ਪਹਾੜਾਂ ਦੀ ਸੈਰ ਉਤੇ ਰਹਿੰਦੀ ਐ ਪੰਜਾਬ ਦੀ ”ਮੋਤੀਆਂਵਾਲੀ ਸਰਕਾਰ”

ਪਹਾੜਾਂ ਦੀ ਸੈਰ ਉਤੇ ਰਹਿੰਦੀ ਐ ਪੰਜਾਬ ਦੀ ”ਮੋਤੀਆਂਵਾਲੀ ਸਰਕਾਰ”

ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਹਾੜਾਂ ਦੀ ਸੈਰ ਕਰਨ ਦਾ ਚਸਕਾ ਪੁਰਾਣਾ ਹੈ। ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਆਰਟੀਆਈ ਤਹਿਤ ਸਰਕਾਰੀ ਹੈਲੀਕਾਪਟਰ ਦੀ ਹਾਸਲ ਕੀਤੀ ਲਾਗ ਬੁੱਕ ਅਨੁਸਾਰ ਕੈਪਟਨ ਸਰਕਾਰ ਦੇ ਹੈਲੀਕਾਪਟਰ ਦੀ ਗੂੰਜ ਹੁਣ ਪੰਜਾਬ ਤੋਂ ਵੱਧ ਪਹਾੜਾਂ ‘ਚ ਪੈਂਦੀ ਹੈ। ਮੁੱਖ ਮੰਤਰੀ ਦਾ ਔਸਤਨ ਹਰ ਮਹੀਨੇ ਹਿਮਾਚਲ ਪ੍ਰਦੇਸ਼ ਦਾ ਗੇੜਾ ਰਿਹਾ ਹੈ। ਕਿਸੇ ਤੋਂ ਇਹ ਗੱਲ ਗੁੱਝੀ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਵਾਦੀਆਂ ਨਾਲ ਨੇੜਿਓਂ ਜੁੜੇ ਹਨ। ਉਨ੍ਹਾਂ ਦਾ ਫਾਰਮ ਹਾਊਸ ਵੀ ਹਿਮਾਚਲ ਪ੍ਰਦੇਸ਼ ਵਿਚ ਪੈਂਦਾ ਹੈ। ਅਮਰਿੰਦਰ ਸਿੰਘ ਨੇ ਜ਼ਿਆਦਾ ਗੇੜੇ ਕਾਂਡਿਆਲੀ (ਨੇੜੇ ਸ਼ਿਮਲਾ) ਦੇ ਲਾਏ ਹਨ। ਹਿਮਾਚਲ ਪ੍ਰਦੇਸ਼ ਦੇ ਆਮ ਰਾਜ ਪ੍ਰਬੰਧ ਵਿਭਾਗ ਤੋਂ ਆਰਟੀਆਈ ‘ਚ ਪ੍ਰਾਪਤ ਵੇਰਵਿਆਂ ਤੋਂ ਇਹ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ 19 ਮਈ ਤੋਂ 23 ਮਈ 2018 ਤੱਕ ਬਤੌਰ ਸਰਕਾਰੀ ਮਹਿਮਾਨ ਮਨਾਲੀ ਦੇ ਹੋਟਲ ਉਰਵਸ਼ੀ ਰਿਟਰੀਟ ਵਿੱਚ ਠਹਿਰੇ। ਉਨ੍ਹਾਂ ਦੇ ਨੇੜਲੇ ਦੋ ਸਟਾਫ਼ ਮੈਂਬਰ ਵੀ ਨਾਲ ਸਨ। ਜ਼ੈੱਡ ਪਲੱਸ ਸੁਰੱਖਿਆ ਹੋਣ ਕਰਕੇ ਹਿਮਾਚਲ ਸਰਕਾਰ ਨੇ ਪੰਜ ਦਿਨ ਸਖ਼ਤ ਸੁਰੱਖਿਆ ਪਹਿਰਾ ਰੱਖਿਆ। ਕਰੀਬ 45 ਸੁਰੱਖਿਆ ਅਫ਼ਸਰਾਂ ਤੇ ਮੁਲਾਜ਼ਮਾਂ ਲਈ ਠਹਿਰ ਦਾ ਵੱਖਰਾ ਪ੍ਰਬੰਧ ਕੀਤਾ ਗਿਆ। ਪਾਇਲਟ ਤੇ ਐਸਕਾਰਟ ਲਈ ਦੋ ਇਨੋਵਾ ਅਤੇ ਦੋ ਜਿਪਸੀਆਂ ਦਿੱਤੀਆਂ ਗਈਆਂ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਮਨਾਲੀ ਦੌਰੇ ਦਾ ਖਰਚਾ ਵੀ ਚੁੱਕਿਆ ਹੈ। ਦੱਸਣਯੋਗ ਹੈ ਕਿ ਅਮਰਿੰਦਰ ਦਾ ਇਹ ਦੌਰਾ ਕਾਫ਼ੀ ਚਰਚਾ ਵਿਚ ਵੀ ਰਿਹਾ ਹੈ। ਦੋ ਹਫ਼ਤਿਆਂ ਮਗਰੋਂ ਹੀ ਮੁੱਖ ਮੰਤਰੀ ਮੁੜ 8 ਜੂਨ ਨੂੰ ਹਿਮਾਚਲ ਪ੍ਰਦੇਸ਼ ਚਲੇ ਗਏ ਜਿੱਥੇ ਉਹ ਕਾਂਡਿਆਲੀ ਵਿਚ 12 ਜੂਨ 2018 ਤੱਕ ਰਹੇ। ਇਨ੍ਹਾਂ ਪੰਜ ਦਿਨਾਂ ਦਾ ਖਰਚਾ ਵੀ ਪ੍ਰਾਹੁਣਚਾਰੀ ਮਹਿਕਮੇ ਨੇ ਚੁੱਕਿਆ। ਦੂਜੇ ਪਾਸੇ ਹੈਲੀਕਾਪਟਰ ਦਾ ਖਰਚਾ ਪੰਜਾਬ ਸਰਕਾਰ ਚੁੱਕਦੀ ਹੈ।
ਇਸੇ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਅਤੇ 28 ਅਪਰੈਲ 2017 ਨੂੰ ਸ਼ਿਮਲਾ/ਕਾਂਡਿਆਲੀ ਅਤੇ 18 ਮਈ ਤੋਂ 22 ਮਈ 2017 ਤੱਕ ਸ਼ਿਮਲਾ/ਕਾਂਡਿਆਲੀ ‘ਚ ਰਹੇ। ਜਦੋਂ ਕਿ ਮੁੱਖ ਮੰਤਰੀ ਨੇ ਸਹੁੰ ਚੁੱਕਣ ਮਗਰੋਂ ਪੰਜਾਬ ਦੇ ਬਹੁਤ ਘੱਟ ਗੇੜੇ ਲਾਏ ਹਨ। ਅਹਿਮ ਸਮਾਗਮਾਂ ‘ਤੇ ਵੀ ਵਜ਼ੀਰ ਹੀ ਹਾਜ਼ਰੀ ਭਰਦੇ ਹਨ। ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿਚ ਮੁੱਖ ਮੰਤਰੀ ਨੇ ਇੱਕ ਵੀ ਗੇੜਾ ਹਾਲੇ ਤੱਕ ਨਹੀਂ ਮਾਰਿਆ ਹੈ।
ਸਰਕਾਰੀ ਹੈਲੀਕਾਪਟਰ ਦੀ ਲਾਗ ਬੁੱਕ ਅਨੁਸਾਰ ਹੈਲੀਕਾਪਟਰ ਦੇ ਦਰਜਨਾਂ ਗੇੜੇ ਚੰਡੀਗੜ੍ਹ-ਸ਼ਿਮਲਾ ਦੇ ਲੱਗੇ ਹਨ। ਕੈਪਟਨ ਸਰਕਾਰ ਦੇ ਹੈਲੀਕਾਪਟਰ ਦਾ 27 ਅਪਰੈਲ 2017 ਨੂੰ ਸ਼ਿਮਲਾ, ਪੰਜ ਦਿਨਾਂ ਮਗਰੋਂ ਮੁੜ ਪਹਿਲੀ ਮਈ ਨੂੰ ਸ਼ਿਮਲਾ ਤੇ 31 ਮਈ ਨੂੰ ਤੇ 1 ਜੂਨ 2017 ਨੂੰ ਵੀ ਸ਼ਿਮਲਾ ਦਾ ਟਰਿੱਪ ਰਿਹਾ ਹੈ। 