ਪੰਜਾਬ ਪੁਲੀਸ ਦੇ ਬਹੁਤੇ ਅਧਿਕਾਰੀ ਸੂਬੇ ‘ਚ ਵਿਦਿਆਰਥੀ ਚੋਣਾਂ ਕਰਵਾਉਣ ਦੇ ਖਿਲਾਫ

ਪੰਜਾਬ ਪੁਲੀਸ ਦੇ ਬਹੁਤੇ ਅਧਿਕਾਰੀ ਸੂਬੇ ‘ਚ ਵਿਦਿਆਰਥੀ ਚੋਣਾਂ ਕਰਵਾਉਣ ਦੇ ਖਿਲਾਫ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਵਿਦਿਆਰਥੀ ਚੋਣਾਂ ਦੇ ਮੁੱਦੇ ‘ਤੇ ਪੁਲੀਸ ਅਫ਼ਸਰਾਂ ਦਾ ਨਾਂਹ-ਪੱਖੀ ਰਵੱਈਆ ਸਾਹਮਣੇ ਆਇਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਸੀਨੀਅਰ ਅਧਿਕਾਰੀਆਂ ਸਮੇਤ ਬਹੁ ਗਿਣਤੀ ਜ਼ਿਲ੍ਹਾ ਪੁਲੀਸ ਮੁਖ਼ੀਆਂ ਨੇ ਵੀ ਵਿਦਿਆਰਥੀ ਚੋਣਾਂ ਨਾ ਕਰਾਏ ਜਾਣ ਦੀ ਗੱਲ ਕਹੀ ਹੈ। ਇਹ ਮਾਮਲਾ ਸ਼ੁੱਕਰਵਾਰ ਨੂੰ ਡੀਜੀਪੀ ਸੁਰੇਸ਼ ਅਰੋੜਾ ਦਾ ਪ੍ਰਧਾਨਗੀ ਹੇਠ ਫਿਲੌਰ ਵਿਚ ਹੋਈ ਮੀਟਿੰਗ ਦੌਰਾਨ ਸਾਹਮਣੇ ਆਇਆ ਹੈ। ਡੀਜੀਪੀ ਨੇ ਪੁਲੀਸ ਅਧਿਕਾਰੀਆਂ ਤੋਂ ਵਿਦਿਆਰਥੀ ਚੋਣਾਂ ਸਬੰਧੀ ਰਾਇ ਮੰਗੀ ਤਾਂ ਜ਼ਿਆਦਾਤਰ ਪੁਲੀਸ ਅਧਿਕਾਰੀਆਂ ਨੇ ਚੋਣਾਂ ਦਾ ਵਿਰੋਧ ਕਰਦਿਆਂ ਇਸ ਅਮਲ ਨਾਲ ਅਪਰਾਧ ਵਧਣ ਦੀ ਗੱਲ ਕਹੀ। ਪਟਿਆਲਾ ਰੇਂਜ ਦੇ ਆਈਜੀ ਅਮਰਦੀਪ ਸਿੰਘ ਰਾਏ ਹੀ ਇਕਲੌਤੇ ਅਜਿਹੇ ਪੁਲੀਸ ਅਧਿਕਾਰੀ ਸਨ, ਜਿਨ੍ਹਾਂ ਨੇ ਵਿਦਿਆਰਥੀ ਚੋਣਾਂ ਕਰਾਏ ਜਾਣ ਦੀ ਵਕਾਲਤ ਕੀਤੀ। ਸ੍ਰੀ ਰਾਏ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਨੂੰ ਜਮਹੂਰੀਅਤ ਲਈ ਸ਼ੁਭ ਸੰਕੇਤ ਕਰਾਰ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਸੰਬੋਧਨ ਦੌਰਾਨ ਪੰਜਾਬ ਵਿੱਚ ਵਿਦਿਆਰਥੀ ਚੋਣਾਂ ਕਰਾਏ ਜਾਣ ਦਾ ਐਲਾਨ ਕੀਤਾ ਸੀ। ਕਾਂਗਰਸ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਵਿਦਿਆਰਥੀ ਚੋਣਾਂ ਦਾ ਵਾਅਦਾ ਵੀ ਕੀਤਾ ਸੀ। ਸੂਬੇ ਵਿੱਚ ਅੱਸੀਵਿਆਂ ਤੋਂ ਬਾਅਦ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਨਹੀਂ ਹੋਈਆਂ।
ਡੀਜੀਪੀ ਨੇ ਮੀਟਿੰਗ ਦਾ ਆਮ ਏਜੰਡਾ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀ ਚੋਣਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਕਰਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਜ਼ਿਲ੍ਹਾ ਪੁਲੀਸ ਮੁਖੀ ਇਨ੍ਹਾਂ ਚੋਣਾਂ ਸਬੰਧੀ ਆਪਣੀ ਸਲਾਹ ਦੇਣ। ਸੁਰੇਸ਼ ਅਰੋੜਾ ਵੱਲੋਂ ਕੀਤੀ ਇਸ ਸਵਾਲ ਤੋਂ ਬਾਅਦ ਬਹੁ ਗਿਣਤੀ ਐੱਸਐੱਸਪੀਜ਼ ਨੇ ਕਿਹਾ ਕਿ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਨਾਲ ਅਪਰਾਧ ਹੀ ਨਹੀਂ ਵਧੇਗਾ ਸਗੋਂ ਗੈਂਗਸਟਰ ਗਤੀਵਿਧੀਆਂ ਵਿੱਚ ਵੀ ਵਾਧਾ ਹੋ ਸਕਦਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਸ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀਆਂ ਵੱਲੋਂ ਵਿਦਿਆਰਥੀ ਚੋਣਾਂ ਦਾ ਅਮਲ ਮੁੜ ਤੋਂ ਸ਼ੁਰੂ ਹੋਣ ਨਾਲ ਅਪਰਾਧ ਵਧਣ ਦੀ ਗੱਲ ਤਾਂ ਕਹੀ ਗਈ ਪਰ ਕੋਈ ਠੋਸ ਦਲੀਲ ਨਹੀਂ ਦਿੱਤੀ ਗਈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਹੋਰਨਾਂ ਪੁਲੀਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਇਸ ‘ਫੀਡ ਬੈਕ’ ਨੂੰ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਸਰਕਾਰ ਨਾਲ ਸਾਂਝਾ ਕੀਤਾ ਜਾਵੇਗਾ ਤਾਂ ਜੋ ਚੋਣਾਂ ਤੋਂ ਪਹਿਲਾਂ ਸਾਰੇ ਪਹਿਲੂਆਂ ‘ਤੇ ਵਿਚਾਰ ਕੀਤਾ ਜਾ ਸਕੇ।
ਮੁੱਖ ਮੰਤਰੀ ਵੱਲੋਂ ਵਿਦਿਆਰਥੀ ਚੋਣਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਚੋਣਾਂ ਹੋਣ ਦੀ ਉਮੀਦ ਜਾਗੀ ਸੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਦੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਹਰ ਸਾਲ ਸਤੰਬਰ ਜਾਂ ਅਕਤੂਬਰ ਮਹੀਨੇ ਹੁੰਦੀਆਂ ਹਨ। ਪੰਜਾਬ ਵਿਚ ਵੀ ਇਨ੍ਹਾਂ ਮਹੀਨਿਆਂ ਦੌਰਾਨ ਹੀ ਚੋਣਾਂ ਹੋਣ ਦੀ ਉਮੀਦ ਸੀ।