ਗਾਇਕ ਦਿਲਜੀਤ ਦਾ ਬਣੇਗਾ ਮੋਮ ਦਾ ਬੁੱਤ

ਗਾਇਕ ਦਿਲਜੀਤ ਦਾ ਬਣੇਗਾ ਮੋਮ ਦਾ ਬੁੱਤ

ਨਵੀਂ ਦਿੱਲੀ/ਬਿਊਰੋ ਨਿਊਜ਼ :

ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਪੂਰੀ ਦੁਨੀਆ ‘ਚ ਛਾਏ ਦਿਲਜੀਤ ਦੁਸਾਂਝ ਦਾ ਮੋਮ ਦਾ ਬੁੱਤ ਜਲਦ ਹੀ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲਗਾਇਆ ਜਾਵੇਗਾ। ਮੈਡਮ ਤੁਸਾਦ ਮਿਊਜੀਅਮ ਦਿੱਲੀ ਵਲੋਂ ਟਵਿੱਟਰ ‘ਤੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਮੈਡਮ ਤੁਸਾਦ ਮਿਊਜ਼ੀਅਮ ਦਿੱਲੀ ਵਲੋਂ ਕੀਤੇ ਟਵੀਟ ‘ਚ ਲਿਖਿਆ ਹੈ ਕਿ ਜਲਦ ਹੀ ‘ਪੰਜਾਬ ਦਾ ਪੁੱਤਰ’ ਮੈਡਮ ਤੁਸਾਦ ਦਿੱਲੀ ‘ਚ ਸ਼ਾਨ ਵਧਾਏਗਾ। ਇਸ ਟਵੀਟ ਦੇ ਨਾਲ ਹੀ ਦਿਲਜੀਤ ਦੀ ਦਸਤਾਰ ਤੇ ਚਸ਼ਮੇ ਵਾਲੀ ਫੋਟੋ ਸ਼ੇਅਰ ਕਰਦਿਆ ਲਿਖਿਆ ਹੈ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿਹੜਾ ਕਲਾਕਾਰ ਹੈ ਜਿਸ ਦਾ ਐਤਵਾਰ ਨੂੰ ਮੈਡਮ ਤੁਸਾਦ ਦੀ ਟੀਮ ਵਲੋਂ ਮਾਪ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ‘ਚ ਜਨਮੇ ਦਿਲਜੀਤ ਦੁਸਾਂਝ ਨੇ ਪੰਜਾਬੀ ਗਾਇਕੀ ਅਤੇ ਪੰਜਾਬੀ ਫ਼ਿਲਮਾਂ ‘ਚ ਆਪਣੀ ਧਾਂਕ ਜਮਾਉਣ ਤੋਂ ਬਾਅਦ 2016 ਵਿਚ ‘ਉੜਤਾ ਪੰਜਾਬ’ ਰਾਹੀਂ ਬਾਲੀਵੁੱਡ ‘ਚ ਸ਼ਾਨਦਾਰ ਐਂਟਰੀ ਕੀਤੀ ਸੀ ਅਤੇ ਇਸ ਫ਼ਿਲਮ ਨੂੰ ਸਰਬੋਤਮ ਅਦਾਕਾਰ ਦੇ ਫਿਲਮ ਫੇਅਰ ਐਵਾਰਡ ਸਣੇ ਕਈ ਪੁਰਸਕਾਰ ਮਿਲੇ ਸਨ। ਦਿਲਜੀਤ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਸੂਰਮਾ’ ਵੀ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਇਸ ਤੋਂ ਇਲਾਵਾ ਫ਼ਿਲਮ ‘ਸੂਰਮਾ’ ਨੂੰ ਲੈ ਕੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਸ਼ਾਨਦਾਰ ਪ੍ਰਤੀਕਿਰਿਆ ਦਿੱਤੀ ਹੈ। ਦਿਲਜੀਤ ਦੁਸਾਂਝ ਨੇ ਗਾਇਕੀ ਦੇ ਨਾਲ-ਨਾਲ 2011 ਵਿਚ ‘ਦ ਲਾਇਨ ਆਫ਼ ਪੰਜਾਬ’ ਰਾਹੀ ਪੰਜਾਬੀ ਫ਼ਿਲਮਾਂ ਦਾ ਸਫ਼ਰ ਸ਼ੁਰੂ ਕਰਕੇ ‘ਜੱਟ ਐਂਡ ਜੂਲੀਅਟ’, ਡਿਸਕੋ ਸਿੰਘ, ਜੱਟ ਐਂਡ ਜੂਲੀਅਟ 2, ਪੰਜਾਬ 1984, ਸਰਦਾਰ ਜੀ, ਅੰਬਰਸਰੀਆ, ਸੱਜਣ ਸਿੰਘ ਰੰਗਰੂਟ, ਫਿਲੌਰੀ, ਵੈਲਕਮ ਟੂ ਨਿਊਯਾਰਕ ਅਤੇ ਸੂਰਮਾ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ।