ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਭਰੋਸੇ ਬਾਅਦ ਭੁੱਖ ਹੜਤਾਲ ਖਤਮ

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਭਰੋਸੇ ਬਾਅਦ ਭੁੱਖ ਹੜਤਾਲ ਖਤਮ

ਬੀਬੀ ਕਮਲਦੀਪ ਕੌਰ ਕੇਂਦਰੀ ਜੇਲ੍ਹ ਪਟਿਆਲਾ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੂਸ ਪਿਲਾਅ ਕੇ ਭੁੱਖ ਹੜਤਾਲ਼ ਖੁੱਲ੍ਹਵਾਉਂਦੇ ਹੋਏ।

ਪਟਿਆਲਾ/ਬਿਊਰੋ ਨਿਊਜ਼ :

ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ਼ ਪੰਜਵੇਂ ਦਿਨ ਸਮਾਪਤ ਹੋ ਗਈ। ਉਨ੍ਹਾਂ ਨੇ ਇਹ ਭੁੱਖ ਹੜਤਾਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਕੇਸ ਦੀ ਫਾਈਲ ਜਲਦੀ ਰਾਸ਼ਟਰਪਤੀ ਕੋਲ਼ ਭੇਜਣ ਦੇ ਦਿੱਤੇ ਭਰੋਸੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ਼ ਵੱਲੋਂ ਲਿਖਤੀ ਜਾਣਕਾਰੀ ਦੇਣ ਉਪਰੰਤ ਆਪਣੀ ਭੈਣ ਬੀਬੀ ਕਮਲਦੀਪ ਕੌਰ ਦੇ ਹੱਥੋਂ ਜੂਸ ਪੀ ਕੇ ਸਮਾਪਤ ਕੀਤੀ। ਸ੍ਰੀ ਲੌਂਗੋਵਾਲ਼ ਨੇ ਕੋਈ ਕਾਰਵਾਈ ਨਾ ਹੋਣ ‘ਤੇ ਡੇਢ ਮਹੀਨੇ ਬਾਅਦ ਗ੍ਰਹਿ  ਮੰਤਰੀ ਨਾਲ਼ ਮੁੜ ਮੁਲਾਕਾਤ ਕਰਨ ਦਾ ਵਾਅਦਾ ਵੀ ਕੀਤਾ।
ਭੁੱਖ ਹੜਤਾਲ਼ ਖਤਮ ਕਰਨ ਦੀ ਇਹ ਸਹਿਮਤੀ ਇਥੇ ਗੋਬਿੰਦ ਸਿੰਘ ਲੌਂਗੋਵਾਲ਼ ਦੀ ਅਗਵਾਈ ਹੇਠ ਕੇਂਦਰੀ ਜੇਲ੍ਹ ਪੁੱਜੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਛੜੂ ਤੇ ਜਰਨੈਲ ਸਿੰਘ ਕਰਤਾਰਪੁਰ ‘ਤੇ ਆਧਾਰਿਤ ਵਫ਼ਦ ਵੱਲੋਂ ਰਾਜੋਆਣਾ ਨਾਲ ਦੋ ਘੰਟੇ ਕੀਤੀ ਗੱਲਬਾਤ ਦੌਰਾਨ ਬਣੀ। ਇਸ ਮੌਕੇ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਸਮੇਤ ਐਸਐਸਪੀ ਮਨਦੀਪ ਸਿੰਘ ਸਿੱਧੂ ਤੇ ਐਸਪੀ ਕੇਸਰ ਸਿੰਘ ਧਾਲੀਵਾਲ਼ ਵੀ ਹਾਜ਼ਰ ਸਨ। ਉਂਜ ਰਸਮੀ ਤੌਰ ‘ਤੇ ਭੁੱਖ ਹੜਤਾਲ਼ ਉਨ੍ਹਾਂ ਨੇ ਸ਼ਾਮੀ ਚਾਰ ਵਜੇ ਆਪਣੀ ਭੈਣ ਬੀਬੀ ਕਮਲਜੀਤ ਕੌਰ ਦੇ ਹੱਥੋਂ ਜੂਸ ਪੀ ਕੇ ਹੀ ਸਮਾਪਤ ਕੀਤੀ।