ਨਸ਼ਾ ਤਸਕਰ ਦੀ ਮਦਦ ਕਰਨ ਦੇ ਦੋਸ਼ ‘ਚ ਇੰਸਪੈਕਟਰ ਜਬਰੀ ਸੇਵਾਮੁਕਤ

ਨਸ਼ਾ ਤਸਕਰ ਦੀ ਮਦਦ ਕਰਨ ਦੇ ਦੋਸ਼ ‘ਚ ਇੰਸਪੈਕਟਰ ਜਬਰੀ ਸੇਵਾਮੁਕਤ

ਇੰਸਪੈਕਟਰ ਰਾਜਿੰਦਰ ਕੁਮਾਰ, ਹੈੱਡ ਕਾਂਸਟੇਬਲ ਜਤਿੰਦਰ ਸਿੰਘ

ਗੁਰਦਾਸਪੁਰ/ਬਿਊਰੋ ਨਿਊਜ਼ :
ਨਸ਼ਾ ਤਸਕਰ ਦੀ ਸਹਾਇਤਾ ਕਰਨ ਦੇ ਦੋਸ਼ ਵਿਚ ਥਾਣਾ ਸਦਰ ਗੁਰਦਾਸਪੁਰ ਵਿਚ ਤਾਇਨਾਤ ਰਹੇ ਐੱਸਐੱਚਓ ਇੰਸਪੈਕਟਰ ਰਾਜਿੰਦਰ ਕੁਮਾਰ ਨੂੰ ਜਬਰੀ ਸੇਵਾਮੁਕਤ ਕਰ ਦਿਤਾ ਗਿਆ ਹੈ ਜਦੋਂਕਿ ਉਸਦੇ ਸੁਰੱਖਿਆ ਗਾਰਡ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਇਸ ਮਾਮਲੇ ਵਿੱਚ ਪ੍ਰੈੱਸ ਕਾਨਫਰੰਸ ਸੱਦ ਕੇ ਜਾਣਕਾਰੀ ਦਿੱਤੀ ਕਿ ਇੰਸਪੈਕਟਰ ਰਾਜਿੰਦਰ ਕੁਮਾਰ ਅਤੇ ਹੈੱਡ-ਕਾਂਸਟੇਬਲ ਜਤਿੰਦਰ ਸਿੰਘ ਆਦਿੱਤਿਆ ਮਹਾਜਨ ਉਰਫ਼ ਜੀਤਾ ਨਾਂ ਦੇ ਤਸਕਰ ਦੀ ਸਹਾਇਤਾ ਕਰਦੇ ਹਨ, ਜਿਸ ਕਾਰਨ ਇੰਸਪੈਕਟਰ ਨੂੰ ਲਾਈਨ ਹਾਜ਼ਰ ਕਰਕੇ ਐੱਸਪੀ ਹਰਵਿੰਦਰ ਸਿੰਘ ਅਤੇ ਡੀਐੱਸਪੀ ਗੁਰਬੰਸ ਸਿੰਘ ਬੈਂਸ ਅਤੇ ਡੀਐੱਸਪੀ ਮਨਜੀਤ ਸਿੰਘ ਉੱਤੇ ਆਧਾਰਤ ਟੀਮ ਦਾ ਗਠਨ ਕਰਕੇ ਜਾਂਚ ਸੌਂਪ ਦਿੱਤੀ ਗਈ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਧਾਰੀਵਾਲ ਪੁਲੀਸ ਨੇ ਨਸ਼ੇ ਦੇ ਕੇਸ ਵਿੱਚ ਧਾਰੀਵਾਲ ਵਾਸੀ ਅਦਿੱਤਿਆ ਮਹਾਜਨ ਉਰਫ਼ ਜੀਤਾ ਨੂੰ ਫੜਿਆ ਸੀ, ਉਸਨੂੰ ਪੁਲੀਸ ਮੁਲਾਜ਼ਮ ਚੰਗੀ ਤਰ੍ਹਾਂ ਜਾਣਦੇ ਸਨ।  ਜੀਤੇ ਦੇ ਨਸ਼ਾ ਵੇਚਣ ਬਾਰੇ ਪਤਾ ਹੋਣ ਦੇ ਬਾਵਜੂਦ ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਅਦਿੱਤਿਆ ਮਹਾਜਨ ਉਰਫ਼ ਜੀਤਾ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆ ਕੇ ਬਰੀਕੀ ਨਾਲ ਪੁੱਛਗਿੱਛ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਕਾਰਵਾਈ ਲਈ ਆਈਜੀ ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਭੇਜੀ ਗਈ ਸੀ, ਜਿਸ ‘ਤੇ ਆਈਜੀ ਬਾਰਡਰ ਰੇਂਜ ਵੱਲੋਂ ਇੰਸਪੈਕਟਰ ਰਾਜਿੰਦਰ ਕੁਮਾਰ ਨੂੰ ਜਬਰੀ ਸੇਵਾਮੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੈੱਡ ਕਾਂਸਟੇਬਲ ਜਤਿੰਦਰ ਸਿੰÎਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇੰਸਪੈਕਟਰ ਰਾਜਿੰਦਰ ਕੁਮਾਰ ਦੀ ਕੁੱਝ ਮਹੀਨੇ ਹੀ ਹੋਰ ਨੌਕਰੀ ਰਹਿ ਗਈ ਸੀ।
ਗੌਰਤਲਬ ਹੈ ਕਿ ਹੈਰੀ ਮਜੀਠਾ ਨਾਂ ਦੇ ਗੈਂਗਸਟਰ ਨੇ ਬੀਤੇ ਦਿਨੀਂ ਫੇਸਬੁੱਕ ਉੱਤੇ ਇੱਕ ਪੋਸਟ ਪਾ ਕੇ ਦੋਵਾਂ ਪੁਲੀਸ ਮੁਲਾਜ਼ਮਾਂ ਖਿਲਾਫ਼ ਨਸ਼ਾ ਤਸਕਰੀ ਦੇ ਗੰਭੀਰ ਦੋਸ਼ ਲਗਾਏ ਸਨ। ਉਸਨੇ ਆਪਣੀ ਪੋਸਟ ਉੱਤੇ ਲਿਖਿਆ ਸੀ ਕਿ ਐੱਸਐੱਚਓ ਰਾਜਿੰਦਰ ਕੁਮਾਰ ਅਤੇ ਗੰਨਮੈਨ ਜਤਿੰਦਰ ਸਿੰਘ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਇਹ ਨਸ਼ਾ ਧਾਰੀਵਾਲ ਵਾਸੀ ਨੌਜਵਾਨ ਜੀਤਾ ਵੇਚਦਾ ਹੈ। ਐੱਸਐੱਸਪੀ  ਹਰਚਰਨ ਸਿੰਘ ਭੁੱਲਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ।