ਚੀਫ ਖਾਲਸਾ ਦੀਵਾਨ ਉੱਤੇ ਮੁੜ ਚੱਢਾ ਧੜੇ ਦਾ ਕਬਜਾ

ਚੀਫ ਖਾਲਸਾ ਦੀਵਾਨ ਉੱਤੇ ਮੁੜ ਚੱਢਾ ਧੜੇ ਦਾ ਕਬਜਾ

ਡਾ. ਸੰਤੋਖ ਸਿੰਘ ਨੇ ਪ੍ਰਧਾਨਗੀ ਲਈ ਕਰੜੇ ਮੁਕਾਬਲੇ 
‘ਚ ਰਾਜ ਮਹਿੰਦਰ ਸਿੰਘ ਮਜੀਠੀਆ ਨੂੰ ਹਰਾਇਆ
ਜੇਤੂ ਨੁਮਾਇੰਦੇ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ
ਅੰਮ੍ਰਿਤਸਰ/ਨਰਿੰਦਰਪਾਲ ਸਿੰਘ:
ਚੀਫ ਖਾਲਸਾ ਪ੍ਰਧਾਨ ਤੇ ਦੋ ਹੋਰ ਅਹੁਦੇਦਾਰਾਂ ਦੀ ਇਥੇ ਹੋਈ ਚੋਣ ਵਿੱਚ ਸਾਬਕਾ ਦੀਵਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਧੜਾ ਹੀ ਮੁੜ ਕਾਬਜ ਹੋ ਗਿਆ ਹੈ। ਸਿੱਖਾਂ ਦੀ ਵੱਕਾਰੀ ਸੰਸਥਾ ਦੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਡਾ.ਸੰਤੋਖ ਸਿੰਘ ਨਵੇਂ ਪ੍ਰਧਾਨ ਚੁਣੇ ਗਏ ਹਨ ।  ਮੌਜੂਦਾ ਐਡੀਸ਼ਨਲ ਆਨਰੇਰੀ ਸਕੱਤਰ ਸ.ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ ਅਤੇ ਆਨਰੇਰੀ ਸਕੱਤਰ ਦੇ ਅਹੁਦੇ ਲਈ ਸ.ਸੁਰਿੰਦਰ ਸਿੰਘ ਰੁਮਾਲਿਆਂ ਵਾਲਿਆਂ ਨੂੰ ਚੁਣ ਲਿਆ ਗਿਆ ਹੈ।
ਪਿਛਲੇ ਸਮੇਂ ਵਿੱਚ ਤਿੱਖੇ ਵਾਦ-ਵਿਵਾਦ ਵਿੱਚ ਘਿਰੀ ਆ ਰਹੀ ਸਿੱਖ ਸੰਸਥਾ ਦੇ ਨਵੇਂ ਅਹੁਦੇਦਾਰ ਦੀ ਚੋਣ ਲਈ ਕਰੜੇ ਮੁਕਾਬਲੇ ਵਿੱਚ ਡਾ.ਸੰਤੋਖ ਸਿੰਘ ਨੇ ਆਪਣੇ ਨੇੜਲੇ ਵਿਰੋਧੀ ਰਾਜ ਮਹਿੰਦਰ ਸਿੰਘ ਮਜੀਠੀਆ ਨੂੰ 10 ਵੋਟਾਂ ਨਾਲ ਹਰਾਇਆ ਹੈ ਤੇ ਸ.ਸਰਬਜੀਤ ਸਿੰਘ, ਆਪਣੇ ਵਿਰੋਧੀ ਨਾਲੋਂ ਮਹਿਜ 3 ਵੋਟਾਂ ਦੇ ਵਾਧੇ ਨਾਲ ਜੇਤੂ ਕਰਾਰ ਹੋਏ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ 3 ਵੋਟਾਂ ਦੇ ਵਾਧੇ ਨਾਲ ਜੇਤੂ ਰਹੇ।
ਅਹੁਦਿਓਂ ਹਟਾਏ ਪਿਛਲੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀਆਂ ਅਨੈਤਿਕ ਹਰਕਤਾਂ ਦੀ ਵਾਇਰਲ ਹੋਈ ਵੀਡੀਓ ਉਪਰੰਤ ਦੀਵਾਨ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਆਨਰੇਰੀ ਸਕੱਤਰ ਦੇ ਅਹੁਦੇ ਲਈ ਵੋਟਾਂ ਪੈਣ ਦਾ ਕੰਮ ਐਤਵਾਰ ਨੂੰ ਬਾਅਦ ਦੁਪਿਹਰ ਜੀ.ਟੀ.ਰੋਡ ਸਥਿਤ ਦੀਵਾਨ ਦੇ ਮੁਖ ਦਫਤਰ ਵਿੱਖੇ 12.00 ਵਜੇ ਦੇ ਕਰੀਬ ਸ਼ੁਰੂ ਹੋਇਆ ਸੀ ਜੋ ਸ਼ਾਮੀਂ 5:00 ਵਜੇ ਤੀਕ ਜਾਰੀ ਰਿਹਾ। ਵੋਟਾਂ ਨੂੰ ਲੈਕੇ ਦੀਵਾਨ ਨੇ ਵਿਸ਼ੇਸ਼ ਤੌਰ ਤੇ ਮੀਡੀਆ ਪ੍ਰਤੀ ਸਖਤ ਰੁੱਖ ਅਪਣਾਇਆ ਅਤੇ ਸਬੰਧਤ ਜਗ੍ਹਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਗੇਟ ਦੇ ਅੰਦਰ ਦਾਖਲ ਹੋਣ ਤੇ ਹੀ ਰੋਕ ਲਗਾ ਦਿੱਤੀ। ਦੱਸਿਆ ਗਿਆ ਹੈ ਕਿ ਦੀਵਾਨ ਦੇ ਕੁਲ਼ 513 ਮੈਂਬਰਾਨ ਚੋਂ 364 ਮੈਂਬਰ ਹੀ ਵੋਟ ਪਾਣ ਲਈ ਪੁਜੇ ਸਨ।
