ਸਿੱਖ ਨੌਜਵਾਨਾਂ ਦੀ ਬੇਤਹਾਸ਼ਾ ਕੁੱਟਮਾਰ ਕਰਨ ਵਾਲੇ ਥਾਣੇਦਾਰ ਖਿਲਾਫ ਢਿੱਲਾ ਜਿਹਾ ਕੇਸ ਦਰਜ

ਸਿੱਖ ਨੌਜਵਾਨਾਂ ਦੀ ਬੇਤਹਾਸ਼ਾ ਕੁੱਟਮਾਰ ਕਰਨ ਵਾਲੇ ਥਾਣੇਦਾਰ ਖਿਲਾਫ ਢਿੱਲਾ ਜਿਹਾ ਕੇਸ ਦਰਜ

ਹਸਪਤਾਲ ‘ਚ ਸ੍ਰੀਮਤੀ ਪਰਨੀਤ ਕੌਰ ਜ਼ਖ਼ਮੀ ਦਾ ਹਾਲ ਪੁੱਛਦੇ ਹੋਏ।
ਪਟਿਆਲਾ/ਬਿਊਰੋ ਨਿਊਜ਼ :
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੇਵਾ ਲਈ ਜਾ ਰਹੇ ਨੌਜਵਾਨਾਂ ‘ਚੋਂ ਅੰਮ੍ਰਿਤਧਾਰੀ ਸਿੱਖ ਉਪਰ ਤਸ਼ੱਦਦ ਢਾਹੁਣ ਦੇ ਦੋਸ਼ ਹੇਠ ਮੁਅੱਤਲ ਕੀਤੇ ਗਏ ਥਾਣਾ ਸਨੌਰ ਦੇ ਏਐਸਆਈ ਨਰਿੰਦਰ ਸਿੰਘ ਖ਼ਿਲਾਫ਼ ਧਾਰਾ 323 ਅਤੇ 342 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਪੀੜਤ ਨੂੰ ਮਿਲਣ ਪੁੱਜੇ ‘ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ’ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਵੀ ਸ਼ਾਮਲ ਧਾਰਾਵਾਂ ਨੂੰ ਨਾਕਾਫ਼ੀ ਦੱਸਦਿਆਂ, ਧਾਰਾ 295ਏ ਅਤੇ 307 ਵੀ ਜੋੜਨ ਦੀ ਮੰਗ ਕੀਤੀ।ਥਾਣਾ ਮੁਖੀ ਵਜੋਂ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਹੋਏ ਹਨ। ਉਧਰ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਨੇ ਕੇਸਾਂ ਅਤੇ ਦਸਤਾਰ ਦੀ ਬੇਹੁਰਮਤੀ ਲਈ ਧਾਰਾ 295ਏ ਜੋੜਨ ਦੀ ਵੀ ਮੰਗ ਕੀਤੀ ਹੈ। ਕੁੱਟਮਾਰ ਦਾ ਸ਼ਿਕਾਰ ਅਮਰਦੀਪ ਸਿੰਘ ਤੀਜੇ ਦਿਨ ਵੀ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਹੈ। ਇਸ ਦੌਰਾਨ ਪੀੜਤ ਨੌਜਵਾਨ ਦਾ ਹਾਲ-ਚਾਲ ਪੁੱਛਣ ਆਏ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ, ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ।
ਹਸਪਤਾਲ ਪੁੱਜੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਵੀ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੁਲੀਸ ਨੂੰ ਨਕੇਲ ਪਾਉਣ। ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਨੌਜਵਾਨ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਨਰਦੇਵ ਸਿੰਘ ਆਕੜੀ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੁਲੀਸ ਵਧੀਕੀਆਂ ਦਾ ਮਾਮਲਾ ਵਿਧਾਨ ਸਭਾ ‘ਚ ਉਠਾਉਣ ਦੀ ਗੱਲ ਆਖੀ ਹੈ।
ਇਸੇ ਦੌਰਾਨ ਅੰਮ੍ਰਿਤਧਾਰੀ ਸਿੱਖ ਉਪਰ ਤਸ਼ੱਦਦ ਢਾਹੁਣ ਅਤੇ ਸਿੱਖ ਕਕਾਰਾਂ ਦੀ ਬੇਅਦਬੀ ਦਾ ਅਕਾਲ ਤਖ਼ਤ ਸਾਹਿਬ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪੂਰੇ ਮਾਮਲੇ ਨੂੰ ਨੇੜਿਉਂ ਸਮਝਣ ਲਈ ਪਟਿਆਲਾ ਪੁੱਜ ਰਹੇ ਹਨ। ਇਸ ਮਾਮਲੇ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪਹਿਲਾਂ ਹੀ ਨਿੰਦਾ ਕੀਤੀ ਜਾ ਚੁੱਕੀ ਹੈ।
ਹਲਕਾ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਘਟਨਾ ਵਿਚ ਸ਼ਾਮਲ ਮੁਲਾਜ਼ਮਾਂ ਦਾ ਬਚਾਅ ਕਰਨ ‘ਤੇ ਉਤਰਿਆ ਹੋਇਆ ਹੈ। ਪਰਿਵਾਰ ਨੂੰ ਮੈਡੀਕਲ ਰਿਪੋਰਟ ਹੀ ਨਹੀਂ ਵਿਖਾਈ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪਰਿਵਾਰ ਨੂੰ ਮਾਮਲਾ ਅੱਗੇ ਨਾ ਵਧਾਉਣ ਲਈ ਪੁਲੀਸ ਵੱਲੋਂ ਕਥਿਤ ਤੌਰ ‘ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਏਐਸਆਈ ਨਰਿੰਦਰ ਸਿੰਘ ਖ਼ਿਲਾਫ਼ ਕੇਸ ਅਜੇ ਮੁਢਲੀ ਜਾਂਚ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ ਜਦਕਿ ਐਸਪੀ (ਸਿਟੀ) ਕੇਸਰ ਸਿੰਘ ਵੱਲੋਂ ਕੀਤੀ ਜਾ ਰਹੀ ਪੁਲੀਸ ਜਾਂਚ ਅਤੇ ਐਸਡੀਐਮ ਵੱਲੋਂ ਕੀਤੀ ਜਾ ਰਹੀ ਨਿਆਂਇਕ ਜਾਂਚ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਅਗਲੇਰੀ ਕਾਰਵਾਈ ਇਨ੍ਹਾਂ ਜਾਂਚ ਰਿਪੋਰਟਾਂ ‘ਤੇ ਆਧਾਰਿਤ ਹੋਵੇਗੀ।