ਸ੍ਰੀ ਅਕਾਲ ਤਖਤ ਵੱਲੋਂ ਆਸਟਰੇਲੀਆ ਦੇ ਗੁਰਦੁਆਰੇ ‘ਚ ਕੁਰਸੀਆਂ ਉਤੇ ਬੈਠ ਕੇ ਲੰਗਰ ਛਕਣ ਦੀ ਮਨਾਹੀ

ਸ੍ਰੀ ਅਕਾਲ ਤਖਤ ਵੱਲੋਂ ਆਸਟਰੇਲੀਆ ਦੇ ਗੁਰਦੁਆਰੇ ‘ਚ ਕੁਰਸੀਆਂ ਉਤੇ ਬੈਠ ਕੇ ਲੰਗਰ ਛਕਣ ਦੀ ਮਨਾਹੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿਡਨੀ (ਆਸਟਰੇਲੀਆ) ਦੇ ਗੁਰਦੁਆਰੇ ਆਸਟਰਲ ਦੇ ਪ੍ਰਬੰਧਕਾਂ ਨੂੰ ਤਾੜਨਾ ਕੀਤੀ ਹੈ ਕਿ ਲੰਗਰ ਦੀ ਮਰਿਆਦਾ ਕਾਇਮ ਰੱਖਦਿਆਂ ਸਿੱਖੀ ਪ੍ਰੰਪਰਾਵਾਂ ਅਨੁਸਾਰ ਲੰਗਰ ਪੰਗਤ ਵਿੱਚ ਹੀ ਛਕਾਇਆ ਜਾਵੇ।
ਇੱਥੇ ਇਕ ਬਿਆਨ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਦੁਆਰੇ ਦੇ ਪ੍ਰਧਾਨ ਨੇ ਨੋਟਿਸ ਬੋਰਡ ‘ਤੇ ਲਿਖ ਕੇ ਲਾਇਆ ਹੈ ਕਿ ਲੰਗਰ ਕੁਰਸੀਆਂ ਉਪਰ ਬੈਠ ਕੇ ਛਕਿਆ ਜਾਵੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਕ ਗੁਰਦੁਆਰੇ ਦਾ ਪ੍ਰਧਾਨ ਸਿੱਖਾਂ ਨੂੰ ਧਾਰਮਿਕ ਮਰਿਆਦਾ ਤੋਂ ਹਟਾ ਕੇ ਕੁਰਸੀਆਂ ‘ਤੇ ਬੈਠ ਕੇ ਲੰਗਰ ਛਕਣ ਦੀ ਹਦਾਇਤ ਕਰ ਰਿਹਾ ਹੈ। ਉਨ੍ਹਾਂ ਪ੍ਰਧਾਨ ਨੂੰ ਕਿਹਾ ਕਿ ਲੰਗਰ ਦੀ ਮਰਿਆਦਾ ਪੁਰਾਤਨ ਰਵਾਇਤਾਂ ਅਨੁਸਾਰ ਹੀ ਰੱਖੀ ਜਾਵੇ ਤੇ ਜੇਕਰ ਪ੍ਰਧਾਨ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਗੁਰਦੁਆਰਾ ਕਮੇਟੀ ਖ਼ਿਲਾਫ਼ ਧਾਰਮਿਕ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਡਨੀ ਤੋਂ ਸੰਗਤ ਵੱਲੋਂ ਵਾਰ-ਵਾਰ ਟੈਲੀਫੋਨ ਅਤੇ ਈ-ਮੇਲਜ਼ ਪਹੁੰਚ ਰਹੀਆਂ ਹਨ ਕਿ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਿੱਖ ਸੰਗਤ ਨੂੰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਤੋਂ ਰੋਕਦਾ ਹੈ। ਉਨ੍ਹਾਂ ਤਾੜਨਾ ਕੀਤੀ ਕਿ ਗੁਰਦੁਆਰੇ ਵਿੱਚ ਮਰਿਆਦਾ ਅਨੁਸਾਰ ਹੀ ਲੰਗਰ ਛਕਾਇਆ ਜਾਵੇ।