ਡਾ. ਸੰਤੋਖ ਸਿੰਘ ਨੂੰ 152 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਰਾਜ ਮਹਿੰਦਰ ਸਿੰਘ ਮਜੀਠੀਆ ਨੂੰ 142 ਅਤੇ ਮੌਜੂਦਾ ਕਾਰਜਕਾਰੀ ਪਰਧਾਨ ਧਨਰਾਜ ਸਿੰਘ ਨੂੰ ਸਿਰਫ 65 ਵੋਟਾਂ ਪਈਆਂ। ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਚੋਣ ਲਈ ਬਲਦੇਵ ਸਿੰਘ ਚੌਹਾਨ ਨੂੰ 41, ਨਿਰਮਲ ਸਿੰਘ ਠੇਕੇਦਾਰ ਨੂੰ 157 ਅਤੇ ਜੇਤੂ ਰਹੇ ਸਰਬਜੀਤ ਸਿੰਘ ਨੂੰ 160 ਵੋਟਾਂ ਮਿਲੀਆਂ। ਆਨਰੇਰੀ ਸਕੱਤਰ ਲਈ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਨੂੰ 158, ਸੰਤੋਖ ਸਿੰਘ ਸੇਠੀ ਨੂੰ 155 ਅਤੇ ਗੁਰਿੰਦਰ ਸਿੰਘ ਚਾਵਲਾ ਨੂੰ 46 ਵੋਟਾਂ ।
ਪ੍ਰਧਾਨ ਚੁਣੇ ਜਾਣ ਮਗਰੋਂ ਡਾ. ਸੰਤੋਖ ਸਿੰਘ ਨੇ ਆਖਿਆ ਕਿ ਸਮੂਹ ਮੈਂਬਰ ਇਕਜੁੱਟਤਾ ਨਾਲ ਸਿੱਖ ਸੰਸਥਾ ਨੂੰ ਹੋਰ ਬੁਲੰਦੀ ‘ਤੇ ਲੈ ਕੇ ਜਾਣ ਲਈ ਕੰਮ ਕਰਨਗੇ। ਚੋਣਾਂ ਵਿੱਚ ਨਿੱਤਰੇ ਧਨਰਾਜ ਸਿੰਘ ਧੜੇ ਨੂੰ ਕਰਾਰੀ ਹਾਰ ਮਿਲੀ ਹੈ ਅਤੇ ਉਨ੍ਹਾਂ ਦਾ ਕੋਈ ਵੀ ਉਮੀਦਵਾਰ ਚੀਫ ਖਾਲਸਾ ਦੀਵਾਨ ਦਾ ਅਹੁਦੇਦਾਰ ਨਹੀਂ ਬਣ ਸਕਿਆ। ਰਾਜ ਮਹਿੰਦਰ ਸਿੰਘ ਮਜੀਠਾ ਧੜੇ ਦਾ ਉਮੀਦਵਾਰ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਆਨਰੇਰੀ ਸਕੱਤਰ ਦੇ ਅਹੁਦੇ ਵਾਸਤੇ ਚੁਣਿਆ ਗਿਆ ਹੈ।
ਚੀਫ ਖਾਲਸਾ ਦੀਵਾਨ ਦੇ 511 ਮੈਂਬਰਾਂ ਵਿੱਚੋਂ 363 ਨੇ ਇਥੇ ਵੋਟਾਂ ਪਾਈਆਂ।  ਕਰੀਬ 5-6 ਪਤਿਤ ਮੈਂਬਰਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ। ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ  ਹੋਣ ਤੋਂ ਪਹਿਲਾਂ ਇਥੇ ਚੀਫ ਖਾਲਸਾ ਦੀਵਾਨ ਦੇ ਗੁਰਦੁਆਰਾ ਹਾਲ ਵਿੱਚ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕੀਤੀ ਗਈ। ਅਰਦਾਸ ਮਗਰੋਂ ਵੋਟਾਂ ਪਾਉਣ ਦੀ ਪ੍ਰਕਿਰਿਆ ਅਰੰਭ ਹੋਈ, ਜੋ  ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮੀਂ 5.30 ਵਜੇ ਤਕ ਜਾਰੀ ਰਹੀ। ਵੋਟਾਂ ਦੀ ਗਿਣਤੀ ਮਗਰੋਂ ਗੁਰਦੁਆਰੇ ਦੇ ਹਾਲ ਵਿੱਚ ਰਿਟਰਨਿੰਗ ਅਧਿਕਾਰੀਆਂ ਡਾ. ਐਸ ਪੀ ਸਿੰਘ, ਇਕਬਾਲ ਸਿੰਘ ਲਾਲਪੁਰਾ ਅਤੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ਵੋਟਾਂ ਪਾਉਣ ਅਤੇ ਗਿਣਤੀ ਦੀ ਪ੍ਰਕਿਰਿਆ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਮੁਕੰਮਲ ਹੋਈ। ਉਨ੍ਹਾਂ ਵੱਲੋਂ ਹੀ ਜੇਤੂ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਪ੍ਰਧਾਨ ਨੇ ਕਿਹਾ ਕਿ ਦੀਵਾਨ ਵੱਲੋਂ ਵਿਦਿਆ ਦੇ ਘੇਰੇ ਦੇ ਹੋਰ ਪਸਾਰ ਲਈ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਇਕ ਮੀਟਿੰਗ ਸੱਦ ਕੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਦੇਣ ਅਤੇ ਮੁੜ ਦਾਖ਼ਲਾ ਫੀਸ ਨਾ ਲੈਣ ਸਬੰਧੀ ਫੈਸਲਿਆਂ ‘ਤੇ ਵਿਚਾਰ ਕੀਤਾ ਜਾਵੇਗਾ। ਪਤਿਤ ਮੈਂਬਰਾਂ ਸਬੰਧੀ ਵੀ ਵਿਦਵਾਨਾਂ ਨਾਲ ਵਿਚਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਮੁੜ ਕਿਸੇ ਔਰਤ ਨਾਲ ਛੇੜਖਾਨੀ ਦੀ ਘਟਨਾ ਨਾ ਵਾਪਰੇ, ਉਸ ਨੂੰ ਰੋਕਣ ਲਈ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ। ਚਰਨਜੀਤ ਸਿੰਘ ਚੱਢਾ ਨੂੰ ਮੁੜ ਮੈਂਬਰ ਵਜੋਂ ਸ਼ਾਮਲ ਕਰਨ ਸਬੰਧੀ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਸ ਮਾਮਲੇ ‘ਤੇ ਸੰਵਿਧਾਨ ਮੁਤਾਬਕ ਕਾਰਵਾਈ ਹੋਵੇਗੀ। ਰਿਟਰਨਿੰਗ ਅਧਿਕਾਰੀ ਡਾ. ਬਲਜਿੰਦਰ ਸਿੰਘ ਨੇ ਆਖਿਆ ਕਿ ਚੋਣ ਪ੍ਰਕਿਰਿਆ ਦਾ ਸਮੁੱਚਾ ਅਮਲ ਸ਼ਾਂਤੀ ਪੂਰਵਕ ਢੰਗ ਨਾਲ ਮੁਕੰਮਲ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਦਸੰਬਰ ਵਿੱਚ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਇਤਰਾਜ਼ਯੋਗ ਵੀਡਿਓ ਕਾਰਨ ਸਿੱਖ ਸੰਸਥਾ ਵਿੱਚ ਇਹ ਸੰਕਟ ਪੈਦਾ ਹੋਇਆ ਸੀ, ਜੋ ਇਸ ਚੋਣ ਨਾਲ ਸਮਾਪਤ ਹੋ ਗਿਆ ਹੈ।
ਮੀਡੀਆ ‘ਤੇ ਰੋਕ ਲਾਉਣ ਦੀ ਹੋਈ ਕੋਸ਼ਿਸ਼: ਦੀਵਾਨ ਦੇ ਤਿੰਨ ਅਹੁਦਿਆਂ ਵਾਸਤੇ ਪਈਆਂ ਵੋਟਾਂ ਦੌਰਾਨ ਇਕ ਰਿਟਰਨਿੰਗ ਅਧਿਕਾਰੀ ਦੇ ਆਦੇਸ਼ ‘ਤੇ ਮੀਡੀਆ ਨੂੰ ਦੂਰ ਰੱਖਣ ਦਾ ਯਤਨ ਕੀਤਾ ਗਿਆ। ਮੀਡੀਆ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਨਾਅਰੇਬਾਜ਼ੀ ਵੀ ਹੋਈ। ਸ਼ਾਮ ਸਮੇਂ ਮੀਡੀਆ ਨੂੰ ਕੈਂਪਸ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ।