ਸ਼੍ਰੋਮਣੀ ਅਕਾਲੀ ਦਲ ਦੀਆਂ ਸਫਾਂ ‘ਚ ਡਰ ਦਾ ਮਾਹੌਲ

ਸ਼੍ਰੋਮਣੀ ਅਕਾਲੀ ਦਲ ਦੀਆਂ ਸਫਾਂ ‘ਚ ਡਰ ਦਾ ਮਾਹੌਲ

ਚੰਡੀਗੜ੍ਹ/ਬਿਊਰੋ ਨਿਊਜ਼ :

ਖਬਰਾਂ ਹਨ ਕਿ ਅਕਾਲੀ ਨੇਤਾ ਜਨਤਕ ਤੌਰ ‘ਤੇ ਵਿਚਰਨ ਤੋਂ ਪਾਸਾ ਵੱਟ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਇੱਕ ਅਕਾਲੀ ਨੇਤਾ ਨੇ ਕੈਨੇਡਾ ਵਿਚ ਪਿਛਲੇ ਦਿਨਾਂ ਦੌਰਾਨ ਹੋਏ ਕਬੱਡੀ ਕੱਪ ਵਿੱਚ ਸ਼ਮੂਲੀਅਤ ਕਰਨ ਤੋਂ ਨਾਂਹ ਕਰ ਦਿੱਤੀ। ਸੂਤਰਾਂ ਦਾ ਦੱਸਣਾ ਹੈ ਕਿ ਇਹ ਅਕਾਲੀ ਨੇਤਾ ਜੋ ਕਿ ਕੈਨੇਡਾ ਦੇ ਦੌਰੇ ‘ਤੇ ਗਿਆ ਹੋਇਆ ਹੈ, ਨੂੰ ਟੂਰਨਾਮੈਂਟ ਦੇ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਸੱਦਾ ਦੇਣ ਲਈ ਗਏ ਤਾਂ ਉਸ ਨੂੰ ਸਪੱਸ਼ਟ ਤੌਰ ‘ਤੇ ਨਾਂਹ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਅਕਾਲੀ ਨੇਤਾਵਾਂ ਦਾ ਜਨਤਕ ਤੌਰ ‘ਤੇ ਘੁੰਮਣਾ ਸੁਖਾਵਾਂ ਨਹੀਂ ਰਿਹਾ, ਇਸ ਲਈ ਉਹ ਨਹੀਂ ਆ ਸਕਦਾ। ਇਸ ਮਾਮਲੇ ਦੀ ਅਨਾਉਂਸਮੈਂਟ ਪ੍ਰਬੰਧਕਾਂ ਨੇ ਜਨਤਕ ਤੌਰ ‘ਤੇ ਕੀਤੀ।
ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਮਾਮਲਿਆਂ ਦੀ ਪੜਤਾਲੀਆ ਰਿਪੋਰਟ ‘ਤੇ ਬਹਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਡੇ ਰਾਜਸੀ ਸੰਕਟ ਵਿਚ ਘਿਰਿਆ ਦਿਖਾਈ ਦੇ ਰਿਹਾ ਹੈ। ਦਲ ਦੀ ਕੋਰ ਕਮੇਟੀ ਨੇ ਨਵੇਂ ਉਪਜੇ ਸੰਕਟ ਵਿੱਚੋਂ ਨਿਕਲਣ ਲਈ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬਰਗਾੜੀ ਕਾਂਡ ਦੀਆਂ ਰਿਪੋਰਟ ਜਨਤਕ ਹੋਣ ਅਤੇ ਬਹਿਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਅਕਾਲੀ ਆਗੂਆਂ ਖਾਸ ਕਰ ਬਾਦਲਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਵਿਚਾਰਿਆ ਗਿਆ। ਸੂਤਰਾਂ ਦਾ ਦੱਸਣਾ ਹੈ ਕਿ ਕੋਰ ਕਮੇਟੀ ਦੇ ਕੁਝ ਮੈਂਬਰਾਂ ਨੇ ਜਦੋਂ ਤਾਜ਼ਾ ਘਟਨਾਕ੍ਰਮ ਕਾਰਨ ਪਾਰਟੀ ਨੂੰ ਸਿਆਸੀ ਤੌਰ ‘ਤੇ ਨੁਕਸਾਨ ਹੋਣ ਦੀ ਗੱਲ ਕਹੀ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੁਕਸਾਨ ਹੋਣ ਦੇ ਖ਼ਦਸ਼ਿਆਂ ਨੂੰ ਖਾਰਜ ਕਰਦਿਆਂ ਕਿਹਾ, ”ਮੈਂ ਰੋਜ਼ਾਨਾ ਸਰਵੇ ਕਰਵਾਉਂਦਾ ਹਾਂ, ਬਹਿਸ ਤੋਂ ਬਾਅਦ ਅਕਾਲੀ ਦਲ ਦਾ ਕੋਈ ਨੁਕਸਾਨ ਨਹੀਂ ਹੋਣਾ।”
ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸੇਵਾ ਸਿੰਘ ਸੇਖਵਾਂ, ਜਥੇਦਾਰ ਤੋਤਾ ਸਿੰਘ ਆਦਿ ਨੇ ਸਿਆਸੀ ਤੌਰ ‘ਤੇ ਪਾਰਟੀ ਨੂੰ ਸੰਕਟ ਹੋਣ ਦੀ ਗੱਲ ਕਹੀ। ਇਸੇ ਦੌਰਾਨ ਬੀਬੀ ਜਗੀਰ ਕੌਰ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਢਿੱਲੋਂ ਆਦਿ ਨੇ ਸੁਖਬੀਰ ਸਿੰਘ ਬਾਦਲ ਦੀ ਸੁਰ ਵਿਚ ਸੁਰ ਮਿਲਾਈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਹਿਜ਼ ਇਹੀ ਕਿਹਾ ਕਿ ਮੇਰੇ ਉਪਰ ਝੂਠੇ ਦੋਸ਼ ਲਾਏ ਗਏ ਹਨ।
ਸੂਤਰਾਂ ਮੁਤਾਬਕ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਨਤਕ ਹੋਣ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀਆਂ ਦੇ ਹਮਲਿਆਂ ਤੋਂ ਬਾਅਦ ਜੋ ਸਿਆਸੀ ਸਥਿਤੀ ਪੈਦਾ ਹੋਈ ਹੈ, ਉਸ ‘ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਕੁਝ ਹੋਰਨਾਂ ਮੈਂਬਰਾਂ ਨੇ ਜਦੋਂ ਇਸੇ ਸੁਰ ਵਿਚ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਪਾਰਟੀ ਪ੍ਰਧਾਨ ਨੇ ਅਫ਼ਵਾਹਾਂ ਨੂੰ ਰੱਦ ਕਰਨ ਦੀ ਸਲਾਹ ਦਿੱਤੀ ਤੇ ਹਲਕਾ ਜਥੇਦਾਰਾਂ ਨੂੰ ਕਿਹਾ ਕਿ 1 ਸਤੰਬਰ ਨੂੰ ਸਰਕਾਰ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ ਜਾਵੇ। ਉਧਰ ਸੀਨੀਅਰ ਆਗੂਆਂ ਨੇ ਕਿਹਾ ਕਿ ਸੂਬੇ ਵਿਚ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸਮਿਤੀਆਂ ਅਤੇ ਗਰਾਮ ਪੰਚਾਇਤਾਂ ਦੀਆਂ ਚੋਣਾਂ ਐਨ ਸਿਰ ‘ਤੇ ਹੋਣ ਕਾਰਨ ਤਾਜ਼ਾ ਹਾਲਾਤ ਪਾਰਟੀ ਲਈ ਜ਼ਿਆਦਾ ਘਾਤਕ ਮੰਨੇ ਜਾ ਰਹੇ ਹਨ।
ਸਦਨ ਵਿਚ ਹੋਈ ਬਹਿਸ ਦੌਰਾਨ ਕਾਂਗਰਸ ਤੇ ‘ਆਪ’ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ਼ ਕਾਨੂੰਨੀ ਕਾਰਵਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਦਬਾਅ ਬਣਾਇਆ ਸੀ। ਅਕਾਲੀ ਨੇਤਾਵਾਂ ਦਾ ਮੰਨਣਾ ਹੈ ਕਿ ਬੇਅਦਬੀ ਤੇ ਗੋਲੀ ਕਾਂਡਾਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈ ਕੇ ਪੰਜਾਬ ਪੁਲੀਸ ਨੂੰ ਦੇਣ ਨਾਲ ਵੀ ਅਕਾਲੀ ਦਲ ਕਸੂਤਾ ਫਸ ਸਕਦਾ ਹੈ ਤੇ ਮੁੱਖ ਮੰਤਰੀ ‘ਤੇ ਬਾਦਲਾਂ ਖਿਲਾਫ਼ ਕਾਰਵਾਈ ਲਈ ਦਬਾਅ ਵਧ ਸਕਦਾ ਹੈ।