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਮੰਨਣਾ ਹੈ ਕਿ ਪੰਚਾਇਤ ਸਮਿਤੀਆਂ ਲਈ ਉਮੀਦਵਾਰ ਖੜ੍ਹੇ ਕਰਨ ਵਾਸਤੇ ਅਕਾਲੀ ਦਲ ਸਮੇਤ ਹੋਰ ਵਿਰੋਧੀ ਪਾਰਟੀਆਂ ਨੂੰ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸੰਕਟ ਵਿੱਚੋਂ ਨਿਕਲਣ ਲਈ ਰੈਲੀਆਂ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਵਰਕਰਾਂ ਵਿੱਚ ਜੋਸ਼ ਭਰਿਆ ਜਾ ਸਕੇ।