ਸ਼ਸ਼ੀ ਥਰੂਰ ਦੇ ‘ਹਿੰਦੂ ਪਾਕਿਸਤਾਨ’ ਵਾਲੇ ਬਿਆਨ ਤੋਂ ਭਾਜਪਾ ਤਿਲਮਿਲਾਈ

ਸ਼ਸ਼ੀ ਥਰੂਰ ਦੇ ‘ਹਿੰਦੂ ਪਾਕਿਸਤਾਨ’ ਵਾਲੇ ਬਿਆਨ ਤੋਂ ਭਾਜਪਾ ਤਿਲਮਿਲਾਈ

ਤਿਰੂਵਨੰਤਪੁਰਮ/ਬਿਊਰੋ ਨਿਊਜ਼ :

ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਆਖਿਆ ਕਿ ਜੇ ਭਾਜਪਾ ਦੁਬਾਰਾ ਸੱਤਾ ਵਿਚ ਆ ਗਈ ਤਾਂ ਸੰਵਿਧਾਨ ਦਾ ਭੋਗ ਪਾ ਦਿੱਤਾ ਜਾਵੇਗਾ ਅਤੇ ”ਹਿੰਦੂ ਪਾਕਿਸਤਾਨ” ਦੀ ਕਾਇਮੀ ਦਾ ਰਾਹ ਸਾਫ਼ ਹੋ ਜਾਵੇਗਾ। ਕਾਂਗਰਸ ਨੇ ਸ੍ਰੀ ਥਰੂਰ ਦੇ ਇਸ ਬਿਆਨ ਤੋਂ ਆਪਣਾ ਪੱਲਾ ਝਾੜ ਲਿਆ ਹੈ ਜਦਕਿ ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ।
ਸ੍ਰੀ ਥਰੂਰ ਨੇ ਤਿਰੂਵਨੰਤਪੁਰਮ ਵਿਚ ਇਕ ਸਮਾਗਮ ਦੌਰਾਨ ਆਖਿਆ ਸੀ, ਕਿ ” ਜੇ ਉਹ ਲੋਕ ਸਭਾ ਵਿਚ ਆਪਣੀ ਮੌਜੂਦਾ ਸੰਖਿਆ ਨੂੰ ਦੁਹਰਾਉਣ ਵਿਚ ਕਾਮਯਾਬ ਹੋ ਗਏ ਤਾਂ ਸਾਫ਼ ਗੱਲ ਹੈ ਕਿ ਸਾਡਾ ਆਪਣਾ ਜਮਹੂਰੀ ਸੰਵਿਧਾਨ ਨਹੀਂ ਬਚੇਗਾ… ਕਿਉਂਕਿ ਉਨ੍ਹਾਂ ਕੋਲ ਭਾਰਤ ਦੇ ਸੰਵਿਧਾਨ ਨੂੰ ਲੀਰੋ ਲੀਰ ਕਰਨ ਤੇ ਆਪਣਾ ਨਵਾਂ ਸੰਵਿਧਾਨ ਲਿਖਣ ਲਈ ਦਰਕਾਰ ਤਿੰਨੋ ਹਥਿਆਰ ਮਿਲ ਜਾਣਗੇ। ਇਸ ਵਿਚ ਹਿੰਦੂ ਰਾਸ਼ਟਰ ਦਾ ਸੰਕਲਪ ਸਿਰਜਿਆ ਜਾਵੇਗਾ ਜਿਸ ਨਾਲ ਘੱਟਗਿਣਤੀਆਂ ਦੇ ਬਰਾਬਰੀ ਦੇ ਹੱਕ ਹਟਾ ਦਿੱਤੇ ਜਾਣਗੇ ਤੇ ਇਸ ਤਰ੍ਹਾਂ ਇਕ ਹਿੰਦੂ ਪਾਕਿਸਤਾਨ ਪੈਦਾ ਹੋ ਜਾਵੇਗਾ… ਤੇ ਇਹ ਸਭ ਕੁਝ ਉਹ ਹੈ ਜੋ ਮਹਾਤਮਾ ਗਾਂਧੀ, ਨਹਿਰੂ, ਸਰਦਾਰ ਪਟੇਲ, ਮੌਲਾਨਾ ਆਜ਼ਾਦ ਤੇ ਆਜ਼ਾਦੀ ਸੰਗਰਾਮ ਦੇ ਮਹਾਨਾਇਕਾਂ ਨੇ ਕਦੇ ਵੀ ਨਹੀਂ ਚਿਤਵਿਆ ਸੀ।”
