ਗੰਨਮੈਨ ਬਾਦਲਾਂ ਦੇ, ਰਿਹਾਇਸ਼ ਤੇ ਲੰਗਰ-ਪਾਣੀ ਗੁਰਦੁਆਰਾ ਸਾਹਿਬ ਦਾ

ਗੰਨਮੈਨ ਬਾਦਲਾਂ ਦੇ, ਰਿਹਾਇਸ਼ ਤੇ ਲੰਗਰ-ਪਾਣੀ ਗੁਰਦੁਆਰਾ ਸਾਹਿਬ ਦਾ

ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਯਾਤਰੀ ਨਿਵਾਸ ਦੇ ਕਮਰੇ ‘ਚੋਂ ਮਿਲੇ ਸਰਕਾਰੀ ਪੱਤਰ ਵਾਲਾ ਲਿਫ਼ਾਫ਼ਾ ਦਿਖਾਉਂਦੇ ਹੋਏ।

ਮੁਹਾਲੀ/ਬਿਊਰੋ ਨਿਊਜ਼ :

ਬਾਦਲਾਂ ਦੇ ਗੰਨਮੈਨਾਂ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਯਾਤਰੀ ਨਿਵਾਸ ਦੇ ਕਈ ਕਮਰੇ ਮੱਲਣ ਦੇ ਮਾਮਲੇ ਵਿੱਚ ਪ੍ਰਕਾਸ਼ਿਤ ਰਿਪੋਰਟ ਤੋਂ ਬਾਅਦ ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਜਪੁਰਾ ਤੇ ਹੋਰ ਆਗੂਆਂ ਨੇ ਗੁਰਦੁਆਰੇ ਪੁੱਜ ਕੇ ਯਾਤਰੀ ਨਿਵਾਸ ਦਾ ਜਾਇਜ਼ਾ ਲਿਆ। ਆਗੂਆਂ ਨੇ ਕਿਹਾ ਕਿ ਪਹਿਲਾਂ ਤਾਂ ਮੈਨੇਜਰ ਕਾਫੀ ਦੇਰ ਤੱਕ ਟਾਲਾ ਵੱਟਦਾ ਰਿਹਾ।
ਫਿਰ ਸੰਸਥਾ ਦਾ ਪ੍ਰਧਾਨ ਜਸਵਿੰਦਰ ਸਿੰਘ ਖ਼ੁਦ ਗੁਰਦੁਆਰੇ ਪੁੱਜਿਆ ਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਨੇ ਮੀਡੀਆ ਦੀ ਮੌਜੂਦਗੀ ਵਿੱਚ ਗੁਰਦੁਆਰੇ ਦੇ ਸੇਵਾਦਾਰ ਨੂੰ ਨਾਲ ਲੈ ਕੇ ਯਾਤਰੀ ਨਿਵਾਸ ਦੇ ਕਮਰਿਆਂ ਦੀ ਚੈਕਿੰਗ ਕੀਤੀ। ਕਈ ਕਮਰਿਆਂ ਨੂੰ ਜਿੰਦਰੇ ਲੱਗੇ ਹੋਏ ਮਿਲੇ। ਇਸ ਦੌਰਾਨ ਇੱਕ ਕਮਰੇ ਦੀ ਚੈਕਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਸੁਰੱਖਿਆ ਅਫ਼ਸਰ ਦੇ ਨਾਂ ਜਾਰੀ ਹੋਇਆ ਸਰਕਾਰੀ ਪੱਤਰ ਵੀ ਮਿਲਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਿਪਾਹੀ ਸ਼ਿਵਰੂਪ ਸਿੰਘ ਨੂੰ ਮੁੱਖ ਸਿਪਾਹੀ ਨਿਸ਼ਾਨ ਸਿੰਘ ਦੀ ਥਾਂ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜੈਮਰ ਕਾਰ ‘ਤੇ ਤਾਇਨਾਤ ਕੀਤਾ ਗਿਆ ਹੈ।
ਇਸ ਪੱਤਰ ਦਾ ਉਤਾਰਾ ਏਡੀਜੀਪੀ ਐਸਓਜੀ\/ਕਮਾਂਡੋਜ਼ ਅਤੇ 13ਵੀਂ ਬਟਾਲੀਅਨ ਪੀਏਪੀ ਚੰਡੀਗੜ੍ਹ ਨੂੰ ਵੀ ਭੇਜਿਆ ਗਿਆ ਹੈ। ਇਸ ਲਿਫ਼ਾਫ਼ੇ ਵਿੱਚ ਇੱਕ ਹੋਰ ਪੱਤਰ ਵੀ ਮਿਲਿਆ ਹੈ, ਜਿਸ ਵਿੱਚ ਇੱਕ ਅਧਿਕਾਰੀ ਨੂੰ ਸਰਵਿਸ ਰਿਕਾਰਡ ਦਰੁਸਤ ਕਰਕੇ ਭੇਜਣ ਦੀ ਹਦਾਇਤ ਕੀਤੀ ਗਈ ਹੈ।
ਯੂਨਾਈਟਿਡ ਸਿੱਖ ਪਾਰਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ  ਗੁਰਦੁਆਰੇ ਦੇ ਮੈਨੇਜਰ ਨੂੰ ਇੱਕ ਹੱਥ ਲਿਖਤ ਪੱਤਰ ਸੌਂਪਦਿਆਂ ਕਿਹਾ ਕਿ ਗੰਨਮੈਨਾਂ ਨੂੰ ਛੇਤੀ ਇੱਥੋਂ ਉਠਾਇਆ ਜਾਵੇ ਤੇ ਕਮਰਿਆਂ ਨੂੰ ਸੰਗਤ ਦੀ ਰਿਹਾਇਸ਼ ਲਈ ਖੋਲ੍ਹਿਆ ਜਾਵੇ। ਉਨ੍ਹਾਂ ਅਜਿਹਾ ਨਾ ਹੋਣ ‘ਤੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ।
ਉਧਰ, ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ ਨੇ ਸੰਸਥਾ ਦੇ ਮੈਂਬਰਾਂ ਨੂੰ ਦੱਸਿਆ ਕਿ ਗੰਨਮੈਨ ਕਦੇ-ਕਦਾਈਂ ਹੀ ਆਉਂਦੇ ਹਨ ਤੇ ਕਿਸੇ ਨੂੰ ਪੱਕੇ ਤੌਰ ‘ਤੇ ਕੋਈ ਕਮਰਾ ਨਹੀਂ ਦਿੱਤਾ ਗਿਆ ਹੈ।