ਨੋਬੇਲ ਇਨਾਮ ਜੇਤੂ ਰੋਹਿੰਗੀਆ ਨੇ ਮੁਸਲਮਾਨਾਂ ਹੱਕ ‘ਚ ਆਵਾਜ਼ ਉਠਾਈ

ਨੋਬੇਲ ਇਨਾਮ ਜੇਤੂ ਰੋਹਿੰਗੀਆ ਨੇ ਮੁਸਲਮਾਨਾਂ ਹੱਕ ‘ਚ ਆਵਾਜ਼ ਉਠਾਈ

‘ਸਾਂ ਸੂ ਕੀ ਰੋਹਿੰਗੀਆ ਮੁਸਲਮਾਨਾਂ ਖ਼ਿਲਾਫ਼ ਹਿੰਸਾ ਰੋਕਣ ਲਈ ਉਪਰਾਲੇ ਕਰੇ’
ਕੋਕਸ ਬਾਜ਼ਾਰ (ਬੰਗਲਾਦੇਸ਼)/ਬਿਊਰੋ ਨਿਊਜ਼
ਨੋਬੇਲ ਪੁਰਸਕਾਰ ਜੇਤੂ ਤਿੰਨ ਹਸਤੀਆਂ ਨੇ ਆਪਣੀ ਸਾਥੀ ਆਂਗ ਸਾਂ ਸੂ ਕੀ ਨੂੰ ਅਪੀਲ ਕੀਤੀ ਹੈ ਕਿ ਉਹ ਰੋਹਿੰਗੀਆ ਮੁਸਲਮਾਨਾਂ ਖ਼ਿਲਾਫ਼ ਹਿੰਸਾ ਨੂੰ ਰੋਕਣ ਦੇ ਉਪਰਾਲੇ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਹਿੰਸਾ ਖ਼ਿਲਾਫ਼ ਨਾ ਬੋਲੀ ਤਾਂ ਕਤਲੇਆਮ ਲਈ ਉਸ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰੀਬ 10 ਲੱਖ ਰੋਹਿੰਗੀਆ ਸ਼ਰਨਾਰਥੀਆਂ ਦੇ ਬੰਗਲਾਦੇਸ਼ ਸਥਿਤ ਕੈਂਪਾਂ ਦਾ ਦੌਰਾ ਕਰਨ ਮਗਰੋਂ ਤਵੱਕਲ ਕਰਮਨ, ਸ਼ਿਰੀਨ ਅਬਾਦੀ ਅਤੇ ਮੇਅਰਡ ਮੇਗੁਇਰ (ਤਿੰਨੇ ਨੋਬੇਲ ਪੁਰਸਕਾਰ ਜੇਤੂ) ਨੇ ਨੋਬੇਲ ਪੁਰਸਕਾਰ ਜੇਤੂ ਸੂ ਕੀ ਨੂੰ ਕਿਹਾ ਕਿ ਉਹ ਘੱਟ ਗਿਣਤੀਆਂ ਖ਼ਿਲਾਫ਼ ਮਿਆਂਮਾਰ ‘ਚ ਵਧੀਕੀਆਂ ਪ੍ਰਤੀ ਜਾਗਣ। ਮੇਗੁਇਰ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਬਰਮਾ ਸਰਕਾਰ ਅਤੇ ਫ਼ੌਜ ਵੱਲੋਂ ਕਤਲੇਆਮ ਹੈ ਅਤੇ ਉਹ ਬਰਮਾ (ਮਿਆਂਮਾਰ) ਸਰਕਾਰ ਦੀ ਇਸ ਨੀਤੀ ਨੂੰ ਨਕਾਰਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਮਾਮਲਾ ਆਈਸੀਸੀ (ਕੌਮਾਂਤਰੀ ਕ੍ਰਿਮਿਨਲ ਕੋਰਟ) ‘ਚ ਲਿਜਾਇਆ ਜਾਵੇਗਾ ਅਤੇ ਜਿਹੜੇ ਕਤਲੇਆਮ ਕਰ ਰਹੇ ਹਨ, ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਯਮਨ ਮਨੁੱਖੀ ਹੱਕਾਂ ਦੀ ਕਾਰਕੁਨ ਕਰਮਨ ਨੇ ਸੂ ਕੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਆਪਣੀ ਖਾਮੋਸ਼ੀ ਨਾ ਤੋੜੀ ਤਾਂ ਉਸ ‘ਤੇ ਵੀ ਮੁਕੱਦਮਾ ਚਲ ਸਕਦਾ ਹੈ। ਜ਼ਿਕਰਯੋਗ ਹੈ ਕਿ ਆਲਮੀ ਪੱਧਰ ‘ਤੇ ਮਨੁੱਖੀ ਹੱਕਾਂ ਦੀ ਕਦੇ ਨਾਇਕ ਮੰਨੀ ਜਾਂਦੀ ਸੂ ਕੀ ਦਾ ਅਕਸ ਰੋਹਿੰਗੀਆ ਸੰਕਟ ਨਾਲ ਨਜਿੱਠਣ ਦੇ ਮਾਮਲੇ ‘ਚ ਖ਼ਰਾਬ ਹੋ ਗਿਆ ਹੈ।