ਹਿੰਦੂ ਸ਼ਿਵ ਸੈਨਾ ਤੇ ਮਾਨ ਦਲ ਦੇ ਕਾਰਕੁੰਨਾਂ ਵਿਚਾਲੇ ਤਣਾ-ਤਣੀ

ਹਿੰਦੂ ਸ਼ਿਵ ਸੈਨਾ ਤੇ ਮਾਨ ਦਲ ਦੇ ਕਾਰਕੁੰਨਾਂ ਵਿਚਾਲੇ ਤਣਾ-ਤਣੀ

ਸ਼ਿਵ ਸੈਨਿਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁਨ।

ਪਾਤੜਾਂ/ਬਿਊਰੋ ਨਿਊਜ਼ :

ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਰਮੇਸ਼ ਕੁਮਾਰ ਕੁੱਕੂ ਦੀ ਅਗਵਾਈ ਵਿਚ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਚੌਕ ਵਿਚ ਰਾਇਸ਼ੁਮਾਰੀ-2020 ਦਾ ਪੁਤਲਾ ਫੂਕਣ ਮੌਕੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਇਕ ਵਿਅਕਤੀ ਸ਼ਿਵ ਸੈਨਿਕਾਂ ਦੇ ਹੱਥੋਂ ਪੁਤਲਾ ਖੋਹ ਲਿਆ। ਰੌਲਾ ਪੈਣ ‘ਤੇ ਹਾਜ਼ਰ ਪੁਲੀਸ ਕਰਮਚਾਰੀਆਂ ਨੇ ਪੁਤਲਾ ਖੋਹ ਕੇ ਆਪਣੀ ਗੱਡੀ ਵਿਚ ਰੱਖ ਲਿਆ। ਇਸ ਦੌਰਾਨ ਸਥਿਤੀ ਤਣਾਅਪੂਰਨ ਹੋ ਗਈ। ਇਸ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁਨ ਤੇ ਸਿੱਖ ਭਾਈਚਾਰੇ ਦੇ ਨਾਲ ਸਬੰਧਤ ਲੋਕ ਚੌਕ ਵਿੱਚ ਇਕੱਠੇ ਹੋ ਗਏ ਤੇ ਦੋਵਾਂ ਧਿਰਾਂ ਨੇ ਇਕ-ਦੂਜੇ ਖ਼ਿਲਾਫ਼ ਨਾਆਰੇਬਾਜ਼ੀ ਕੀਤੀ। ਉਪ ਪੁਲੀਸ ਕਪਤਾਨ (ਪਾਤੜਾਂ) ਪ੍ਰਿਤਪਾਲ ਸਿੰਘ ਘੁੰਮਣ ਦੀ ਅਗਵਾਈ ਵਿਚ ਪੁਲੀਸ ਨੇ ਮੁਸ਼ਕਲ ਨਾਲ ਮਾਹੌਲ ਸ਼ਾਂਤ ਕੀਤਾ।
ਜਾਣਕਾਰੀ ਅਨੁਸਾਰ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਨੇ ਕੌਮੀ ਪ੍ਰਧਾਨ ਰਮੇਸ਼ ਕੁਮਾਰ ਕੁੱਕੂ ਤੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਦੀ ਅਗਵਾਈ ਵਿਚ ਕਾਰਕੁਨਾਂ ਨੇ ਅਤਿਵਾਦ, ਖ਼ਾਲਿਸਤਾਨ ਤੇ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਰਕੁਨਾਂ ਨੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਚ ਅਤਿਵਾਦ ਤੇ ਰਾਇਸ਼ੁਮਾਰੀ-2020 ਦਾ ਪੁਤਲਾ ਫੂਕਣ ਦੀ ਤਿਆਰੀ ਦੌਰਾਨ ਪੁਲੀਸ ਨੂੰ ਮੰਗ ਪੱਤਰ ਵੀ ਦਿੱਤਾ। ਇਸ ਦੌਰਾਨ ਇਕ ਵਿਅਕਤੀ ਪੁਲੀਸ ਦੀ ਮੌਜਦੂਗੀ ਵਿਚ ਪੁਤਲਾ ਖੋਹ ਕੇ ਖ਼ਾਲਸਿਤਾਨ ਤੇ ਸੰਤ ਭਿੰਡਰਾਂਵਾਲੇ ਦੇ ਹੱਕ ਵਿਚ ਨਾਅਰੇ ਲਾਉਣ ਲੱਗ ਪਿਆ ਪਰ ਪੁਲੀਸ ਨੇ ਉਸ ਤੋਂ ਪੁਤਲਾ ਲੈ ਕੇ ਆਪਣੇ ਕਬਜ਼ੇ ਵਿਚ ਕਰ ਲਿਆ।
ਦੂਜੇ ਪਾਸੇ, ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਭੁੱਲਰ ਦੀ ਅਗਵਾਈ ਵਿਚ ਸਮਰਥਕਾਂ ਤੇ ਗੁਲਾਬ ਸਿੰਘ ਵਾਸੀ ਜੋਗੇਵਾਲ ਨੇ ਖ਼ਾਲਿਸਤਾਨ ਤੇ ਸੰਤ ਭੰਡਰਵਾਲੇ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉੱਪ ਪੁਲੀਸ ਕਪਤਾਨ ਪ੍ਰਿਤਪਾਲ ਸਿੰਘ ਘੁੰਮਣ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਹੌਲ ਸ਼ਾਂਤ ਕਰ ਦਿੱਤਾ ਹੈ। ਜੇਕਰ ਕਿਸੇ ਨੇ ਕਾਨੂੰਨ ਆਪਣੇ ਹੱਥ ਵਿਚ ਲੈਣ ਦਾ ਯਤਨ ਕੀਤਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।