ਸ੍ਰੀ ਥਰੂਰ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਕਰਦਿਆਂ ਭਾਜਪਾ ਦੇ ਤਰਜਮਾਨ ਸੰਬਿਤ ਪਾਤਰਾ ਨੇ ਕਿਹਾ ਕਿ ਇਹ ਭਾਰਤੀ ਲੋਕਤੰਤਰ ਅਤੇ ਹਿੰਦੂਆਂ ‘ਤੇ ਹਮਲਾ ਹੈ। ਉਨ੍ਹਾਂ ਕਿਹਾ, ”ਸ੍ਰੀ ਥਰੂਰ ਨੇ ਇਕ ਵਾਰ ਫਿਰ ਭਾਰਤੀ ਲੋਕਤੰਤਰ ਦਾ ਅਪਮਾਨ ਕੀਤਾ ਹੈ। ਕਾਂਗਰਸ ਨਰਿੰਦਰ ਮੋਦੀ ਤੇ ਭਾਜਪਾ ਪ੍ਰਤੀ ਨਫ਼ਰਤ ਵਿਚ ਲਛਮਣ ਰੇਖਾ ਉਲੰਘ ਜਾਂਦੀ ਹੈ। ਇਹ ਸ਼ਰਮਨਾਕ ਕਾਰਵਾਈ ਹੈ ਤੇ ਹਿੰਦੂ ਧਰਮ ਦਾ ਅਪਮਾਨ ਹੈ। ਰਾਹੁਲ ਗਾਂਧੀ ਨੂੰ  ਅੱਗੇ ਆ ਕੇ ਨਾ ਕੇਵਲ ਮੁਆਫ਼ੀ ਮੰਗਣੀ ਚਾਹੀਦੀ ਹੈ ਸਗੋਂ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਹਰੇਕ ਨੇਤਾ ਜਦੋਂ ਵੀ ਬੋਲਦਾ ਹੈ ਤਾਂ ਇੰਜ ਹੀ ਕਿਉਂ ਬੋਲਦਾ ਹੈ।”
ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਦੀ ਨਫ਼ਰਤ ਨੂੰ ਰੱਦ ਕਰਨ ਲਈ ਸਾਰੇ ਕਾਂਗਰਸ ਆਗੂਆਂ ਨੂੰ ਸ਼ਬਦਾਂ ਦੀ ਚੋਣ ਕਰਨ ਲੱਗਿਆਂ ਇਹਤਿਆਤ ਤੋਂ ਕੰਮ ਲੈਣ ਦੀ ਲੋੜ ਹੈ।
ਇਸ ਦੌਰਾਨ ਸ੍ਰੀ ਥਰੂਰ ਨੇ ਆਪਣੇ ਇਕ ਪੋਸਟ ਵਿਚ ਆਖਿਆ ਕਿ ਉਸ ਵਰਗੇ ਅਣਗਿਣਤ ਹਿੰਦੂ ਸੰਵਿਧਾਨ ਦੀ ਸਾਂਝੀਵਾਲਤਾ ਦੇ ਮੁਦਈ ਹਨ ਤੇ ਉਨ੍ਹਾਂ ਦੀ ਪਾਕਿਸਤਾਨੀ ਅਵਾਮ ਵਾਂਗ ਘੁਟ ਘੁਟ ਕੇ ਜੀਣ ਦੀ ਕੋਈ ਇੱਛਾ ਨਹੀਂ ਹੈ। ਅਸੀਂ ਆਪਣੇ ਪਿਆਰੇ ਦੇਸ਼ ਨੂੰ ਪਾਕਿਸਤਾਨ ਦੀ ਹਿੰਦੂ ਨਕਲ ਨਹੀਂ ਬਣਨ ਦਿਆਂਗੇ।