24 ਜੂਨ 2017 ਨੂੰ ਤਾਂ ਹੈਲੀਕਾਪਟਰ ਨੇ ਸ਼ਿਮਲਾ ਦੇ ਦੋ ਗੇੜੇ ਲਾਏ। ਇਵੇਂ ਹੀ 15 ਸਤੰਬਰ ਅਤੇ 17 ਸਤੰਬਰ 2017 ਨੂੰ ਵੀ ਹੈਲੀਕਾਪਟਰ ਹਿਮਾਚਲ ਗਿਆ। ਹੈਲੀਕਾਪਟਰ ਦੇ 20 ਅਕਤੂਬਰ ਅਤੇ 23 ਅਕਤੂਬਰ 2017 ਨੂੰ ਵੀ ਸ਼ਿਮਲਾ ਦੇ ਗੇੜੇ ਰਹੇ। ਜਦੋਂ ਕਿ ਗੱਠਜੋੜ ਸਰਕਾਰ ਸਮੇਂ ਸਰਕਾਰੀ ਹੈਲੀਕਾਪਟਰ ਨੂੰ ਭੋਗਾਂ ਤੇ ਵਿਆਹਾਂ ‘ਤੇ ਜਾਣ ਲਈ ਵਰਤਿਆ ਜਾਂਦਾ ਸੀ। ਹੈਲੀਕਾਪਟਰ ਦਾ 27 ਦਸੰਬਰ 2017 ਨੂੰ ਦੇਹਰਾਦੂਨ ਦਾ ਗੇੜਾ ਰਿਹਾ ਹੈ। ਇਸੇ ਤਰ੍ਹਾਂ 8 ਜੁਲਾਈ 2017 ਨੂੰ ਹੈਲੀਕਾਪਟਰ ਨੇ ਕੇਦਾਰਨਾਥ ਤੇ ਬਦਰੀਨਾਥ ਦਾ ਚੱਕਰ ਲਾਇਆ। ਉਸ ਤੋਂ ਪਹਿਲਾਂ 7 ਅਪਰੈਲ 2017 ਨੂੰ ਹੈਲੀਕਾਪਟਰ ਵੈਸ਼ਨੋ ਦੇਵੀ ਦਾ ਚੱਕਰ ਲਾ ਕੇ ਆਇਆ ਸੀ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਤੋਂ ਇਲਾਵਾ ਹੈਲੀਕਾਪਟਰ ਦੀ ਵਰਤੋਂ ਦੂਸਰੇ ਵੀਆਈਪੀਜ਼ ਨੇ ਵੀ ਕੀਤੀ ਹੈ। ਸੂਤਰਾਂ ਅਨੁਸਾਰ ਰਾਜਪਾਲ ਪੰਜਾਬ ਵੱਲੋਂ ਧਾਰਮਿਕ ਸਥਾਨਾਂ ਦੀ ਯਾਤਰਾ ਮੌਕੇ ਹੈਲੀਕਾਪਟਰ ਦੀ ਵਰਤੋਂ ਕੀਤੀ ਗਈ ਹੈ। ਹਵਾਬਾਜ਼ੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਮੁੱਖ ਮੰਤਰੀ ਤੋਂ ਇਲਾਵਾ ਗਵਰਨਰ ਵੀ ਕਰਦੇ ਹਨ ਅਤੇ ਪਿਛਲੇ ਇੱਕ ਸਾਲ ਤੋਂ ਹੈਲੀਕਾਪਟਰ ਦੇ ਖ਼ਰਚੇ ਕਾਫ਼ੀ ਘੱਟ ਗਏ ਹਨ। ਸਰਕਾਰੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਕਈ ਵਾਰ ਪਾਇਲਟ ਵੀ ਟਰੇਨਿੰਗ ਲਈ ਚਲੇ ਜਾਂਦੇ ਹਨ।